For the best experience, open
https://m.punjabitribuneonline.com
on your mobile browser.
Advertisement

ਨਿੱਝਰ ਦੀ ਹੱਤਿਆ ’ਚ ਭਾਰਤੀ ਏਜੰਟਾਂ ਦਾ ਹੱਥ ਹੋਣ ਦੇ ਦੋਸ਼ਾਂ ’ਤੇ ਕਾਇਮ: ਕੈਨੇਡਾ

06:46 AM May 09, 2024 IST
ਨਿੱਝਰ ਦੀ ਹੱਤਿਆ ’ਚ ਭਾਰਤੀ ਏਜੰਟਾਂ ਦਾ ਹੱਥ ਹੋਣ ਦੇ ਦੋਸ਼ਾਂ ’ਤੇ ਕਾਇਮ  ਕੈਨੇਡਾ
ਮੁਲਜ਼ਮਾਂ ਦੀ ਪੇਸ਼ੀ ਮੌਕੇ ਅਦਾਲਤ ਦੇ ਬਾਹਰ ਖੜ੍ਹੇ ਖਾਲਿਸਤਾਨੀ ਸਮਰਥਕ। -ਫੋਟੋ: ਗੁਰਮਲਕੀਅਤ ਸਿੰਘ ਕਾਹਲੋਂ
Advertisement

