For the best experience, open
https://m.punjabitribuneonline.com
on your mobile browser.
Advertisement

ਮੋਹਰ

07:53 AM Jun 23, 2024 IST
ਮੋਹਰ
Advertisement

ਇਲਾਕੇ ਦਾ ਕਿਹੜਾ ਆਗੂ ਸੀ, ਜਿਹੜਾ ਆਪਣੇ-ਆਪਣੇ ਬੰਦੇ ਰਖਵਾਉਣ ਨਹੀਂ ਸੀ ਆਇਆ। ਸਬ ਡਿਵੀਜ਼ਨ ਦੇ ਐਮ.ਐਲ.ਏਜ਼ ਦੀ ਗੱਲ ਤਾਂ ਦੂਰ ਸੀ, ਸਰਕਲਾਂ ਦੇ ਆਗੂ ਵੀ ਆ ਰਹੇ ਸਨ। ਉਹ ਬੰਦੇ ਵੀ ਆ ਰਹੇ ਸਨ, ਜਿਹੜੇ ਉਹਦੇ ਦਫ਼ਤਰ ਦੇ ਅਣਦਿਸਦੇ ਹੱਥ-ਪੈਰ ਸਨ, ਜਿਨ੍ਹਾਂ ਦੇ ਸਿਰ ’ਤੇ ਉਹਦਾ ਦਫ਼ਤਰ ਚੱਲਦਾ ਸੀ। ਜਿਨ੍ਹਾਂ ਦਾ ਕੋਈ ਨਹੀਂ ਸੀ, ਉਨ੍ਹਾਂ ਦੇ ਉਹ ਸਨ। ਉਨ੍ਹਾਂ ਰਾਹੀਂ ਲੋਕਾਂ ਦੇ ਅੜੇ ਗੱਡੇ ਨਿਕਲਦੇ। ਉਨ੍ਹਾਂ ਨੇ ਏਨੇ ਪੈਸੇ ਕਹਿ ਦਿੱਤੇ ਸਨ ਕਿ ਸੁਣ ਕੇ ਕਾਲਜਾ ਮੂੰਹ ਨੂੰ ਆਉਂਦਾ ਸੀ। ਪਰ ਉਨ੍ਹਾਂ ਨੂੰ ਗਰੇਵਾਲ ਨੇ ਕਹਿ ਦਿੱਤਾ ਸੀ ਕਿ ਉਹ ਇਸ ਕੰਮ ’ਚ ਨਾ ਪੈਣ।
ਅੰਦਰੋਂ ਉਹ ਦੁਖੀ ਸੀ। ਨਾਲ-ਨਾਲ ਹੈਰਾਨ ਵੀ ਸੀ ਕਿ ਜੇ ਦੋ ਸੇਵਾਦਾਰਾਂ ਦੀਆਂ ਦੋ ਅਸਾਮੀਆਂ ਵੇਲ਼ੇ ਇਹ ਹਾਲ ਹੋ ਰਿਹਾ ਹੈ ਤਾਂ ਆਉਣ ਵਾਲ਼ੇ ਸਮੇਂ ’ਚ ਬੇਕਾਰੀ ਦਾ ਬਣੇਗਾ ਕੀ?
ਅੱਕਿਆ ਹੋਇਆ ਉਹ ਇੱਕ ਦਿਨ ਪਹਿਲਾਂ ਹੀ ਚੰਡੀਗੜ੍ਹ ਆ ਗਿਆ ਸੀ ਤੇ ਲੁਕਵੇਂ ਮੋਬਾਈਲ ’ਤੇ ਆਪਣੇ ਰੀਡਰ ਨੂੰ ਫੋਨ ਕਰਕੇ ਪੁੱਛਦਾ ਰਹਿੰਦਾ ਕਿ ਕਿਸਦਾ-ਕਿਸਦਾ ਫੋਨ ਆਇਆ ਹੈ।

Advertisement

ਬੂਟਾ ਸਿੰਘ ਚੌਹਾਨ

ਗਰੇਵਾਲ ਨੇ ਫੋਨ ਬੰਦ ਕੀਤਾ ਹੋਇਆ ਸੀ। ਕੋਠੀ ਦਾ ਲੈਂਡਲਾਈਨ ਫੋਨ ਵੀ ਚੁੱਕ ਕੇ ਰੱਖਿਆ ਹੋਇਆ ਸੀ। ਉਹ ਚਾਹੁੰਦਾ ਸੀ ਕਿ ਸੋਮਵਾਰ ਤੱਕ ਉਹਨੂੰ ਕਿਸੇ ਦਾ ਫੋਨ ਨਾ ਆਵੇ ਤਾਂ ਕਿ ਉਹ ਆਪਣੇ ਗੁਰੂ ਮਾਸਟਰ ਨੰਣਤ ਰਾਮ ਦਾ ਆਪਣੇ ਸਿਰ ਚੜ੍ਹਿਆ ਕਰਜ਼ਾ ਲਾਹ ਸਕੇ। ਇਸ ਲਈ ਉਹ ਇੱਕ ਦਿਨ ਪਹਿਲਾਂ ਹੀ ਚੰਡੀਗੜ੍ਹ ਆ ਗਿਆ ਸੀ।
