For the best experience, open
https://m.punjabitribuneonline.com
on your mobile browser.
Advertisement

ਰੇਲਵੇ ਟਰੈਕ ’ਤੇ ਇਲੈਕਟ੍ਰਾਨਿਕਸ ਮਸ਼ੀਨ ਨਾਲ ਧਰਨੇ ’ਚ ਭਗਦੜ

06:35 AM Apr 23, 2024 IST
ਰੇਲਵੇ ਟਰੈਕ ’ਤੇ ਇਲੈਕਟ੍ਰਾਨਿਕਸ ਮਸ਼ੀਨ ਨਾਲ ਧਰਨੇ ’ਚ ਭਗਦੜ
ਸ਼ੰਭੂ ਰੇਲਵੇ ਟਰੈਕ ’ਤੇ ਧਰਨੇ ’ਤੇ ਬੈਠੇ ਕਿਸਾਨ।
Advertisement

* ਜੀਂਦ ਧਰਨੇ ਕਰਕੇ ਬੀਬੀਆਂ ਨੇ ਸੰਭਾਲਿਆ ਸ਼ੰਭੂ ਮੋਰਚਾ

Advertisement

ਸਰਬਜੀਤ ਸਿੰਘ ਭੰਗੂ
ਸ਼ੰਭੂ ਬੈਰੀਅਰ (ਪਟਿਆਲਾ), 22 ਅਪਰੈਲ
ਹਰਿਆਣਾ ਦੀ ਜੇਲ੍ਹ ’ਚ ਬੰਦ ਤਿੰਨ ਕਿਸਾਨਾਂ ਦੀ ਰਿਹਾਈ ਲਈ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਸ਼ੰਭੂ ਰੇਲਵੇ ਸਟੇਸ਼ਨ ’ਤੇ ਜਾਰੀ ਧਰਨੇ ਦੇ 6ਵੇਂ ਦਿਨ ਅੱਜ ਰੇਲਵੇ ਟਰੈਕ ’ਤੇ ਇਲੈਕਟ੍ਰੋਨਿਕ ਮਸ਼ੀਨ ਨਜ਼ਰ ਆਉਣ ਨਾਲ ਕਿਸਾਨਾਂ ’ਚ ਭਗਦੜ ਮੱਚ ਗਈ। ਇਹ ਮਸ਼ੀਨ ਭਾਵੇਂ ਧਰਨੇ ਵਾਲੀ ਥਾਂ ਤੋਂ ਦੂਰ ਹੀ ਰਹੀ, ਪਰ ਪ੍ਰਦਰਸ਼ਨਕਾਰੀਆਂ ਨੇ ਦਾਅਵਾ ਕੀਤਾ ਕਿ ਸਰਕਾਰ ਦਹਿਸ਼ਤ ਫੈਲਾਉਣ ਦੇ ਇਰਾਦੇ ਨਾਲ ਅਜਿਹੀਆਂ ਕੋਝੀਆਂ ਚਾਲਾਂ ਚੱਲ ਰਹੀ ਹੈ। ਉਧਰ ਰੇਲਵੇ ਅਧਿਕਾਰੀਆਂ ਦਾ ਤਰਕ ਸੀ ਕਿ ਇਲੈਕਟ੍ਰੋਨਿਕਸ ਮਸ਼ੀਨ ਮੁਰੰਮਤ ਲਈ ਲਿਆਂਦੀ ਗਈ ਸੀ, ਜੋ ਜਲਦੀ ਹੀ ਵਾਪਸ ਪਰਤ ਗਈ।