* ਅਗਲੀ ਸੁਣਵਾਈ 21 ਮਈ ਨੂੰ

Advertisement

ਓਟਵਾ, 8 ਮਈ
ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀ ਜੌਲੀ ਨੇ ਕਿਹਾ ਹੈ ਕਿ ਓਟਵਾ ਸਿੱਖ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵਿੱਚ ਭਾਰਤੀ ਏਜੰਟਾਂ ਦਾ ਹੱਥ ਹੋਣ ਦੇ ਦੋਸ਼ਾਂ ’ਤੇ ਕਾਇਮ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੌਲੀ ਨੇ ਕਿਹਾ ਕਿ ਨਿੱਝਰ ਦੀ ਹੱਤਿਆ ਦੀ ਜਾਂਚ ਰੌਇਲ ਕੈਨੇਡੀਅਨ ਮਾਊਂਟਿਡ ਪੁਲੀਸ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ, ‘ਕੈਨੇਡਾ ਆਪਣੇ ਨਾਗਰਿਕਾਂ ਦੀ ਸੁਰੱਖਿਆ ਕਰਨ ਲਈ ਕੋਈ ਕਸਰ ਨਹੀਂ ਛੱਡੇਗਾ। ਅਸੀਂ ਉਨ੍ਹਾਂ ਦੋਸ਼ਾਂ ’ਤੇ ਕਾਇਮ ਹਾਂ ਕਿ ਕੈਨੇਡੀਅਨ ਜ਼ਮੀਨ ’ਤੇ ਭਾਰਤੀ ਏਜੰਟਾਂ ਵੱਲੋਂ ਕੈਨੇਡੀਅਨ ਦੀ ਹੱਤਿਆ ਕੀਤੀ ਗਈ ਸੀ। ਇਸ ਦੀ ਆਰਸੀਐੱਮਪੀ ਜਾਂਚ ਕਰ ਰਹੀ ਹੈ। ਮੈਂ ਅੱਗੇ ਕੋਈ ਟਿੱਪਣੀ ਨਹੀਂ ਕਰਾਂਗੀ।’’ ਉਧਰ ਭਾਰਤ ਇਸ ਮਾਮਲੇ ’ਚ ਕੈਨੇਡਾ ਤੋਂ ਸਬੂਤ ਮੰਗ ਰਿਹਾ ਹੈ ਪਰ ਹਾਲੇ ਤੱਕ ਉਸ ਨੇ ਕੋਈ ਸਬੂਤ ਪੇਸ਼ ਨਹੀਂ ਕੀਤਾ।
ਉਧਰ ਖਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਦੋਸ਼ ਵਿਚ ਗ੍ਰਿਫ਼ਤਾਰ ਤਿੰਨ ਭਾਰਤੀ ਨਾਗਰਿਕਾਂ ਨੂੰ ਮੰਗਲਵਾਰ ਨੂੰ ਵਰਚੁਅਲੀ ਕੈਨੇਡੀਅਨ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ। ਐਡਮਿੰਟਨ ਰਹਿੰਦੇ ਭਾਰਤੀ ਨਾਗਰਿਕਾਂ ਕਰਨ ਬਰਾੜ (22), ਕਮਲਪ੍ਰੀਤ ਸਿੰਘ (22) ਤੇ ਕਰਨਪ੍ਰੀਤ ਸਿੰਘ (28) ਨੂੰ ਸ਼ੁੁੱਕਰਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਉਨ੍ਹਾਂ ਉੱਤੇ ਪਹਿਲਾ ਦਰਜਾ ਕਤਲ ਤੇ ਕਤਲ ਦੀ ਸਾਜ਼ਿਸ਼ ਘੜਨ ਦੇ ਦੋਸ਼ ਆਇਦ ਹਨ। ਤਿੰਨਾਂ ਨੂੰ ਖਚਾਖਚ ਭਰੇ ਸਰੀ ਦੇ ਸੂਬਾਈ ਕੋਰਟ ਰੂਮ ਵਿਚ ਮੰਗਲਵਾਰ ਨੂੰ ਵੱਖੋ ਵੱਖਰੇ ਰੂਪ ਵਿਚ ਵਰਚੁਅਲੀ ਪੇਸ਼ ਕੀਤਾ ਗਿਆ। ਰੋਜ਼ਨਾਮਚਾ ‘ਵੈਨਕੂਵਰ ਸਨ’ ਦੀ ਰਿਪੋਰਟ ਮੁਤਾਬਕ ਮੁਲਜ਼ਮਾਂ ਨੂੰ ਆਪਣੇ ਵਕੀਲਾਂ ਨਾਲ ਸਲਾਹ ਮਸ਼ਵਰੇ ਲਈ ਸਮਾਂ ਦਿੰਦਿਆਂ ਕੇਸ ਦੀ ਅਗਲੀ ਸੁਣਵਾਈ 21 ਮਈ ਲਈ ਨਿਰਧਾਰਿਤ ਕੀਤੀ ਗਈ ਹੈ। ਉਂਜ ਸੁਣਵਾਈ ਮੌਕੇ ਅਦਾਲਤ ਦੇ ਬਾਹਰ ਸੈਂਕੜੇ ਸਥਾਨਕ ਖਾਲਿਸਤਾਨੀ ਸਮਰਥਕ ਮੌਜੂਦ ਸਨ ਜਿਨ੍ਹਾਂ ਹੱਥਾਂ ਵਿਚ ਖਾਲਿਸਤਾਨੀ ਝੰਡੇ ਤੇ ਸਿੱਖ ਵੱਖਵਾਦ ਨਾਲ ਸਬੰਧਤ ਪੋਸਟਰ ਫੜੇ ਹੋਏ ਸਨ। ਨਿੱਝਰ ਦੀ ਪਿਛਲੇ ਸਾਲ 18 ਜੂਨ ਨੂੰ ਸਰੀ ਦੇ ਇਕ ਗੁਰਦੁਆਰੇ ਦੇ ਬਾਹਰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਰਿਪੋਰਟ ਵਿਚ ਕਿਹਾ ਗਿਆ ਕਿ ਮੰਨਿਆ ਜਾਂਦਾ ਹੈ ਕਿ ਤਿੰਨੇ ਮੁਲਜ਼ਮ ਕਥਿਤ ਹਿੱਟ ਸਕੁਐਡ ਦੇ ਮੈਂਬਰ ਹਨ। ਪੇਸ਼ੀ ਮੌਕੇ ਮੁਲਜ਼ਮਾਂ ਨੇ ਜੇਲ੍ਹ ਵੱਲੋਂ ਦਿੱਤੀਆਂ ਲਾਲ ਟੀ-ਸ਼ਰਟਾਂ ਤੇ ਪੈਂਟਾਂ ਪਾਈਆਂ ਹੋਈਆਂ ਸਨ। ਕਰਨ ਬਰਾੜ ਤੇ ਕਰਨਪ੍ਰੀਤ ਸਿੰਘ ਸਵੇਰ ਵੇਲੇ ਜਦੋਂਕਿ ਕਮਲਪ੍ਰੀਤ ਸਿੰਘ ਲੰਚ ਤੋਂ ਬਾਅਦ ਕੋਰਟ ਵਿਚ ਵਰਚੁਅਲੀ ਪੇਸ਼ ਹੋਇਆ। ਤਿੰਨਾਂ ਨੇ ਕੇਸ ਦੀ ਕਾਰਵਾਈ ਅੰਗਰੇਜ਼ੀ ਵਿਚ ਸੁਣਨ ਦੀ ਸਹਿਮਤੀ ਦਿੱਤੀ ਤੇ ਉਨ੍ਹਾਂ ਕਿਹਾ ਕਿ ਉਹ ਆਪਣੇ ਖਿਲਾਫ਼ ਲੱਗੇ ਪਹਿਲਾ ਦਰਜਾ ਕਤਲ ਤੇ ਨਿੱਝਰ ਦੀ ਹੱਤਿਆ ਦੀ ਸਾਜ਼ਿਸ਼ ਘੜਨ ਦੇ ਦੋਸ਼ਾਂ ਤੋਂ ਵਾਕਿਫ਼ ਹਨ। ਇਸ ਦੌਰਾਨ ਕੋਰਟ ਨੇ ਸਰਕਾਰੀ ਧਿਰ ਦੇ ਵਕੀਲ ਦੀ ਉਹ ਅਪੀਲ ਮੰਨ ਲਈ ਜਿਸ ਵਿਚ ਕੈਨੇਡਾ ਦੇ ਕ੍ਰਿਮੀਨਲ ਕੋਡ ਦੀ ਇਕ ਧਾਰਾ ਤਹਿਤ ਮੁਲਜ਼ਮਾਂ ਨੂੰ ਸੱਤ ਵਿਅਕਤੀਆਂ ਨਾਲ ਸਿੱਧੇ ਜਾਂ ਅਸਿੱਧੇ ਰੂਪ ਵਿਚ ਮਿਲਣ ਤੋਂ ਰੋਕਣ ਦੀ ਮੰਗ ਕੀਤੀ ਗਈ ਸੀ। ਰਿਪੋਰਟ ਮੁਤਾਬਕ ਇਨ੍ਹਾਂ ਸੱਤ ਵਿਅਕਤੀਆਂ ਵਿਚ ਨਿੱਝਰ ਦਾ ਪੁੱਤਰ ਬਲਰਾਜ ਨਿੱਝਰ (21), ਹਰਜਿੰਦਰ ਨਿੱਝਰ, ਮਹਿਤਾਬ ਨਿੱਝਰ, ਸਰਨਦੀਪ ਸਹਿਜ, ਹਰਸਿਮਰਨਜੀਤ ਸਿੰਘ, ਅਰਸ਼ਦੀਪ ਕਪੂਰ ਤੇ ਮਲਕੀਤ ਸਿੰਘ ਸ਼ਾਮਲ ਹਨ। ਮੁਲਜ਼ਮਾਂ ਵੱਲੋਂ ਦਾਇਰ ਅੰਤਰਿਮ ਜ਼ਮਾਨਤ ’ਤੇ ਸ਼ਨਿਚਰਵਾਰ ਨੂੰ ਸੁਣਵਾਈ ਹੋਈ ਸੀ, ਜਿਸ ਮਗਰੋਂ ਇਨ੍ਹਾਂ ਨੂੰ ਨਿਆਂਇਕ ਹਿਰਾਸਤ ਵਿਚ ਰੱਖਿਆ ਗਿਆ ਹੈ।