ਮਾਸਟਰ ਨੰਣਤ ਰਾਮ ਕੋਲ ਉਹ ਪੰਜਵੀਂ ਤੱਕ ਪੜ੍ਹਿਆ ਸੀ। ਉਸ ਨੇ ਹੀ ਉਹਦੇ ਮਨ ’ਚ ਕੁਝ ਨਾ ਕੁਝ ਬਣਨ ਦੇ ਸੁਪਨੇ ਬੀਜੇ ਸਨ ਤੇ ਉਹ ਬੀਜ ਸਾਕਾਰ ਵੀ ਹੋਏ ਸਨ। ਉਹ ਸਮਝਦਾ ਸੀ ਕਿ ਜੇ ਲੋਕ ਉਹਦੇ ਦਫ਼ਤਰ ’ਚ ਹੱਥ ਬੰਨ੍ਹ-ਬੰਨ੍ਹ ਕੇ ਖੜ੍ਹਦੇ ਨੇ, ਮਿੰਨਤਾਂ ਤਰਲੇ ਕਰਦੇ ਨੇ, ਜੇ ਉਹ ਸਾਰੀਆਂ ਰਿਸ਼ਤੇਦਾਰੀਆਂ ’ਚੋਂ ਵੱਧ ਪੜ੍ਹ-ਲਿਖ ਕੇ ਵੱਡਾ ਅਫਸਰ ਬਣਿਆ ਹੈ ਤਾਂ ਉਹਦੇ ਪਿੱਛੇ ਮਾਸਟਰ ਨੰਣਤ ਰਾਮ ਦਾ ਹੀ ਹੱਥ ਹੈ। ਜਦੋਂ ਵੀ ਉਹਨੂੰ ਕਦੇ ਪਿੰਡ ਦੀ ਯਾਦ ਆਉਂਦੀ ਤਾਂ ਉਹਦੀਆਂ ਅੱਖਾਂ ਅੱਗੇ ਮਾਸਟਰ ਨੰਣਤ ਰਾਮ ਦਾ ਦਰਵੇਸ਼ ਜਿਹਾ ਚਿਹਰਾ ਆ ਖੜ੍ਹਦਾ।
ਲੋਕ ਦੱਸਦੇ ਸਨ ਕਿ ਪਹਿਲਾਂ ਉਹ ਕਿਸੇ ਹੋਰ ਪਿੰਡ ’ਚ ਪੜ੍ਹਾਉਂਦਾ ਸੀ। ਜਦੋਂ ਲੋਕਾਂ ਨੇ ਉਹਦੀ ਮਹਿਮਾ ਸੁਣੀ ਤਾਂ ਪਿੰਡ ਦੀ ਪੰਚਾਇਤ ਆਪਣਾ ਅਸਰ ਰਸੂਖ਼ ਵਰਤ ਕੇ ਨੰਣਤ ਰਾਮ ਦੀ ਬਦਲੀ ਕਰਵਾ ਲਿਆਈ ਸੀ। ਉਹ ਇੱਥੋਂ ਦਾ ਹੀ ਸੀ।
ਉਹ ਸਕੂਲ ’ਚ ਇਕੱਲਾ ਮਾਸਟਰ ਸੀ। ਛੋਟਾ ਜਿਹਾ ਪਿੰਡ ਹੋਣ ਕਰਕੇ ਤੀਹ-ਚਾਲੀ ਜੁਆਕ ਮਸਾਂ ਪੜ੍ਹਦੇ ਸਨ। ਜ਼ਿਆਦਾਤਰ ਮੁੰਡੇ ਹੀ ਮੁੰਡੇ ਸਨ। ਕੁੜੀਆਂ ਦੀ ਗਿਣਤੀ ਨਾਂ-ਮਾਤਰ ਸੀ। ਗਰੇਵਾਲ ਨੂੰ ਯਾਦ ਸੀ ਕਿਵੇਂ ਉਹ ਰਾਤ ਦਿਨ ਮਿਹਨਤ ਕਰਵਾਉਂਦਾ ਸੀ। ਉਹਨੇ ਚੌਥੀ ਦੇ ਪੰਜ-ਸੱਤ ਹੁਸ਼ਿਆਰ ਬੱਚੇ ਛਾਂਟ ਲਏ ਸਨ। ਉਨ੍ਹਾਂ ਨੂੰ ਆਥਣੇ ਉਹ ਘਰੇ ਵੀ ਬੁਲਾਉਂਦਾ। ਦੇਰ ਰਾਤ ਤੱਕ ਪੜ੍ਹਾਈ ਜਾਂਦਾ। ਪੜ੍ਹਾਉਣ ਦੇ ਨਾਲ-ਨਾਲ ਹੋਰ ਗੱਲਾਂ ਵੀ ਕਰੀ ਜਾਂਦਾ। ਦਸਾਂ ਵੀਹਾਂ ਦਿਨਾਂ ’ਚ ਉਸ ਨੇ ਉਨ੍ਹਾਂ ਦੀ ਝਿਜਕ ਦੂਰ ਕਰ ਦਿੱਤੀ ਸੀ। ਜੁਆਕਾਂ ਨੂੰ ਉਹ ਘਰਦਿਆਂ ਵਰਗਾ ਲੱਗਦਾ ਜਿਸ ਕਰਕੇ ਕਿਤਾਬਾਂ ਤੋਂ ਡਰ ਲੱਗਣੋਂ ਹਟ ਗਿਆ ਸੀ।
