Stampede at New Delhi railway station ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਮਚੀ ਭਗਦੜ ਵਿਚ 18 ਮੌਤਾਂ, 20 ਜ਼ਖ਼ਮੀ; ਮ੍ਰਿਤਕਾਂ ’ਚ ਤਿੰਨ ਬੱਚੇ ਵੀ ਸ਼ਾਮਲ
ਅਦਿੱਤੀ ਟੰਡਨ/ਉਜਵਲ ਜਲਾਲੀ
ਨਵੀਂ ਦਿੱਲੀ, 15 ਫਰਵਰੀ
ਇਥੇ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਸ਼ਨਿੱਚਰਵਾਰ ਸ਼ਾਮ ਨੂੰ ਮਚੀ ਭਗਦੜ ਵਿਚ ਤਿੰਨ ਬੱਚਿਆਂ ਸਣੇ ਘੱਟੋ ਘੱਟ 18 ਵਿਅਕਤੀਆਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਲੈਟਫਾਰਮ ਨੰਬਰ 14, 15 ਤੇ 16 ਉੱਤੇ ਪ੍ਰਯਾਗਰਾਜ ਜਾਣ ਲਈਆਂ ਰੇਲਗੱਡੀਆਂ ਖੜ੍ਹੀਆਂ ਸਨ ਤੇ ਮਹਾਂਕੁੰਭ ਲਈ ਜਾਣ ਵਾਲੇ ਯਾਤਰੀਆਂ ਦੀ ਇਕਦਮ ਭੀੜ ਪੈ ਗਈ।
ਲੋਕ ਨਾਇਕ ਜੈ ਪ੍ਰਕਾਸ਼ ਨਰਾਇਣ ਹਸਪਤਾਲ ਦੇ ਮੁੱਖ ਮੈਡੀਕਲ ਅਧਿਕਾਰੀ ਨੇ ਦੱਸਿਆ, ‘‘ਤਿੰਨ ਬੱਚਿਆਂ ਸਮੇਤ 18 ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ ਦਸ ਹੋਰ ਜ਼ਖ਼ਮੀ ਹੋ ਗਏ।’’ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ।
ਇਸ ਤੋਂ ਪਹਿਲਾਂ 29 ਜਨਵਰੀ ਨੂੰ ਪ੍ਰਯਾਗਰਾਜ ਦੇ ਮਹਾਕੁੰਭ ਵਿਚ ਭੀੜ ਬੇਕਾਬੂ ਹੋਣ ਕਾਰਨ 30 ਜਣਿਆਂ ਦੀ ਮੌਤ ਹੋ ਗਈ ਸੀ। ਕੇਂਦਰੀ ਮੰਤਰੀ ਨੇ ਕਿਹਾ ਕਿ ਹੁਣ ਹਾਲਾਤ ਠੀਕ ਹਨ ਤੇ ਜ਼ਖ਼ਮੀਆਂ ਦਾ ਹਸਪਤਾਲਾਂ ਵਿਚ ਇਲਾਜ ਚੱਲ ਰਿਹਾ ਹੈ।
ਇਸ ਦੌਰਾਨ ਰਾਸ਼ਟਰਪਤੀ ਦਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੇ ਭਗਦੜ ਵਿਚ ਗਈਆਂ ਜਾਨਾਂ ’ਤੇ ਦੁੱਖ ਜਤਾਇਆ ਹੈ। ਦਿੱਲੀ ਭਾਜਪਾ ਦੇ ਪ੍ਰਧਾਨ ਵੀਰੇਂਦਰ ਸਚਦੇਵਾ ਨੇ ਹਸਪਤਾਲ ਜਾ ਕੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ।
ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੇ ਮੁੱਖ ਸਕੱਤਰ ਅਤੇ ਪੁਲੀਸ ਕਮਿਸ਼ਨਰ ਨਾਲ ਗੱਲ ਕਰਕੇ ਹਾਲਾਤ ਦਾ ਜਾਇਜ਼ਾ ਲਿਆ ਤੇ ਰਾਹਤ ਕਰਮਚਾਰੀਆਂ ਨੂੰ ਤਾਇਨਾਤ ਕਰਨ ਲਈ ਕਿਹਾ ਹੈ।
ਭਗਦੜ ਦੀ ਘਟਨਾ ਰਾਤ 9 ਵਜੇ ਦੇ ਕਰੀਬ ਵਾਪਰੀ ਜਦੋਂ ਦੋ ਵਿਸ਼ੇਸ਼ ਰੇਲਗੱਡੀਆਂ ਦੇਰੀ ਨਾਲ ਚੱਲੀਆਂ ਅਤੇ ਪਲੇਟਫਾਰਮ ਨੰਬਰ 14, 15 ਅਤੇ 16 ’ਤੇ ਲੋਕਾਂ ਦੀ ਭਾਰੀ ਭੀੜ ਕਾਰਨ ਹਫੜਾ-ਦਫੜੀ ਮਚ ਗਈ।

ਫਾਇਰ ਬ੍ਰਿਗੇਡ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਦਿ ਟ੍ਰਿਬਿਊਨ ਨੂੰ ਦੱਸਿਆ ਕਿ ਉਨ੍ਹਾਂ ਨੂੰ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ ਰਾਤ 9.55 ਵਜੇ ਪਲੈਟਫਾਰਮ ਨੰਬਰ 14, 15 ਅਤੇ 16 ’ਤੇ ਭਗਦੜ ਵਰਗੀ ਸਥਿਤੀ ਬਾਰੇ ਇੱਕ ਫੋਨ ਆਇਆ, ਜਿਸ ਤੋਂ ਬਾਅਦ 4 ਫਾਇਰ ਬ੍ਰਿਗੇਡ ਗੱਡੀਆਂ ਮੌਕੇ ’ਤੇ ਭੇਜੀਆਂ ਗਈਆਂ।