ਰੇਲਵੇ ਟਰੈਕ ’ਤੇ ਧਰਨਾ ਲਾਈ ਬੈਠੇ ਕਿਸਾਨਾਂ ਨੇ ਇਸ ਕਾਰਵਾਈ ਦਾ ਵਿਰੋਧ ਕਰਦਿਆਂ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਦੇ ਜਜ਼ਬੇ ਨੂੰ ਪਰਖ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਸਾਰਿਆਂ ਨੂੰ ਕਿਸਾਨਾਂ ਦੇ ਇਸ ਧਰਨੇ ਬਾਰੇ ਜਾਣਕਾਰੀ ਹੈ, ਤਾਂ ਸੂਚਿਤ ਕੀਤੇ ਬਿਨਾਂ ਅਜਿਹੀ ਕਾਰਵਾਈ ਨੂੰ ਅੰਜਾਮ ਦੇਣ ਦੀ ਕੀ ਲੋੜ ਹੈ। ਆਗੂਆਂ ਕਿਹਾ ਕਿ ਉਹ ਸਾਥੀਆਂ ਦੀ ਰਿਹਾਈ ਤੋਂ ਬਿਨਾਂ ਇਥੋਂ ਉਠ ਕੇ ਨਹੀਂ ਜਾਣਗੇ। ਉਧਰ ਸੋਸ਼ਲ ਮੀਡੀਆ ’ਤੇ ਵਾਇਰਲ ਇੱਕ ਵੀਡੀਓ ’ਚ ਕਿਸਾਨ ਆਗੂ ਨੇ ਦਾਅਵਾ ਕੀਤਾ ਹੈ ਕਿ ਸਰਕਾਰ ਵੱਲੋਂ ਰਾਤ ਸਮੇਂ ਵੀ ਅਜਿਹੀ ਕੋਈ ਸ਼ਰਾਰਤ ਕੀਤੀ ਜਾ ਸਕਦੀ ਹੈ। ਇਸ ਲਈ ਵੱਧ ਤੋਂ ਵੱਧ ਕਿਸਾਨ ਸ਼ੰਭੂ ਰੇਲਵੇ ਸਟੇਸ਼ਨ ’ਤੇ ਪੁੱਜਣ। ਇਸੇ ਦੌਰਾਨ ਤੈਅਸ਼ੁਦਾ ਪ੍ਰੋਗਰਾਮ ਤਹਿਤ ਅੱਜ ਜੀਂਦ ਵਿੱਚ ਰੋਕੀ ਗਈ ਸੜਕੀ ਆਵਾਜਾਈ ਲਈ ਵੱਡੀ ਗਿਣਤੀ ਕਿਸਾਨ ਹਰਿਆਣਾ ਚਲੇ ਗਏ ਸਨ। ਇਸ ਮਗਰੋਂ ਸ਼ੰਭੂ ਵਿੱਚ ਰੇਲਵੇ ਟਰੈਕ ਅਤੇ ਸ਼ੰਭੂ ਬਾਰਡਰ ’ਤੇ ਜਾਰੀ ਧਰਨਿਆਂ ਦੀ ਅਗਵਾਈ ਬੀਬੀਆਂ ਨੇ ਕੀਤੀ। ਧਰਨਿਆਂ ਨੂੰ ਮਹਿਲਾ ਆਗੂ ਗੁਰਮੀਤ ਕੌਰ ਅਤੇ ਰਵਿੰਦਰ ਕੌਰ ਰਾਜਪੁਰਾ ਸਮੇਤ ਹੋਰਨਾਂ ਨੇ ਸੰਬੋਧਨ ਕੀਤਾ। ਇਸੇ ਦੌਰਾਨ ਮਨਜੀਤ ਘੁਮਾਣਾ ਵੱਲੋਂ ਜਾਰੀ ਕੀਤੇ ਗਏ ਇੱਕ ਬਿਆਨ ’ਚ ਸੁਰਜੀਤ ਫੂਲ, ਸਰਵਣ ਪੰਧੇਰ, ਅਮਰਜੀਤ ਮੌੜ੍ਹੀ, ਜਸਵਿੰਦਰ ਲੌਂਗੋਵਾਲ, ਦਿਲਬਾਗ ਹਰੀਗੜ੍ਹ, ਬਲਵੰਤ ਬਹਿਰਾਮਕੇ, ਮਨਜੀਤ ਨਿਆਲ਼, ਮਨਜੀਤ ਘੁਮਾਣਾ, ਮਨਜੀਤ ਰਾਏ, ਮਾਨ੍ਹ ਸਿੰਘ ਰਾਜਪੁਰਾ ਅਤੇ ਗੁਰਧਿਆਨ ਸਿਓਣਾ ਆਦਿ ਨੇ ਕਿਹਾ ਕਿ ਉਹ ਤਿੰਨਾਂ ਕਿਸਾਨਾਂ ਦੀ ਰਿਹਾਈ ਤੋਂ ਬਿਨਾਂ ਰੇਲਵੇ ਟਰੈਕ ਤੋਂ ਅਤੇ ਕਿਸਾਨੀ ਮੰਗਾਂ ਦੀ ਪੂਰਤੀ ਤੱਕ ਸ਼ੰਭੂ ਬਾਰਡਰ ਤੋਂ ਧਰਨਾ ਨਹੀਂ ਚੁੱਕਣਗੇ।