ਗਰੇਵਾਲ ਨੂੰ ਪੜ੍ਹਾਈ ਦੇ ਮਹੱਤਵ ਦਾ ਪਤਾ ਲੱਗ ਗਿਆ ਸੀ। ਉਹਦੀ ਇੱਛਾ ਹਰ ਵੇਲ਼ੇ ਕੁਝ ਨਾ ਕੁਝ ਜਾਣਨ ਦੀ ਰਹਿੰਦੀ। ਕਈ ਵਾਰ ਸੁੱਤੇ ਪਏ ਨੂੰ ਵੀ ਪੜ੍ਹਾਈ ਦੇ ਸੁਪਨੇ ਆਈ ਜਾਂਦੇ। ਨੰਣਤ ਰਾਮ ਦੀ ਇਹ ਗੱਲ ਉਹਨੂੰ ਰਾਸ ਆ ਰਹੀ ਸੀ ਕਿ ਮਨ ’ਚ ਕੋਈ ਗੱਲ ਆਵੇ ਤਾਂ ਮਾਸਟਰ ਤੋਂ ਪੁੱਛੋ। ਜਦ ਤੱਕ ਮਨ ’ਚ ਗੱਲ ਚੰਗੀ ਤਰ੍ਹਾਂ ਨਾ ਬੈਠੇ, ਸੰਗੋ ਨਾ, ਫੇਰ ਪੁੱਛੋ। ਉਹਨੇ ਇਹ ਗੱਲ ਪੱਲੇ ਬੰਨ੍ਹ ਲਈ ਸੀ। ਇਸੇ ਕਰਕੇ ਉਹ ਜਮਾਤਾਂ ਦੀਆਂ ਪੌੜੀਆਂ ਚੜ੍ਹਦਾ-ਚੜ੍ਹਦਾ ਸਕੂਲੋਂ ਕਾਲਜ ਹੁੰਦਾ ਹੋਇਆ ਉੱਚ ਸਿੱਖਿਆ ਪ੍ਰਾਪਤ ਕਰ ਸਕਿਆ ਸੀ।
ਨੰਣਤ ਰਾਮ ਉਹਦੇ ਕੋਲ ਇੱਕੋ ਵਾਰ ਕੰਮ ਆਇਆ ਸੀ। ਉਹਦਾ ਭਾਈਆਂ ਨਾਲ ਜ਼ਮੀਨ ਦਾ ਰੌਲ਼ਾ ਸੀ। ਪਟਵਾਰੀ ਰਾਹ ਨਹੀਂ ਸੀ ਦੇ ਰਿਹਾ। ਜਾੜ੍ਹ ਥੱਲੇ ਚਾਰ ਪੈਸੇ ਆ ਜਾਣ ਕਾਰਨ ਉਹਦੇ ਭਾਈਆਂ ਦੀ ਬੋਲੀ ਬੋਲਣ ਲੱਗ ਪਿਆ ਸੀ।
ਜਦੋਂ ਨੰਣਤ ਰਾਮ ਉਹਦੇ ਕੋਲ ਆਇਆ ਸੀ ਤਾਂ ਗਰੇਵਾਲ ਆਪਣੇ ਪਿੰਡ ਨੇੜਲੇ ਸ਼ਹਿਰ ’ਚ ਐੱਸ.ਡੀ.ਐਮ. ਲੱਗਿਆ ਹੋਇਆ ਸੀ। ਗਰੇਵਾਲ ਨੇ ਉਹਦਾ ਦਫ਼ਤਰ ’ਚ ਆਏ ਦਾ ਪੂਰਾ ਮਾਣ-ਤਾਣ ਕੀਤਾ। ਦਫਤਰ ਦੇ ਪਿਛਲੇ ਪਾਸੇ ਬਣੇ ਖ਼ਾਸ ਕਮਰੇ ’ਚ ਲਿਜਾ ਕੇ ਚਾਹ-ਪਾਣੀ ਪਿਆਇਆ ਸੀ ਤੇ ਪਟਵਾਰੀ ਨੂੰ ਉਸੇ ਵੇਲ਼ੇ ਪਿੰਡ ਫੋਨ ਕਰਕੇ ਜ਼ਮੀਨ ਦਾ ਵੰਡਾਰਾ ਕਰਨ ਲਈ ਕਿਹਾ ਸੀ ਤੇ ਜਾਣ ਵੇਲ਼ੇ ਦਫਤਰ ਦੇ ਗੇਟ ਤੱਕ ਆਪ ਜਾ ਕੇ ਛੱਡ ਕੇ ਗਿਆ ਤੇ ਬੱਸ ਅੱਡੇ ਤੱਕ ਉਹਦੀ ਸਰਕਾਰੀ ਜਿਪਸੀ। ਨੰਣਤ ਰਾਮ ਜਾਣ ਵੇਲ਼ੇ ਬਹੁਤ ਖ਼ੁਸ਼ ਹੋਇਆ ਸੀ। ਮੁੜ ਕੇ ਉਹ ਕਦੇ ਨਹੀਂ ਸੀ ਆਇਆ।
ਉਸ ਦਿਨ ਗਰੇਵਾਲ ਸਰਕਾਰੀ ਰਿਹਾਇਸ਼ ਤੋਂ ਦਫਤਰ ਜਾਣ ਲਈ ਤਿਆਰ ਹੋਇਆ ਸੀ। ਦਫਤਰ ਜਾਣ ’ਚ ਅਜੇ ਸਮਾਂ ਪਿਆ ਸੀ। ਆਦਤ ਅਨੁਸਾਰ ਉਹ ਅਖ਼ਬਾਰਾਂ ’ਤੇ ਨਿਗਾਹ ਮਾਰਨ ਲੱਗ ਪਿਆ। ਉਹਦੀ ਨਿਗਾਹ ਅਚਾਨਕ ਇੱਕ ਸਫ਼ੇ ’ਤੇ ਅਟਕੀ। ਖ਼ਬਰ ਸੀ, ‘ਸਟੇਟ ਐਵਾਰਡੀ ਮਾਸਟਰ ਨੰਣਤ ਰਾਮ ਨਹੀਂ ਰਹੇ’। ਖ਼ਬਰ ’ਚ ਉਨ੍ਹਾਂ ਦੀ ਜ਼ਿੰਦਗੀ ਬਾਰੇ ਦੱਸਿਆ ਹੋਇਆ ਸੀ ਤੇ ਬਿਮਾਰੀ ਦਾ ਕਾਰਨ ਵੀ।