ਦਿੱਲੀ ਫਾਇਰ ਬ੍ਰਿਗੇਡ ਸੇਵਾ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸਾਹ ਲੈਣ ਵਿੱਚ ਤਕਲੀਫ਼ ਦਾ ਸਾਹਮਣਾ ਕਰ ਰਹੇ ਘੱਟੋ-ਘੱਟ 14-15 ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ, ਉਨ੍ਹਾਂ ਕਿਹਾ ਕਿ ਕੁਝ ਲੋਕਾਂ ਦੀ ਸ਼ਾਇਦ ਵਿਚਕਾਰ ਹੀ ਮੌਤ ਹੋ ਗਈ।
ਇਸ ਦੌਰਾਨ ਉੱਤਰੀ ਰੇਲਵੇ ਨੇ ਕਿਸੇ ਵੀ ਭਗਦੜ ਵਰਗੀ ਸਥਿਤੀ ਤੋਂ ਇਨਕਾਰ ਕੀਤਾ ਅਤੇ ਇਸ ਨੂੰ ਅਫਵਾਹ ਕਰਾਰ ਦਿੱਤਾ। ਉੱਤਰੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਨੇ ਇੱਕ ਬਿਆਨ ਵਿੱਚ ਕਿਹਾ, ‘‘ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਕੋਈ ਭਗਦੜ ਨਹੀਂ ਮਚੀ ਹੈ। ਇਹ ਸਿਰਫ ਇੱਕ ਅਫਵਾਹ ਹੈ।’’ ਰੇਲਵੇ ਨੇ ਕਿਹਾ ਕਿ ਸਥਿਤੀ ਕਾਬੂ ਵਿੱਚ ਹੈ ਅਤੇ ਦਿੱਲੀ ਪੁਲੀਸ ਅਤੇ ਆਰਪੀਐਫ ਮੌਕੇ ’ਤੇ ਪਹੁੰਚ ਗਏ ਹਨ ਅਤੇ ਯਾਤਰੀਆਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ।
Distressed by the stampede at New Delhi Railway Station. My thoughts are with all those who have lost their loved ones. I pray that the injured have a speedy recovery. The authorities are assisting all those who have been affected by this stampede.
— Narendra Modi (@narendramodi) February 15, 2025
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਗਦੜ ਵਿੱਚ ਗਈਆਂ ਮੌਤਾਂ ’ਤੇ ਦੁੱਖ ਜ਼ਾਹਿਰ ਕੀਤਾ ਹੈ। ਉਨ੍ਹਾਂ ਐਕਸ ’ਤੇ ਟਵੀਟ ਕੀਤਾ, ‘‘ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਹੋਈ ਭਗਦੜ ਤੋਂ ਦੁਖੀ ਹਾਂ। ਮੇਰੀਆਂ ਸੰਵੇਦਨਾਵਾਂ ਉਨ੍ਹਾਂ ਸਾਰਿਆਂ ਨਾਲ ਹਨ ਜਿਨ੍ਹਾਂ ਨੇ ਆਪਣੇ ਨੇੜਲਿਆਂ ਨੂੰ ਗੁਆ ਦਿੱਤਾ ਹੈ। ਮੈਂ ਜ਼ਖ਼ਮੀਆਂ ਦੇ ਜਲਦੀ ਸਿਹਤਯਾਬ ਹੋਣ ਦੀ ਪ੍ਰਾਰਥਨਾ ਕਰਦਾ ਹਾਂ। ਅਧਿਕਾਰੀ ਇਸ ਭਗਦੜ ਤੋਂ ਪ੍ਰਭਾਵਿਤ ਸਾਰੇ ਲੋਕਾਂ ਦੀ ਸਹਾਇਤਾ ਕਰ ਰਹੇ ਹਨ।’’
Devastating news from New Delhi Railway Station. I am extremely pained by the loss of lives due to stampede on Railway platform. In this hour of grief, my thoughts are with the bereaved families. Praying for the speedy of the injured.
— Rajnath Singh (@rajnathsingh) February 15, 2025
ਉਧਰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਇਸ ਦੁਖਦਾਈ ਘਟਨਾ ’ਤੇ ਸੋਗ ਜਤਾਇਆ ਹੈ। ਉਨ੍ਹਾਂ ਕਿਹਾ, ‘‘ਰੇਲਵੇ ਪਲੈਟਫਾਰਮ ’ਤੇ ਭਗਦੜ ਕਾਰਨ ਹੋਏ ਜਾਨੀ ਨੁਕਸਾਨ ਤੋਂ ਮੈਂ ਬਹੁਤ ਦੁਖੀ ਹਾਂ। ਦੁੱਖ ਦੀ ਇਸ ਘੜੀ ਵਿੱਚ, ਮੇਰੀਆਂ ਸੰਵੇਦਨਾਵਾਂ ਸੋਗ ਵਿੱਚ ਡੁੱਬੇ ਪਰਿਵਾਰਾਂ ਨਾਲ ਹਨ। ਜ਼ਖ਼ਮੀਆਂ ਦੇ ਜਲਦੀ ਸਿਹਤਯਾਬ ਹੋਣ ਦੀ ਪ੍ਰਾਰਥਨਾ ਕਰਦਾ ਹਾਂ।’’