ਹਰਿਆਣਾ ਸਰਕਾਰ ਵੱਲੋਂ ਤਿੰਨੋਂ ਕਿਸਾਨਾਂ ਨੂੰ 27 ਤੱਕ ਰਿਹਾਅ ਕਰਨ ਦਾ ਭਰੋਸਾ

ਪਟਿਆਲਾ (ਖੇਤਰੀ ਪ੍ਰਤੀਨਿਧ): ਹਰਿਆਣਾ ਸਰਕਾਰ ਨੇ ਜੇਲ੍ਹ ਵਿਚ ਬੰਦ ਤਿੰਨਾਂ ਕਿਸਾਨਾਂ ਨੂੰ 27 ਅਪਰੈਲ ਤੱਕ ਰਿਹਾਅ ਕਰਨ ਦਾ ਭਰੋਸਾ ਦਿੱਤਾ ਹੈ। ਸੂਬਾ ਸਰਕਾਰ ਦੇ ਭਰੋਸੇ ਮਗਰੋਂ ਜੀਂਦ ਧਰਨੇ ਤੋਂ ਪਰਤੇ ਕਿਸਾਨ ਆਗੂਆਂ ਨੇ ਐਲਾਨ ਕੀਤਾ ਹੈ ਕਿ ਜੇਕਰ 27 ਅਪਰੈਲ ਤੱਕ ਵੀ ਰਿਹਾਈ ਸੰਭਵ ਨਾ ਹੋਈ, ਤਾਂ ਕਿਸਾਨਾਂ ਵੱਲੋਂ 28 ਅਪਰੈਲ ਨੂੰ ਸ਼ੰਭੂ ਤੋਂ ਇਲਾਵਾ ਹੋਰਨਾਂ ਰੇਲਵੇ ਟਰੈਕਾਂ ’ਤੇ ਧਰਨਾ ਮਾਰ ਕੇ ਰੇਲਵੇ ਆਵਾਜਾਈ ਠੱਪ ਕੀਤੀ ਜਾਵੇਗੀ। ਇਸ ਦੇ ਨਾਲ ਹੀ ਕਿਸਾਨ ਕੌਮੀ ਸ਼ਾਹਰਾਹਾਂ ’ਤੇ ਵੀ ਅਣਦੱਸੀਆਂ ਥਾਵਾਂ ’ਤੇ ਧਰਨਾ ਮਾਰਨਗੇ। ਉਧਰ ਇਸ ਤੋਂ ਪਹਿਲਾਂ ਚਾਰ ਕਿਸਾਨ ਆਗੂ ਜੇਲ੍ਹ ਵਿਚ ਜਾ ਕੇ ਨਵਦੀਪ ਜਲਬੇੜ੍ਹਾ, ਅਨੀਸ਼ ਖਟਕੜ ਅਤੇ ਗੁਰਕੀਰਤ ਸਿੰਘ ਨਾਲ ਮੁਲਾਕਾਤ ਕਰਕੇ ਇਨ੍ਹਾਂ ਦੀ ਭੁੱਖ ਹੜਤਾਲ ਖ਼ਤਮ ਕਰਵਾਉਣਗੇ। ਅਨੀਸ਼ ਖਟਕੜ ਇੱਕ ਮਹੀਨੇ ਤੋਂ ਵੀ ਵੱਧ ਸਮੇਂ ਤੋਂ ਭੁੱਖ ਹੜਤਾਲ ’ਤੇ ਹੈ। ਕਿਸਾਨ ਨੇਤਾ ਸਰਵਣ ਪੰਧੇਰ, ਸੁਰਜੀਤ ਡੱਲੇਵਾਲ ਅਤੇ ਹੋਰਾਂ ਦੇ ਹਵਾਲੇ ਨਾਲ਼ ਅੱਜ ਸ਼ਾਮੀਂ ਇਥੋਂ ਸ਼ੰਭੂ ਬਾਰਡਰ ਤੋਂ ਮੀਡੀਆ ਦੇ ਨਾਮ ਇਹ ਜਾਣਕਾਰੀ ਕਿਸਾਨ ਮਜਦੂਰ ਯੂਨੀਅਨ ਦੇ ਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਘੁਮਾਣਾ ਨੇ ਜਾਰੀ ਕੀਤੀ ਗਈ। ਇਸ ਦੌਰਾਨ ਕਿਸਾਨ ਆਗੂਆਂ ਨੇ ਦਾਅਵਾ ਕੀਤਾ ਕਿ ਭਾਜਪਾ ਆਗੂ ਸੁਨੀਲ ਜਾਖੜ ਅਤੇ ਹਰਜੀਤ ਗਰੇਵਾਲ ਦਾ ਕਹਿਣਾ ਹੈ ਕਿ ਉਹ ਬੈਠ ਕੇ ਗੱਲਬਾਤ ਕਰਨ ਲਈ ਤਿਆਰ ਹਨ।

Advertisement
Author Image

joginder kumar

View all posts

Advertisement
Advertisement
×