ਸਟਾਰਮਰ ਬਣੇ ਬਰਤਾਨੀਆ ਦੇ ਨਵੇਂ ਪ੍ਰਧਾਨ ਮੰਤਰੀ
ਲੰਡਨ, 5 ਜੁਲਾਈ
ਬਰਤਾਨੀਆ ਦੀਆਂ ਆਮ ਚੋਣਾਂ ਵਿੱਚ ਲੇਬਰ ਪਾਰਟੀ ਦੀ ਹੂੰਝਾ ਫੇਰ ਜਿੱਤ ਤੋਂ ਬਾਅਦ ਕੀਰ ਸਟਾਰਮਰ ਬਰਤਾਨੀਆ ਦੇ ਨਵੇਂ ਪ੍ਰਧਾਨ ਮੰਤਰੀ ਬਣ ਗਏ ਹਨ ਅਤੇ ਉਨ੍ਹਾਂ ਬਰਤਾਨੀਆ ਦੇ ਪੁਨਰ ਵਿਕਾਸ ਦਾ ਅਹਿਦ ਲਿਆ ਹੈ। ਇਨ੍ਹਾਂ ਚੋਣਾਂ ਵਿੱਚ ਰਿਸ਼ੀ ਸੂਨਕ ਦੀ ਅਗਵਾਈ ਹੇਠਲੀ ਕੰਜ਼ਰਵੇਟਿਵ ਪਾਰਟੀ ਨੂੰ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਹੇਠਲੇ ਸਦਨ ਦੀਆਂ 650 ਸੀਟਾਂ ’ਚੋਂ ਲੇਬਰ ਪਾਰਟੀ ਨੇ 412 ਜਦਕਿ ਕੰਜ਼ਰਵੇਟਿਵ ਪਾਰਟੀ ਨੇ ਸਿਰਫ਼ 121 ਸੀਟਾਂ ਜਿੱਤੀਆਂ ਹਨ। ਹਾਲਾਂਕਿ ਲੇਬਰ ਪਾਰਟੀ ਦਾ ਵੋਟ ਫੀਸਦ 33.7 ਤੇ ਕੰਜ਼ਰਵੇਟਿਵ ਦਾ 23.7 ਫੀਸਦ ਰਿਹਾ।
ਚੋਣ ਨਤੀਜਿਆਂ ਤੋਂ ਬਾਅਦ ਸਟਾਰਮਰ (61) ਨੇ ਮਹਾਰਾਜਾ ਚਾਰਲਸ-3 ਨਾਲ ਮੁਲਾਕਾਤ ਕੀਤੀ, ਜਿਸ ਦੌਰਾਨ ਉਨ੍ਹਾਂ ਨੂੰ ਮੁਲਕ ਦਾ 58ਵਾਂ ਪ੍ਰਧਾਨ ਮੰਤਰੀ ਐਲਾਨਿਆ ਗਿਆ। ਉਨ੍ਹਾਂ ਤੋਂ ਪਹਿਲਾਂ ਰਿਸ਼ੀ ਸੂਨਕ ਨੇ ਮਹਾਰਾਜਾ ਚਾਰਲਸ ਨਾਲ ਮੁਲਾਕਾਤ ਕੀਤੀ। ਇਸ ਮਗਰੋਂ ਸਟਾਰਮਰ 10 ਡਾਊਨਿੰਗ ਸਟਰੀਟ ਪੁੱਜੇ। ਬਰਤਾਨਵੀ ਪ੍ਰਧਾਨ ਮੰਤਰੀ ਦੀ ਅਧਿਕਾਰਤ ਰਿਹਾਇਸ਼ 10 ਡਾਊਨਿੰਗ ਸਟਰੀਟ ਦੇ ਬਾਹਰ ਆਪਣੇ ਉਦਘਾਟਨੀ ਸੰਬੋਧਨ ਦੌਰਾਨ ਸਟਾਰਮਰ ਨੇ ਕਿਹਾ, ‘ਸਾਡੇ ਮੁਲਕ ਨੇ ਤਬਦੀਲੀ, ਮੁਲਕ ਦੇ ਮੁੜ ਨਿਰਮਾਣ ਤੇ ਲੋਕ ਸੇਵਾ ’ਚ ਸਿਆਸਤ ਦੀ ਵਾਪਸੀ ਲਈ ਵੋਟ ਪਾਈ ਹੈ।’ ਉਨ੍ਹਾਂ ਕਿਹਾ ਕਿ ਬਹੁਤ ਜ਼ਰੂਰੀ ਕੰਮ ਕਰਨ ਵਾਲੇ ਪਏ ਹਨ ਅਤੇ ਉਹ ਅੱਜ ਤੋਂ ਹੀ ਕੰਮ ਸ਼ੁਰੂ ਕਰ ਰਹੇ ਹਨ। ਹਾਲਾਂਕਿ ਉਨ੍ਹਾਂ ਕਿਹਾ ਕਿ ਇਹ ਕੰਮ ਇੰਨੇ ਸੌਖੇ ਨਹੀਂ ਹੋਣਗੇ। ਉਨ੍ਹਾਂ ਅਹੁਦਾ ਛੱਡ ਕੇ ਜਾ ਰਹੇ ਰਿਸ਼ੀ ਸੂਨਕ ਵੱਲੋਂ ਬਤੌਰ ਪ੍ਰਧਾਨ ਮੰਤਰੀ ਨਿਭਾਈਆਂ ਸੇਵਾਵਾਂ ਦੀ ਵੀ ਸ਼ਲਾਘਾ ਕੀਤੀ। ਸਟਾਰਮਰ ਤੋਂ ਪਹਿਲਾਂ ਇੱਥੇ ਰਿਸ਼ੀ ਸੂਨਕ ਨੇ ਵਿਦਾਇਗੀ ਭਾਸ਼ਣ ਦਿੱਤਾ ਅਤੇ ਪਾਰਟੀ ਦੀ ਹਾਰ ਸਵੀਕਾਰ ਕੀਤੀ। ਅਕਤੂਬਰ 2022 ’ਚ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਣ ਵਾਲੇ ਸੂਨਕ ਨੇ ਕਿਹਾ ਕਿ ਉਹ ਕੰਜ਼ਰਵੇਟਿਵ ਪਾਰਟੀ ਦੇ ਆਗੂ ਦੇ ਅਹੁਦੇ ਤੋਂ ਪਿੱਛੇ ਹਟ ਰਹੇ ਹਨ ਤੇ ਆਮ ਚੋਣਾਂ ਵਿੱਚ ਪਾਰਟੀ ਦੀ ਹਾਰ ਦੀ ਜ਼ਿੰਮੇਵਾਰੀ ਲੈਂਦੇ ਹਨ। ਸੂਨਕ ਨਾਲ ਉਨ੍ਹਾਂ ਦੀ ਪਤਨੀ ਅਕਸ਼ਤਾ ਮੂਰਤੀ ਵੀ ਸਨ। ਇਨ੍ਹਾਂ ਚੋਣਾਂ ਵਿੱਚ ਰਿਸ਼ੀ ਸੂਨਕ ਉੱਤਰੀ ਇੰਗਲੈਂਡ ਵਿਚਲੀ ਆਪਣੀ ਰਿਚਮੰਡ ਤੇ ਨਾਰਥੈਲਰਟਨ ਸੀਟ ਜਿੱਤਣ ’ਚ ਕਾਮਯਾਬ ਰਹੇ ਹਨ। ਲੰਘੇ 14 ਸਾਲ ਤੋਂ ਸੱਤਾ ’ਤੇ ਕਾਬਜ਼ ਕੰਜ਼ਰਵੇਟਿਵ ਪਾਰਟੀ ਨੂੰ ਇਤਿਹਾਸ ਦੀ ਸਭ ਤੋਂ ਬੁਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। -ਪੀਟੀਆਈ