ਖੇਤਾਂ ਵਿੱਚ ਬਾਇਓ ਡੀ-ਕੰਪੋਜ਼ਰ ਦਾ ਛਿੜਕਾਅ ਸ਼ੁਰੂ
ਪੱਤਰ ਪ੍ਰੇਰਕ
ਨਵੀਂ ਦਿੱਲੀ, 13 ਅਕਤੂਬਰ
ਦਿੱਲੀ ਦੇ ਖੇਤੀਬਾੜੀ ਵਿਭਾਗ ਨੇ ਅੱਜ ਪਿੰਡ ਤਿਗੀਪੁਰ ਦੇ ਖੇਤਾਂ ’ਚ ਪਰਾਲੀ ਨੂੰ ਗਲਾਉਣ ਲਈ ਬਾਇਓ ਡੀ-ਕੰਪੋਜ਼ਰ ਦਾ ਛਿੜਕਾਅ ਸ਼ੁਰੂ ਕਰ ਦਿੱਤਾ ਹੈ। ਪ੍ਰੋਗਰਾਮ ਦੇ ਮੁੱਖ ਮਹਿਮਾਨ ਵਿਕਾਸ ਮੰਤਰੀ ਗੋਪਾਲ ਰਾਏ ਨੇ ਬਾਇਓ ਡੀ-ਕੰਪੋਜ਼ਰ ਦੇ ਛਿੜਕਾਅ ਦੀ ਸ਼ੁਰੂਆਤ ਕਰਦਿਆਂ ਦੱਸਿਆ ਕਿ ਦਿੱਲੀ ਦੇ ਅੰਦਰਲੇ ਸਾਰੇ ਬਾਸਮਤੀ ਅਤੇ ਗੈਰ-ਬਾਸਮਤੀ ਝੋਨੇ ਦੇ ਖੇਤਾਂ ਵਿੱਚ ਸਰਕਾਰ ਵੱਲੋਂ ਮੁਫ਼ਤ ਬਾਇਓ ਡੀ-ਕੰਪੋਜ਼ਰ ਦਾ ਛਿੜਕਾਅ ਕੀਤਾ ਜਾਵੇਗਾ। ਇਸ ਲਈ ਹੁਣ ਤੱਕ 880 ਕਿਸਾਨ ਫਾਰਮ ਭਰ ਚੁੱਕੇ ਹਨ। ਇਸ ਸਾਲ ਦਿੱਲੀ ਸਰਕਾਰ 5 ਹਜ਼ਾਰ ਏਕੜ ਤੋਂ ਵੱਧ ਖੇਤਾਂ ਵਿੱਚ ਬਾਇਓ ਡੀ-ਕੰਪੋਜ਼ਰ ਦਾ ਮੁਫ਼ਤ ਛਿੜਕਾਅ ਕਰੇਗੀ। ਬਾਇਓ ਡੀ-ਕੰਪੋਜ਼ਰ ਦਾ ਛਿੜਕਾਅ ਕਰਨ ਲਈ 13 ਟੀਮਾਂ ਦਾ ਗਠਨ ਕੀਤਾ ਗਿਆ ਹੈ।
ਵਿਕਾਸ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ ਦਿੱਲੀ ਸਰਕਾਰ ਨੇ ਸਰਦੀਆਂ ਦੇ ਮੌਸਮ ਵਿੱਚ ਦਿੱਲੀ ’ਚ ਵਧਦੇ ਪ੍ਰਦੂਸ਼ਣ ਦੀ ਸਮੱਸਿਆ ਨੂੰ ਹੱਲ ਕਰਨ ਲਈ 15 ਸੂਤਰੀ ਸਰਦ ਰੁੱਤ ਕਾਰਜ ਯੋਜਨਾ ਤਿਆਰ ਕੀਤੀ ਹੈ। ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਰਕਾਰ ਨੇ ਪਰਾਲੀ ਨੂੰ ਗਲਾਉਣ ਲਈ ਖੇਤਾਂ ਵਿੱਚ ਬਾਇਓ ਡੀ-ਕੰਪੋਜ਼ਰ ਦਾ ਮੁਫ਼ਤ ਛਿੜਕਾਅ ਸ਼ੁਰੂ ਕੀਤਾ ਹੈ। ਇਸ ਨਾਲ ਪਰਾਲੀ ਗਲ ਜਾਵੇਗੀ ਅਤੇ ਖੇਤ ਦੀ ਉਪਜਾਊ ਸ਼ਕਤੀ ਵੀ ਵਧੇਗੀ। ਕਿਸਾਨਾਂ ਨੂੰ ਇੱਕ ਹੋਰ ਦਰਪੇਸ਼ ਸਮੱਸਿਆ ਇਹ ਹੈ ਕਿ ਝੋਨੇ ਦੀ ਫ਼ਸਲ ਦੀ ਕਟਾਈ ਅਤੇ ਕਣਕ ਦੀ ਬਿਜਾਈ ਵਿਚਕਾਰ ਸਮਾਂ ਘੱਟ ਹੁੰਦਾ ਹੈ।
ਗੋਪਾਲ ਰਾਏ ਨੇ ਦਿੱਲੀ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਜਿਹੜੇ ਕਿਸਾਨਾਂ ਨੇ ਅਜੇ ਤੱਕ ਫਾਰਮ ਨਹੀਂ ਭਰੇ ਹਨ, ਉਹ ਫਾਰਮ ਭਰ ਸਕਦੇ ਹਨ।