ਖ਼ਬਰ ਪੜ੍ਹਨ ਸਾਰ ਉਹਦਾ ਮਨ ਖ਼ਰਾਬ ਹੋ ਗਿਆ। ਦਫ਼ਤਰ ਜਾਣ ਦਾ ਸਾਰਾ ਉਤਸ਼ਾਹ ਜਾਂਦਾ ਰਿਹਾ। ਮਾਸਟਰ ਨੰਣਤ ਰਾਮ ਦਾ ਚਿਹਰਾ ਉਹਦੀਆਂ ਅੱਖਾਂ ਅੱਗੇ ਆ ਖੜ੍ਹਾ। ਕਿੰਨਾ ਭੋਲਾ ਸੀ ਉਨ੍ਹਾਂ ਦਾ ਚਿਹਰਾ। ਛਲ ਰਹਿਤ ਅੱਖਾਂ। ਪੜ੍ਹਾਉਣ ਵੇਲ਼ੇ ਬੱਚਿਆਂ ਨਾਲ ਉਹ ਬੱਚਾ ਬਣ ਜਾਂਦਾ। ਪੜ੍ਹਾਉਂਦਾ ਹੋਇਆ ਇਉਂ ਲੱਗਦਾ, ਜਿਵੇਂ ਆਪ ਵੀ ਬੱਚਿਆਂ ਨਾਲ ਪੜ੍ਹ ਰਿਹਾ ਹੋਵੇ। ਉਹਦਾ ਘੁਲਣਾ-ਮਿਲਣਾ ਹੀ ਬੱਚਿਆਂ ਦੇ ਮਾਨਸਿਕ ਵਿਕਾਸ ਕਰਨ ਦਾ ਨੁਕਤਾ ਸੀ। ਉਹ ਪੜ੍ਹਾਉਂਦਾ ਘੱਟ ਸੀ। ਬੱਚਿਆਂ ’ਚ ਪੜ੍ਹਨ ਦੀ ਭੁੱਖ ਵੱਧ ਪੈਦਾ ਕਰਦਾ ਸੀ।
ਗਰੇਵਾਲ ਦਫਤਰ ਆਇਆ। ਬੁਝੇ ਮਨ ਨਾਲ ਦਫਤਰ ਦੇ ਕੰਮ ਨਿਬੇੜੇ ਤੇ ਪਿੰਡ ਅਫ਼ਸੋਸ ਕਰਨ ਲਈ ਚਲਾ ਗਿਆ। ਉਹਦੇ ਰੀਡਰ ਨੇ ਸੰਬੰਧਿਤ ਥਾਣੇ ’ਚ ਦੱਸ ਦਿੱਤਾ ਸੀ। ਇਸ ਕਰਕੇ ਪਿੰਡ ’ਚ ਉਹਦੇ ਆਉਣ ਬਾਰੇ ਪਤਾ ਲੱਗ ਗਿਆ ਸੀ। ਪੰਚਾਇਤ ਵੀ ਆ ਗਈ ਸੀ।
ਗਰੇਵਾਲ ਨੂੰ ਸੱਥਰ ’ਤੇ ਹੀ ਪਤਾ ਲੱਗਿਆ ਸੀ ਕਿ ਮਾਸਟਰ ਨੰਣਤ ਰਾਮ ਦੀ ਛੋਟੀ ਕੁੜੀ ਕਈ ਮਹੀਨੇ ਪਹਿਲਾਂ ਸਿਰੋਂ ਨੰਗੀ ਹੋ ਗਈ ਸੀ। ਉਹਦਾ ਘਰਵਾਲਾ ਆਰ.ਐਮ.ਪੀ ਡਾਕਟਰ ਸੀ। ਨਾਲ ਦੇ ਕਿਸੇ ਪਿੰਡ ’ਚ ਡਾਕਟਰੀ ਕਰਦਾ ਸੀ। ਧੁੰਦਾਂ ਦੇ ਦਿਨ ਸਨ। ਆਥਣੇ ਪੰਜ-ਛੇ ਵਜੇ ਹੀ ਸੁਰਮੇ ਰੰਗਾ ਹਨੇਰਾ ਪਸਰਣ ਲੱਗ ਪੈਂਦਾ।
ਇੱਕ ਦਿਨ ਉਹ ਘਰੇ ਆ ਰਿਹਾ ਸੀ ਕਿ ਕੋਈ ਟਰੱਕ ਵਾਲਾ ਫੇਟ ਮਾਰ ਗਿਆ। ਟਰੱਕ ਦੀ ਪਛਾਣ ਨਾ ਹੋ ਸਕੀ। ਸੜਕ ’ਤੇ ਆਵਾਜਾਈ ਨਾ ਹੋਣ ਕਰਕੇ ਟਰੱਕ ਵਾਲੇ ਨੇ ਭੱਜਣ ਦੀ ਕੀਤੀ।
ਕੁੜੀ ਦੀ ਉਮਰ ਖ਼ਾਸ ਨਹੀਂ ਸੀ। ਚਾਰ ਕੁ ਸਾਲ ਪਹਿਲਾਂ ਉਹ ਵਿਆਹੀ ਸੀ। ਉਹਦੇ ਇੱਕ ਕੁੜੀ ਸੀ ਜਿਹੜੀ ਨਾਲ ਹੀ ਆ ਗਈ ਸੀ। ਅੱਗੇ ਕੀ ਕਰੇ? ਸੋਚਦਾ-ਸੋਚਦਾ ਮਾਸਟਰ ਨੰਣਤ ਰਾਮ ਤੁਰ ਗਿਆ ਸੀ। ਉਹਨੂੰ ਗ਼ਿਲਾ ਸੀ ਕਿ ਸਾਰੀ ਉਮਰ ਉਹਨੇ ਕਿਸੇ ਦਾ ਮਾੜਾ ਨਹੀਂ ਕੀਤਾ ਤੇ ਰੱਬ ਨੇ ਉਹਨੂੰ ਏਡੀ ਵੱਡੀ ਸਜ਼ਾ ਕਾਹਦੇ ਲਈ ਦਿੱਤੀ ਹੈ?