ਸਰੀ ਦੇ ਕ੍ਰਿਮੀਨਲ ਤੇ ਇਮੀਗ੍ਰੇਸ਼ਨ ਵਕੀਲ ਅਫਾਨ ਬਾਜਵਾ ਨੇ ਕਿਹਾ ਕਿ ਅਗਲੀ ਪੇਸ਼ਕਦਮੀ ਵਜੋਂ ਮੁਲਜ਼ਮਾਂ ਦੇ ਵਕੀਲ ਜ਼ਮਾਨਤ ਲਈ ਪਟੀਸ਼ਨ ਦਾਖਲ ਕਰਨਗੇ। ਬਾਜਵਾ ਨੇ ਕਿਹਾ ਕਿ ਉਨ੍ਹਾਂ ਦੇ ਵਕੀਲ ਜਿੰਨਾ ਮਜ਼ਬੂਤ ਕੇਸ ਜੱਜ ਅੱਗੇ ਰੱਖਣਗੇ, ਓਨੀ ਉਨ੍ਹਾਂ ਦੀ ਰਿਹਾਈ ਦੇ ਆਸਾਰ ਵਧਣਗੇ। ਬਾਜਵਾ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਸੰਭਾਵੀ ਫਲਾਈਟ ਰਿਸਕ (ਮੁਲਕ ਛੱਡਣ) ਤੇ ਲੋਕਾਂ ਦੀ ਸੁਰੱਖਿਆ ਨੂੰ ਖ਼ਤਰੇ ਨਾਲ ਜੁੜੇ ਜੋਖ਼ਮਾਂ ਕਰਕੇ ਉਨ੍ਹਾਂ ਨੂੰ ਜ਼ਮਾਨਤ ਮਿਲਣੀ ਮੁੁਸ਼ਕਲ ਹੋ ਸਕਦੀ ਹੈ। ਬਾਜਵਾ ਨੇ ਕਿਹਾ ਕਿ ਜੇਕਰ ਕੇਸ ਅੱਗੇ ਵਧਦਾ ਹੈ ਤੇ ਉਹ ਪਹਿਲਾ ਦਰਜਾ ਕਤਲ ਦੇ ਦੋਸ਼ੀ ਪਾਏ ਜਾਂਦੇ ਹਨ ਤਾਂ ਉਨ੍ਹਾਂ ਨੂੰ ਘੱਟੋ-ਘੱਟ 25 ਸਾਲ ਪੈਰੋਲ ਨਹੀਂ ਮਿਲੇਗੀ। ਬਾਜਵਾ ਮੁਤਾਬਕ ਜੇਕਰ ਉਹ ਵਿਦੇਸ਼ੀ ਨਾਗਰਿਕ ਜਾਂ ਸਥਾਈ ਵਸਨੀਕ (ਪੀਆਰ) ਹਨ, ਤਾਂ ਜਿਵੇਂ ਹੀ ਉਹ ਰਿਹਾਅ ਹੋਣਗੇ ਤਾਂ ਕੈਨੇਡਾ ਬਾਰਡਰ ਸਰਵਿਸ ਏਜੰਸੀ ਉਨ੍ਹਾਂ ਨੂੰ ਜਲਾਵਤਨ ਕਰਨ ਬਾਰੇ ਸੁਣਵਾਈ ਕਰ ਸਕਦੀ ਹੈ। ਵੈਨਕੂਵਰ ਸਨ ਨੇ ਕਿਹਾ ਕਿ ਕੈਨੇਡੀਅਨ ਲਾਇਰ ਮੈਗਜ਼ੀਨ ਮੁਤਾਬਕ, ‘‘ਕੈਨੇਡਾ ਦੀ ਸੁਪਰੀਮ ਕੋਰਟ ਵੱਲੋਂ ਪਿਛਲੇ ਸਾਲ ਸਤੰਬਰ ਵਿਚ ਸੁਣਾਏ ਇਕ ਫੈਸਲੇ ਮੁਤਾਬਕ ਜੇਕਰ ਮੁਲਜ਼ਮ ਦੋਸ਼ੀ ਨਹੀਂ ਵੀ ਪਾਏ ਜਾਂਦੇ ਤਾਂ ਵੀ ਉਨ੍ਹਾਂ ਨੂੰ ਵਾਪਸ ਭਾਰਤ ਭੇਜਿਆ ਜਾ ਸਕਦਾ ਹੈ। ਨੌਂ ਜੱਜਾਂ ਵੱਲੋਂ ਸਰਬਸੰਮਤੀ ਨਾਲ ਸੁਣਾਏ ਫੈਸਲੇ ਮੁਤਾਬਕ ਇਮੀਗ੍ਰੇਸ਼ਨ ਤੇ ਰਫਿਊਜ਼ੀ ਪ੍ਰੋਟੈਕਸ਼ਨ ਐਕਟ ਤਹਿਤ ਕੈਨੇਡਾ ਦੀ ਸੁਰੱਖਿਆ ਲਈ ਖਤਰਾ ਬਣਨ ’ਤੇ ਅਜਿਹੇ ਵਿਦੇਸ਼ੀ ਨਾਗਰਿਕ ਕੈਨੇਡਾ ਵਿਚ ਦਾਖ਼ਲੇ ਦੇ ਅਯੋਗ ਹੋ ਜਾਣਗੇ।’’ -ਪੀਟੀਆਈ

