ਭਗਦੜ ਮਾਮਲਾ: ਪੁਲੀਸ ਵੱਲੋਂ ਅੱਲੂ ਅਰਜੁਨ ਤੋਂ ਤਿੰਨ ਘੰਟੇ ਪੁੱਛ-ਪੜਤਾਲ
ਹੈਦਰਾਬਾਦ, 24 ਦਸੰਬਰ
ਪੁਲੀਸ ਨੇ ਤੇਲਗੂ ਫਿਲਮਾਂ ਦੇ ਉੱਘੇ ਅਦਾਕਾਰ ਅੱਲੂ ਅਰਜੁਨ ਤੋਂ ਅੱਜ ਤਿੰਨ ਘੰਟੇ ਤੋਂ ਵੱਧ ਸਮੇਂ ਤੱਕ ਪੁੱਛ-ਪੜਤਾਲ ਕੀਤੀ। ਅਦਾਕਾਰ 4 ਦਸੰਬਰ ਨੂੰ ਫਿਲਮ ‘ਪੁਸ਼ਪਾ-2’ ਦੀ ਸਕ੍ਰੀਨਿੰਗ ਦੌਰਾਨ ਭਗਦੜ ਵਿੱਚ ਔਰਤ ਦੀ ਮੌਤ ਹੋਣ ਦੀ ਘਟਨਾ ਸਬੰਧੀ ਪੁੱਛ-ਪੜਤਾਲ ਲਈ ਇੱਥੇ ਚਿੱਕੜਪੱਲੀ ਪੁਲੀਸ ਅੱਗੇ ਪੇਸ਼ ਹੋਇਆ।
ਅਰਜੁਨ ਆਪਣੇ ਪਿਤਾ ਅੱਲੂ ਅਰਵਿੰਦ ਅਤੇ ਵਕੀਲਾਂ ਨਾਲ ਸਵੇਰੇ 11 ਵਜੇ ਚਿੱਕੜਪੱਲੀ ਥਾਣੇ ਪਹੁੰਚਿਆ ਅਤੇ ਬਾਅਦ ਦੁਪਹਿਰ 2:45 ਵਜੇ ਤੱਕ ਉਸ ਤੋਂ ਪੁੱਛ-ਪੜਤਾਲ ਹੋਈ। ਸੈਂਟਰਲ ਜ਼ੋਨ ਦੇ ਡਿਪਟੀ ਕਮਿਸ਼ਨਰ ਆਫ ਪੁਲੀਸ (ਡੀਸੀਪੀ) ਅਕਸ਼ਾਂਸ਼ ਯਾਦਵ ਦੀ ਅਗਵਾਈ ਵਾਲੀ ਪੁਲੀਸ ਟੀਮ ਨੇ ਅਦਾਕਾਰ ਤੋਂ ਪੁੱਛ-ਪੜਤਾਲ ਕੀਤੀ। ਅਦਾਕਾਰ ਦੀ ਮੌਜੂਦਗੀ ਦੇ ਮੱਦੇਨਜ਼ਰ ਚਿੱਕੜਪੱਲੀ ਥਾਣੇ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਵੱਡੀ ਗਿਣਤੀ ’ਚ ਪੁਲੀਸ ਤਾਇਨਾਤ ਕੀਤੀ ਗਈ ਅਤੇ ਥਾਣੇ ਵੱਲ ਜਾਣ ਵਾਲੀਆਂ ਸੜਕਾਂ ਬੰਦ ਕੀਤੀਆਂ ਗਈਆਂ ਸਨ। ਅਦਾਕਾਰ ਨੂੰ 23 ਦਸੰਬਰ ਨੂੰ ਨੋਟਿਸ ਜਾਰੀ ਕਰਕੇ ਅੱਜ ਸਵੇਰੇ 11 ਵਜੇ ਪੁਲੀਸ ਅੱਗੇ ਪੇਸ਼ ਹੋਣ ਲਈ ਕਿਹਾ ਗਿਆ ਸੀ। ਇਸ ਤੋਂ ਪਹਿਲਾਂ ਇੱਥੇ ਰਿਹਾਇਸ਼ੀ ਜੁਬਲੀ ਹਿੱਲਜ਼ ਸਥਿਤ ਉਸ ਦੀ ਰਿਹਾਇਸ਼ ’ਤੇ ਸੁਰੱਖਿਆ ਵਧਾ ਦਿੱਤੀ ਗਈ ਅਤੇ ਥਾਣੇ ਰਵਾਨਾ ਹੋਣ ਤੋਂ ਪਹਿਲਾਂ ਉਸ ਨੇ ਮੀਡੀਆ ਵੱਲ ਹੱਥ ਹਿਲਾਏ। ਅੱਲੂ ਅਰਜੁਨ ਨੇ ਪਹਿਲਾਂ ਕਿਹਾ ਸੀ ਕਿ ਉਸ ਵੱਲੋਂ ਜਾਂਚ ਵਿੱਚ ਸਹਿਯੋਗ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਪੁਲੀਸ ਕਮਿਸ਼ਨਰ ਸੀਵੀ ਆਨੰਦ ਨੇ ਸੋਮਵਾਰ ਨੂੰ ਥੀਏਟਰ ਵਿੱਚ ਵਾਪਰੀ ਘਟਨਾ ਦੀ ਵੀਡੀਓ ਜਾਰੀ ਕੀਤੀ ਸੀ। -ਪੀਟੀਆਈ