ਗਰੇਵਾਲ ਰਾਹ ਵਾਲੀ ਬੈਠਕ ’ਚ ਬੈਠਾ ਸੀ। ਕੋਲ ਪਿੰਡ ਦੀ ਪੰਚਾਇਤ ਤੇ ਪਿੰਡ ਦੇ ਕੁਝ ਹੋਰ ਬੰਦੇ ਬੈਠੇ ਸਨ। ਨੰਣਤ ਰਾਮ ਦਾ ਵੱਡਾ ਭਾਈ ਉਹਦੇ ਮਰਨ ਬਾਰੇ ਦੱਸ ਰਿਹਾ ਸੀ। ਵਰਾਂਡੇ ’ਚ ਔਰਤਾਂ ਬੈਠੀਆਂ ਸਨ। ਜਿਨ੍ਹਾਂ ’ਚ ਬੈਠੀ ਨੰਣਤ ਰਾਮ ਦੀ ਕੁੜੀ ਰੋਂਦੀ ਹੋਈ ਹਾਲੋਂ ਬੇਹਾਲ ਹੋ ਰਹੀ ਸੀ। ਉਹਦੀ ਮਾਂ ਦੀਆਂ ਅੱਖਾਂ ’ਚੋਂ ਵੀ ਪਾਣੀ ਵਗ ਰਿਹਾ ਸੀ ਤੇ ਉਹ ਕੁੜੀ ਨੂੰ ਵਰਾ ਵੀ ਰਹੀ ਸੀ। ਪਲਾਂ ’ਚ ਹੀ ਸੋਗੀ ਮਾਹੌਲ ਪੈਦਾ ਹੋ ਗਿਆ ਸੀ।
ਕੁੜੀ ਬਾਰੇ ਸੁਣ ਕੇ ਗਰੇਵਾਲ ਦਾ ਮਨ ਉਦਾਸ ਹੋ ਗਿਆ। ਉਹ ਉੱਠਿਆ ਤੇ ਵਰਾਂਡੇ ’ਚ ਰੋ ਰਹੀਆਂ ਔਰਤਾਂ ਕੋਲ ਆ ਗਿਆ। ਉਹਨੂੰ ਆਏ ਨੂੰ ਵੇਖ ਕੇ ਔਰਤਾਂ ਸੁਚੇਤ ਹੋ ਗਈਆਂ ਤੇ ਸੰਭਲ ਕੇ ਬੈਠ ਗਈਆਂ, ਪਰ ਕੁੜੀ ਅਜੇ ਵੀ ਰੋਈ ਜਾ ਰਹੀ ਸੀ।
ਗਰੇਵਾਲ ਨੇ ਕੁੜੀ ਦੇ ਸਿਰ ’ਤੇ ਹੱਥ ਰੱਖਿਆ ਤੇ ਸਬਰ ਕਰਨ ਲਈ ਕਿਹਾ। ਗਰੇਵਾਲ ਨਾਲ ਉੱਠ ਕੇ ਸਰਪੰਚ, ਮਾਸਟਰ ਨੰਣਤ ਰਾਮ ਦਾ ਭਾਈ ਤੇ ਪੰਚ ਵੀ ਆ ਗਏ ਸਨ। ਗਰੇਵਾਲ ਨੇ ਕੁੜੀ ਨਾਲ ਗੱਲੀਂ ਲੱਗ ਕੇ ਉਹਨੂੰ ਚੁੱਪ ਕਰਵਾਇਆ ਤੇ ਕੋਰਾ ਕਾਗ਼ਜ਼ ਮੰਗਵਾ ਕੇ ਤੇ ਆਪ ਬੋਲ ਕੇ ਨੌਕਰੀ ਲਈ ਅਰਜ਼ੀ ਲਿਖਵਾ ਲਈ।
ਸਰਕਾਰ ਬਣੀ ਨੂੰ ਅਜੇ ਸਾਲ ਕੁ ਹੋਇਆ ਸੀ। ਵੱਖ-ਵੱਖ ਮਹਿਕਮਿਆਂ ਦੇ ਰਾਜਸੀ ਆਗੂ ਅਜੇ ਮੁਖੀ ਨਹੀਂ ਸੀ ਲਾਏ। ਨਗਰ ਸੁਧਾਰ ਟਰੱਸਟ ਦਾ ਚਾਰਜ ਗਰੇਵਾਲ ਕੋਲ਼ ਹੀ ਸੀ ਜਿਸ ’ਚ ਸੇਵਾਦਾਰਾਂ ਦੀਆਂ ਦੋ ਖ਼ਾਲੀ ਥਾਵਾਂ ਪਈਆਂ ਸਨ। ਉਨ੍ਹਾਂ ਨੂੰ ਭਰਨ ਲਈ ਮੁੱਢਲਾ ਅਮਲ ਸ਼ੁਰੂ ਕਰਦਿਆਂ ਉਹਨੇ ਉੱਪਰੋਂ ਮਨਜ਼ੂਰੀ ਲੈ ਕੇ ਦੋ ਛੋਟੇ-ਛੋਟੇ ਅਖ਼ਬਾਰਾਂ ’ਚ ਇਸ਼ਤਿਹਾਰ ਦੇ ਦਿੱਤੇ। ਇਹ ਗੱਲ ਵੀ ਯਕੀਨੀ ਬਣਾਈ ਕਿ ਉਸ ਦਿਨ ਅਖ਼ਬਾਰ ਸ਼ਹਿਰ ’ਚ ਨਾ ਆਉਣ ਤਾਂ ਕਿ ਨੌਕਰੀ ਮੰਗਣ ਵਾਲਿਆਂ ਦੀ ਭੀੜ ਨਾ ਲੱਗੇ ਤੇ ਉਹ ਚੁੱਪ ਕਰਕੇ ਆਪਣੇ ਮਕਸਦ ’ਚ ਕਾਮਯਾਬ ਹੋ ਸਕੇ। ਕਿੰਨੀਆਂ ਅਰਜ਼ੀਆਂ ਆਈਆਂ ਨੇ? ਗਰੇਵਾਲ ਦਾ ਰੀਡਰ ਟਰੱਸਟ ਦੇ ਦਫਤਰੋਂ ਅਕਸਰ ਪੁੱਛਦਾ ਰਹਿੰਦਾ, ਪਰ ਗੱਲ ਤਸੱਲੀ ਵਾਲੀ ਸੀ। ਟਰੱਸਟ ਦੇ ਹੋਰ ਮੁਲਾਜ਼ਮਾਂ ਕੋਲੋਂ ਵੀ ਇਸ ਗੱਲ ਦਾ ਓਹਲਾ ਰੱਖਿਆ ਗਿਆ ਸੀ। ਅਰਜ਼ੀਆਂ ਵਾਲੀ ਫਾਈਲ ਦਫਤਰ ਦੇ ਅਫਸਰ ਨੇ ਆਪਣੇ ਕੋਲ ਰੱਖੀ ਹੋਈ ਸੀ।
ਇੰਟਰਵਿਊ ’ਚ ਪੰਜ ਦਿਨ ਰਹਿੰਦੇ ਸਨ, ਪਰ ਅਚਾਨਕ ਅਰਜ਼ੀਆਂ ਦੀ ਹਨੇਰੀ ਆ ਗਈ। ਇਹ ਗੱਲ ਗਰੇਵਾਲ ਦੇ ਰੀਡਰ ਨੇ ਆ ਕੇ ਦੱਸੀ। ਉਹ ਸੁਣ ਕੇ ਹੈਰਾਨ ਰਹਿ ਗਿਆ ਕਿ ਇਹ ਅਸਾਮੀਆਂ ਦੀ ਗੱਲ ਬਾਹਰ ਨਿਕਲੀ ਕਿਵੇਂ? ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਜਿਸ ਦਿਨ ਇਸ਼ਤਿਹਾਰ ਵਾਲੇ ਅਖ਼ਬਾਰ ਸ਼ਹਿਰ ’ਚ ਨਹੀਂ ਸੀ ਆਏ ਤਾਂ ਬਲਦੇਵ ਭਾਰਤੀ, ਜਿਸਦਾ ਟਾਈਪ ਸੈਂਟਰ ਸੀ ਤੇ ਉਹ ਬੇਰੁਜ਼ਗਾਰਾਂ ਨੂੰ ਨਵੀਂਆਂ ਨਿਕਲੀਆਂ ਨੌਕਰੀਆਂ ਦੀ ਜਾਣਕਾਰੀ ਦੇ ਕੇ ਤੇ ਫਾਰਮ ਭਰ ਕੇ ਆਪਣਾ ਘਰ ਤੋਰਦਾ ਸੀ, ਨੂੰ ਸ਼ੱਕ ਪੈ ਗਿਆ ਸੀ ਕਿ ਅੱਜ ਦਾਲ ’ਚ ਕੁਝ ਨਾ ਕੁਝ ਕਾਲਾ ਜ਼ਰੂਰ ਹੈ। ਉਹ ਆਪਣੇ ਕਿੱਤੇ ਦੀਆਂ ਸਾਰੀਆਂ ਬਾਰੀਕੀਆਂ ਜਾਣਦਾ ਸੀ।
ਉਹ ਹਰ ਰੋਜ਼ ਦੁਕਾਨ ’ਤੇ ਆਉਣ ਤੋਂ ਪਹਿਲਾਂ ਬੱਸ ਅੱਡੇ ’ਤੇ ਅਖ਼ਬਾਰਾਂ ਵਾਲੀ ਦੁਕਾਨ ’ਤੇ ਜਾਂਦਾ। ਖ਼ਬਰਾਂ ਨਾਲ ਉਹਦਾ ਕੋਈ ਲਾਗਾ-ਦੇਗਾ ਨਹੀਂ ਸੀ ਹੁੰਦਾ। ਉਹਦੀ ਅੱਖ ਨੌਕਰੀਆਂ ਦੇ ਛਪੇ ਇਸ਼ਤਿਹਾਰਾਂ ’ਤੇ ਹੁੰਦੀ। ਜੇ ਕਿਸੇ ਸਰਕਾਰੀ ਜਾਂ ਅਰਧ ਸਰਕਾਰੀ ਮਹਿਕਮੇ ’ਚ ਨੌਕਰੀਆਂ ਨਿਕਲੀਆਂ ਹੁੰਦੀਆਂ। ਉਹ ਉਹੀ ਅਖ਼ਬਾਰ ਮੁੱਲ ਲੈਂਦਾ ਤੇ ਦੁਕਾਨ ਅੱਗੇ ਚੱਕਵੇਂ ਕਾਲੇ ਬੋਰਡ ’ਤੇ ਮੋਟੇ ਅੱਖਰਾਂ ’ਚ ਲਿਖ ਦਿੰਦਾ, ‘ਨੌਕਰੀਆਂ ਹੀ ਨੌਕਰੀਆਂ’। ਬੇਰੁਜ਼ਗਾਰ ਖਿੱਚੇ ਆਉਂਦੇ। ਇਨ੍ਹਾਂ ਨੌਕਰੀਆਂ ਵੇਲ਼ੇ ਵੀ ਇਵੇਂ ਹੋਇਆ ਸੀ।
