STAMPEDE Maha Kumbh: ਮਹਾਕੁੰਭ ਭਗਦੜ: ਇਸ਼ਨਾਨ ਕਰਨ ਗਏ ਵਿਅਕਤੀਆਂ ਦੇ ਪਰਿਵਾਰਕ ਮੈਂਬਰ ਫਿਕਰਮੰਦ
ਅਮਨ ਸੂਦ
ਪਟਿਆਲਾ, 29 ਜਨਵਰੀ
STAMPEDE Maha Kumbh: ਬੁੱਧਵਾਰ ਤੜਕਸਾਰ ਮਹਾਕੁੰਭ ’ਚ ਭਾਰੀ ਭੀੜ ਕਾਰਨ ਭਗਦੜ ਵਾਲਾ ਮਾਹੌਲ ਬਣ ਗਿਆ, ਜਿਸ ਦੌਰਾਨ ਕਈ ਲੋਕਾਂ ਦੇ ਮਾਰੇ ਜਾਣ ਦੀਆਂ ਖਬਰਾਂ ਤੋਂ ਬਾਅਦ ਫਿਕਰਮੰਦ ਲੋਕਾਂ ਵੱਲੋਂ ਆਪਣੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਤੱਕ ਪਹੁੰਚ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਮਹਾਕੁੰਭ ਵਿੱਚ ਪੰਜਾਬ ਤੋਂ ਵੀ ਵੱਡੀ ਗਿਣਤੀ ਸ਼ਰਧਾਲੂ ਇਸ਼ਨਾਨ ਲਈ ਗਏ ਹਨ।
ਮੰਡੀ ਗੋਬਿੰਦਗੜ੍ਹ ਦੇ ਨਿਸ਼ਚਿੰਤ ਕੁਮਾਰ ਨੇ ਕਿਹਾ, “ਮੈਂ ਸਵੇਰੇ 7 ਵਜੇ ਤੋਂ ਆਪਣੇ ਪਿਤਾ ਅਤੇ ਮਾਤਾ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਪਰ ਹੁਣ ਤੱਕ ਸੰਪਰਕ ਨਹੀਂ ਹੋ ਸਕਿਆ।’’
ਲੁਧਿਆਣਾ ਵਾਸੀ ਮਨੋਜ ਸੂਦ ਨੇ ਕਿਹਾ, ਮਹਾਂਕੁੰਭ ਵਿੱਚ ਕਰੋੜਾਂ ਦੀ ਗਿਣਤੀ ਵਿਚ ਸ਼ਰਧਾਲੂ ਪੁੱਜੇ ਹੋਏ ਸਨ, ਹਰ ਉਮਰ ਦੇ ਲੋਕ ਉੱਥੇ ਮੌਜੂਦ ਸਨ ਪਰ ਅਸੀਂ ਖੁਸ਼ਕਿਸਮਤ ਹਾਂ ਕਿ ਘਟਨਾ ਤੋਂ ਕੁੱਝ ਸਮਾਂ ਪਹਿਲਾਂ ਉਥੋਂ ਰਵਾਨਾ ਹੋ ਗਏ ਅਤੇ ਸੁਰੱਖਿਅਤ ਘਰ ਵਾਪਸ ਪੁੱਜ ਗਏ।
ਜ਼ਿਕਰਯੋਗ ਹੈ ਕਿ ਮੌਨੀ ਮੱਸਿਆ ’ਤੇ ਪਵਿੱਤਰ ਇਸ਼ਨਾਨ ਲਈ ਲੱਖਾਂ ਸ਼ਰਧਾਲੂਆਂ ਦੇ ਪੁੱਜਣ ਦੌਰਾਨ ਭਗਦੜ ਵਰਗੀ ਸਥਿਤੀ ਬਨਣ ਕਾਰਨ ਕਈ ਲੋਕਾਂ ਦੀ ਮੌਤ ਹੋਣ ਦਾ ਖਦਸ਼ਾ ਹੈ ਜਦੋਂ ਕਿ ਕਈ ਸ਼ਰਧਾਲੂ ਦੇ ਜ਼ਖਮੀ ਹੋ ਗਏ।