‘ਖ਼ਤਰੇ ਦੀ ਵੱਡੀ ਲਕੀਰ’ ਉਲੰਘ ਰਹੇ ਨੇ ਸਿੱਖ ਵੱਖਵਾਦੀ ਸਮੂਹ: ਵਰਮਾ

ਓਟਵਾ: ਭਾਰਤ ਤੇ ਕੈਨੇਡਾ ਦੇ ਰਿਸ਼ਤਿਆਂ ਵਿਚ ਜਾਰੀ ਕੂਟਨੀਤਕ ਤਣਾਅ ਦਰਮਿਆਨ ਕੈਨੇਡਾ ਵਿਚ ਭਾਰਤ ਦੇ ਹਾਈ ਕਮਿਸ਼ਨਰ ਸੰਜੈ ਕੁਮਾਰ ਵਰਮਾ ਨੇ ਚਿਤਾਵਨੀ ਦਿੱਤੀ ਹੈ ਕਿ ਕੈਨੇਡਾ ਵਿਚ ਸਿੱਖ ਵੱਖਵਾਦੀ ਸਮੂਹ ‘ਖ਼ਤਰੇ ਦੀ ਵੱਡੀ ਲਕੀਰ’ ਉਲੰਘ ਰਹੇ ਹਨ, ਜਿਸ ਨੂੰ ਭਾਰਤ ਕੌਮੀ ਸੁਰੱਖਿਆ ਤੇ ਦੇਸ਼ ਦੀ ਪ੍ਰਾਦੇਸ਼ਕ ਅਖੰਡਤਾ ਦੇ ਮਸਲੇ ਵਜੋਂ ਦੇਖਦਾ ਹੈ। ਖਾਲਿਸਤਾਨ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਦੋਸ਼ ਵਿਚ ਤਿੰਨ ਭਾਰਤੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕਰਨ ਤੇ ਉਨ੍ਹਾਂ ਨੂੰ ਕੋਰਟ ਵਿਚ ਪੇਸ਼ ਕੀਤੇ ਜਾਣ ਮਗਰੋਂ ਭਾਰਤੀ ਸਫ਼ੀਰ ਵੱਲੋਂ ਕੀਤੀ ਇਹ ਪਹਿਲੀ ਜਨਤਕ ਟਿੱਪਣੀ ਹੈ। ਸੀਟੀਵੀ ਨਿਊਜ਼ ਦੀ ਰਿਪੋਰਟ ਮੁਤਾਬਕ ਨਿੱਝਰ ਦੀ ਹੱਤਿਆ ਨੂੰ ਭਾਰਤੀ ਸਫ਼ੀਰ ਘਰੇਲੂ ਅਪਰਾਧ ਨਾਲ ਜੋੜਦੇ ਨਜ਼ਰ ਆਏ। ਵਰਮਾ ਨੇ ਚਿਤਾਵਨੀ ਦਿੱਤੀ ਕਿ ਕੈਨੇਡਾ ਦੇ ਸਿੱਖ ਸਮੂਹ, ਜੋ ਭਾਰਤ ਵਿਚ ਵੱਖਰੇ ਰਾਜ ਦਾ ਸੱਦਾ ਦੇ ਰਹੇ ਹਨ, ‘ ਖ਼ਤਰੇ ਦੀ ਵੱਡੀ ਲਕੀਰ’ ਉਲੰਘ ਰਹੇ ਹਨ, ਜਿਸ ਨੂੰ ਨਵੀਂ ਦਿੱਲੀ ਕੌਮੀ ਸੁਰੱਖਿਆ ਦੇ ਮਸਲੇ ਵਜੋਂ ਦੇਖਦਾ ਹੈ। ਵਰਮਾ ਨੇ ਵਿਦੇਸ਼ ਮਾਮਲਿਆਂ ਬਾਰੇ ਮਾਂਟਰੀਅਲ ਕੌਂਸਲ, ਜਿਸ ਨੂੰ ਥਿੰਕ ਟੈਂਕ ਮੰਨਿਆ ਜਾਂਦਾ ਹੈ, ਨੂੰ ਦੱਸਿਆ, ‘‘ਭਾਰਤ ਦੀ ਕਿਸਮਤ ਦਾ ਫੈਸਲਾ ਵਿਦੇਸ਼ ਬੈਠੇ ਲੋਕ ਨਹੀਂ ਬਲਕਿ ਭਾਰਤੀ ਕਰਨਗੇ।’’ ਉਨ੍ਹਾਂ ਕੌਂਸਲ ਨੂੰ ਦੱਸਿਆ ਕਿ ਇੰਨੇ ਸ਼ੋਰ-ਸ਼ਰਾਬੇ/ਹੰਗਾਮੇ ਦੇ ਬਾਵਜੂਦ ਭਾਰਤ ਤੇ ਕੈਨੇਡਾ ਦੇ ਸਾਕਾਰਾਤਮਕ ਰਿਸ਼ਤੇ ਹਨ। ਵਰਮਾ ਨੇ ਕਿਹਾ ਕਿ ਦੋਵੇਂ ਮੁਲਕ ਇਸ ਮੁੱਦੇ ਨੂੰ ਸੁਲਝਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਉਨ੍ਹਾਂ ਕਿਹਾ, ‘‘ਅਸੀਂ ਕਿਸੇ ਵੀ ਦਿਨ ਗੱਲਬਾਤ ਵਾਸਤੇ ਬੈਠਣ ਲਈ ਤਿਆਰ ਹਾਂ। ਅਤੇ ਅਸੀਂ ਅਜਿਹਾ ਕਰ ਰਹੇ ਹਾਂ।’’ ਉਨ੍ਹਾਂ ਕਿਹਾ ਕਿ ਹਾਲੀਆ ‘ਨਾਕਾਰਾਤਮਕ’ ਘਟਨਾਵਾਂ ਦੇ ਪਿੱਛੇ ਦੀਆਂ ਡੂੰਘੀਆਂ ਸਮੱਸਿਆਵਾਂ ‘ਦਹਾਕਿਆਂ ਪੁਰਾਣੇ ਮੁੱਦਿਆਂ’ ਬਾਰੇ ਕੈਨੇਡਾ ਦੀ ਗ਼ਲਤਫਹਿਮੀ ਨਾਲ ਜੁੜੇ ਹਨ, ਜਿਨ੍ਹਾਂ ਦੇ ਮੁੜ ਤੋਂ ਉਭਰਨ ਲਈ ਉਹ ਭਾਰਤੀ ਮੂਲ ਦੇ ਕੈਨੇਡੀਅਨਾਂ ਨੂੰ ਦੋਸ਼ੀ ਮੰਨਦੇ ਹਨ। ਵਰਮਾ ਨੇ ਕਿਹਾ ਕਿ ਉਨ੍ਹਾਂ ਦੀ ਮੁੱਖ ਚਿੰਤਾ ‘ਕੈਨੇਡਾ ਦੀ ਧਰਤੀ ਤੋਂ ਪੈਦਾ ਹੋਣ ਵਾਲੇ ਕੌਮੀ ਸੁਰੱਖਿਆ ਸਬੰਧੀ ਖਤਰਿਆਂ ਨੂੰ ਲੈ ਕੇ ਹੈ। ਉਨ੍ਹਾਂ ਕਿਹਾ ਕਿ ਭਾਰਤ ਦੋਹਰੀ ਨਾਗਰਿਕਤਾ ਨੂੰ ਮਾਨਤਾ ਨਹੀਂ ਦਿੰਦਾ, ਜਿਸ ਕਰਕੇ ਜੋ ਵੀ ਪਰਵਾਸੀ ਹੈ ਉਸ ਨੂੰ ਵਿਦੇਸ਼ੀ ਮੰਨਿਆ ਜਾਂਦਾ ਹੈ। ਉਨ੍ਹਾਂ ਕਿਹਾ, ‘‘ਜੇਕਰ ਮੈਂ ਇਸ ਨੂੰ ਇੰਜ ਕਹਿ ਸਕਾਂ ਕਿ ਵਿਦੇਸ਼ੀਆਂ ਦੀ ਭਾਰਤ ਦੀ ਖੇਤਰੀ ਅਖੰਡਤਾ ’ਤੇ ਬੁਰੀ ਨਜ਼ਰ ਹੈ...ਇਹ ਸਾਡੇ ਲਈ ਇਕ ਵੱਡੇ ਖਤਰੇ ਦੀ ਲਕੀਰ ਹੈ।’’ ਰਿਪੋਰਟ ਮੁਤਾਬਕ ਵਰਮਾ ਨੇ ਹਾਲਾਂਕਿ ਇਹ ਸਪਸ਼ਟ ਨਹੀਂ ਕੀਤਾ ਕਿ ਕੀ ਉਹ ਨਿੱਝਰ ਮਾਮਲੇ ਵਿਚ ਸ਼ਾਮਲ ਵਿਦੇਸ਼ੀਆਂ ਦਾ ਜ਼ਿਕਰ ਕਰ ਰਹੇ ਸੀ ਜਾਂ ਵਿਆਪਕ ਤੌਰ ’ਤੇ ਸਿੱਖ ਵੱਖਵਾਦ ਵੱਲ ਇਸ਼ਾਰਾ ਕਰ ਰਹੇ ਸਨ। -ਪੀਟੀਆਈ

Advertisement
Author Image

joginder kumar

View all posts

Advertisement
Advertisement
×