ਗਰੇਵਾਲ ਕੋਲ ਸ਼ਿਫ਼ਾਰਸ਼ਾਂ ਦੀ ਝੜੀ ਲੱਗ ਗਈ ਸੀ। ਜਿਹੜਾ ਵੀ ਆਉਂਦਾ, ਇਹੋ ਗੱਲ ਤੋਰਦਾ। ਇਹ ਗੱਲ ਬਿੰਦੇ-ਝੱਟੇ ਸੁਣਦਾ-ਸੁਣਦਾ ਉਹ ਅੱਕ ਗਿਆ ਸੀ। ਪਰ ਉਹ ਗੁੱਸਾ ਦਿਲ ’ਚ ਦੱਬੀ ਰੱਖਦਾ ਤੇ ਆਪਣੀ ਦਫ਼ਤਰੀ ਭਾਸ਼ਾ ’ਚ ਉੱਪਰੋਂ ਵੱਡੀ ਤੇ ਵਿੱਚੋਂ ਖ਼ਾਲੀ ਮੂੰਗਫ਼ਲੀ ਵਰਗੀ ਗੱਲ ਕਰਕੇ ਟਾਲ਼ ਦਿੰਦਾ। ਅਖ਼ੀਰਲੇ ਦਿਨਾਂ ’ਚ ਉਹਦੀ ਹਾਲਤ ਇਹ ਹੋ ਗਈ ਸੀ ਕਿ ਜਿਹੜਾ ਵੀ ਆਉਂਦਾ, ਲੱਗਦਾ ਕਿ ਉਹ ਇਹੋ ਗੱਲ ਕਰੇਗਾ। ਫਿਰ ਵੀ ਉਹਨੂੰ ਤਸੱਲੀ ਸੀ ਕਿ ਉਹ ਆਪਣੇ ਮਕਸਦ ਵਿੱਚ ਕਾਮਯਾਬ ਹੋ ਜਾਵੇਗਾ। ਉਹਨੇ ਸੋਚ ਲਿਆ ਸੀ ਕਿ ਜੇ ਇੱਕ ਬੰਦੇ ਦਾ ਕਿਸੇ ਪਾਸਿਓਂ ਦਬਾਅ ਵੀ ਪੈ ਗਿਆ, ਇੱਕ ਉਹ ਰੱਖ ਲਵੇਗਾ, ਦੂਜੀ ਨੰਣਤ ਰਾਮ ਦੀ ਕੁੜੀ।
ਇਲਾਕੇ ਦਾ ਕਿਹੜਾ ਆਗੂ ਸੀ, ਜਿਹੜਾ ਆਪਣੇ-ਆਪਣੇ ਬੰਦੇ ਰਖਵਾਉਣ ਨਹੀਂ ਸੀ ਆਇਆ। ਸਬ ਡਿਵੀਜ਼ਨ ਦੇ ਐਮ.ਐਲ.ਏਜ਼ ਦੀ ਗੱਲ ਤਾਂ ਦੂਰ ਸੀ, ਸਰਕਲਾਂ ਦੇ ਆਗੂ ਵੀ ਆ ਰਹੇ ਸਨ। ਉਹ ਬੰਦੇ ਵੀ ਆ ਰਹੇ ਸਨ, ਜਿਹੜੇ ਉਹਦੇ ਦਫ਼ਤਰ ਦੇ ਅਣਦਿਸਦੇ ਹੱਥ-ਪੈਰ ਸਨ, ਜਿਨ੍ਹਾਂ ਦੇ ਸਿਰ ’ਤੇ ਉਹਦਾ ਦਫ਼ਤਰ ਚੱਲਦਾ ਸੀ। ਜਿਨ੍ਹਾਂ ਦਾ ਕੋਈ ਨਹੀਂ ਸੀ, ਉਨ੍ਹਾਂ ਦੇ ਉਹ ਸਨ। ਉਨ੍ਹਾਂ ਰਾਹੀਂ ਲੋਕਾਂ ਦੇ ਅੜੇ ਗੱਡੇ ਨਿਕਲਦੇ। ਉਨ੍ਹਾਂ ਨੇ ਏਨੇ ਪੈਸੇ ਕਹਿ ਦਿੱਤੇ ਸਨ ਕਿ ਸੁਣ ਕੇ ਕਾਲਜਾ ਮੂੰਹ ਨੂੰ ਆਉਂਦਾ ਸੀ। ਪਰ ਉਨ੍ਹਾਂ ਨੂੰ ਗਰੇਵਾਲ ਨੇ ਕਹਿ ਦਿੱਤਾ ਸੀ ਕਿ ਉਹ ਇਸ ਕੰਮ ’ਚ ਨਾ ਪੈਣ।
ਵੀਰਵਾਰ ਵਾਲੇ ਦਿਨ ਹੀ ਉਹ ਅੱਕ ਗਿਆ ਸੀ। ਜਿਹੜਾ ਆਉਂਦਾ, ਇਹੋ ਗੱਲ ਕਰਦਾ। ਅੱਕ ਕੇ ਉਹਨੇ ਰੀਡਰ ਨੂੰ ਕਹਿ ਦਿੱਤਾ ਸੀ ਕਿ ਉਹ ‘ਨਿੱਕੇ-ਮੋਟੇ’ ਬੰਦੇ ਨਾ ਭੇਜੇ। ਪਰ ਫਿਰ ਵੀ ਮੂੰਹ ਮੱਥੇ ਲੱਗਦੇ ਲੋਕ ਆ ਰਹੇ ਸਨ। ਕਿਸੇ ਨੂੰ ਕੁਝ, ਕਿਸੇ ਨੂੰ ਕੁਝ ਕਹਿ ਕੇ ਉਹ ਟਾਲ ਰਿਹਾ ਸੀ। ਲੱਕੜ ਦੇ ਮੁੰਡਿਆਂ ਦੀ ਉਹਦੇ ਕੋਲ ਕਮੀ ਨਹੀਂ ਸੀ।
ਪਰ ਅੰਦਰੋਂ ਉਹ ਦੁਖੀ ਸੀ। ਨਾਲ-ਨਾਲ ਹੈਰਾਨ ਵੀ ਸੀ ਕਿ ਜੇ ਦੋ ਸੇਵਾਦਾਰਾਂ ਦੀਆਂ ਦੋ ਅਸਾਮੀਆਂ ਵੇਲ਼ੇ ਇਹ ਹਾਲ ਹੋ ਰਿਹਾ ਹੈ ਤਾਂ ਆਉਣ ਵਾਲ਼ੇ ਸਮੇਂ ’ਚ ਬੇਕਾਰੀ ਦਾ ਬਣੇਗਾ ਕੀ?
ਅੱਕਿਆ ਹੋਇਆ ਉਹ ਇੱਕ ਦਿਨ ਪਹਿਲਾਂ ਹੀ ਚੰਡੀਗੜ੍ਹ ਆ ਗਿਆ ਸੀ ਤੇ ਲੁਕਵੇਂ ਮੋਬਾਈਲ ’ਤੇ ਆਪਣੇ ਰੀਡਰ ਨੂੰ ਫੋਨ ਕਰਕੇ ਪੁੱਛਦਾ ਰਹਿੰਦਾ ਕਿ ਕਿਸਦਾ-ਕਿਸਦਾ ਫੋਨ ਆਇਆ ਹੈ। ਜਿਨ੍ਹਾਂ ਦੇ ਨਾਮ ਰੀਡਰ ਦੱਸ ਰਿਹਾ ਸੀ, ਉਨ੍ਹਾਂ ਦੀ ਉਹਨੂੰ ਕੋਈ ਪਰਵਾਹ ਨਹੀਂ ਸੀ। ਪਰ ਜਦੋਂ ਰੀਡਰ ਨੇ ਦੱਸਿਆ ਕਿ ਵਾਰ-ਵਾਰ ਹਲਕੇ ਦੇ ਐੱਮ.ਐਲ.ਏ. ਦਾ ਫੋਨ ਆ ਰਿਹਾ ਹੈ ਤੇ ਉਹ ਤੁਹਾਡਾ ਫੋਨ ਨਾ ਮਿਲਣ ਕਾਰਨ ਗੁੱਸੇ ਵੀ ਹੋ ਰਹੇ ਨੇ ਤਾਂ ਇਹ ਸੁਣ ਕੇ ਉਹ ਅੰਦਰੋ ਅੰਦਰੀ ਕੁਝ ਜਰਕਿਆ ਸੀ। ਇਹ ਐੱਮ.ਐਲ.ਏ. ਹੀ ਉਹਦੀ ਬਦਲੀ ਕਰਵਾ ਕੇ ਲੈ ਕੇ ਗਿਆ ਸੀ, ਪਰ ਉਹਨੇ ਮੋੜਵਾਂ ਫੋਨ ਨਹੀਂ ਸੀ ਕੀਤਾ। ਸੋਚਿਆ ਸੀ ਕਿ ਜਦੋਂ ਸੋਮਵਾਰ ਨੂੰ ਉਹ ਦਫ਼ਤਰ ਜਾਵੇਗਾ ਤਾਂ ਉਹਦੇ ਨਾਲ ਗੱਲ ਕਰਕੇ ਇੱਕ ਆਦਮੀ ਉਹਦਾ ਰੱਖ ਲਵੇਗਾ।
ਸੋਮਵਾਰ ਵਾਲੇ ਦਿਨ ਉਹ ਤੜਕੇ ਹੀ ਚੰਡੀਗੜ੍ਹ ਤੋਂ ਚੱਲ ਪਿਆ। ਮੋਬਾਈਲ ਉਹਦਾ ਅਜੇ ਵੀ ਬੰਦ ਸੀ। ਉਹਦੀ ਜਿਪਸੀ ਤੇਜੀ ਨਾਲ ਭੱਜੀ ਜਾ ਰਹੀ ਸੀ। ਉਹ ਸ਼ਹਿਰ ਦੇ ਨੇੜੇ ਆਇਆ ਤਾਂ ਮੋਬਾਈਲ ਖੋਲ੍ਹਿਆ ਤਾਂ ਕਿ ਰੀਡਰ ਤੋਂ ਪਤਾ ਕਰ ਸਕੇ ਕਿ ਟਰੱਸਟ ’ਚ ਆਏ ਬੰਦਿਆਂ ਦੀ ਕਿੰਨੀ ਕੁ ਭੀੜ ਹੈ! ਉਹ ਰੀਡਰ ਦਾ ਨੰਬਰ ਮਿਲਾਉਣ ਲੱਗਿਆ।
ਅਜੇ ਦੋ ਤਿੰਨ ਅੱਖਰ ਹੀ ਦੱਬੇ ਸੀ ਕਿ ਅਚਾਨਕ ਅੱਗੋਂ ਆਵਾਜ਼ ਆਈ, ‘‘ਤੁਹਾਡਾ ਫੋਨ ਲਗਾਤਾਰ ਬੰਦ ਕਿਉਂ ਆ ਰਿਹੈ?’’ ਬੋਲਣ ਵਾਲੇ ਦੀ ਆਵਾਜ਼ ’ਚ ਗੁੱਸਾ ਸੀ। ਗਰੇਵਾਲ ਨੂੰ ਪਤਾ ਲੱਗ ਗਿਆ ਸੀ ਕਿ ਇਹ ਮੁੱਖ ਮੰਤਰੀ ਦੇ ਪੀ.ਏ. ਦਾ ਫੋਨ ਹੈ। ਗਰੇਵਾਲ ਕੁਝ ਕਹਿਣ ਹੀ ਲੱਗਿਆ ਸੀ ਕਿ ਅੱਗੋਂ ਆਵਾਜ਼ ਆਈ, ‘‘ਆਹ ਲਉ ਮੁੱਖ ਮੰਤਰੀ ਸਾਹਿਬ ਨਾਲ ਗੱਲ ਕਰੋ।’’
ਅੱਗੋਂ ਭਾਰੀ ਆਵਾਜ਼ ਆਈ, ‘‘ਕਾਕਾ! ਇੱਕ ਦਫਤਰ ’ਚ ਅੱਜ ਤੂੰ ਦੋ ਬੰਦੇ ਰੱਖਣੇ ਐਂ। ਤੇਰੇ ਕੋਲ ਹਰਦੇਵ ਸਿੰਘ ਨਾਂ ਦਾ ਬੰਦਾ ਆਊ। ਉਹਦੀ ਗੱਲ ਮੰਨ ਕੇ ਰਿਪੋਰਟ ਕਰੀਂ।’’
ਇਹ ਸੁਣ ਕੇ ਗਰੇਵਾਲ ਦਾ ਰੰਗ ਉੱਡ ਗਿਆ। ਹੱਥਾਂ ਪੈਰਾਂ ਦੀ ਪੈ ਗਈ। ਉਹਨੇ ਕਿਹਾ, ‘‘ਸਰ ਜੀ... ਸਰ ਜੀ, ਮੇਰੀ ਇੱਕ ਬੇਨਤੀ ਐ... ਸਰ ਜੀ ਮੇਰੀ ਬੇਨਤੀ...।’’
ਪਰ ਅੱਗੋਂ ਆਵਾਜ਼ ਨਹੀਂ ਸੀ ਆ ਰਹੀ।
ਫੋਨ ਕੱਟਿਆ ਜਾ ਚੁੱਕਿਆ ਸੀ।
ਸੰਪਰਕ: 98143-80749

Advertisement
Author Image

Advertisement
Advertisement
×