ਪੰਜਾਬ ਨਾਟਸ਼ਾਲਾ ਵਿੱਚ ਨਾਟਕ ‘ਅਰਮਾਨ’ ਦਾ ਮੰਚਨ
ਪੱਤਰ ਪ੍ਰੇਰਕ
ਅੰਮ੍ਰਿਤਸਰ, 17 ਨਵੰਬਰ
ਇੱਥੇ ਅੱਜ ਪੰਜਾਬ ਨਾਟਸ਼ਾਲਾ ਵਿੱਚ ਸ਼੍ਰੋਮਣੀ ਨਾਟਕਕਾਰ ਜਤਿੰਦਰ ਬਰਾੜ ਦਾ ਲਿਖਿਆ ਅਤੇ ਅਮਨ ਭਾਰਦਵਾਜ ਵਲੋਂ ਨਿਰਦੇਸ਼ਤ ਨਾਟਕ ‘ਅਰਮਾਨ’ ਦਾ ਸ਼ਾਨਦਾਰ ਮੰਚਨ ਕੀਤਾ ਗਿਆ। ਨਾਟਕ ਦੀ ਕਹਾਣੀ ਇੱਕ ਅਜਿਹੇ ਪਰਿਵਾਰ ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਆਪਣੇ ਬੱਚਿਆਂ ’ਤੇ ਆਪਣੀਆਂ ਇੱਛਾਵਾਂ ਥੋਪਦਾ ਹੈ। ਮਾਤਾ-ਪਿਤਾ ਰਾਹੁਲ ਨੂੰ ਡਾਕਟਰ ਬਣਾਉਣ ਦੀ ਜ਼ਿੱਦ ਕਾਰਨ ਉਸ ਨੂੰ ਪੜ੍ਹਾਈ `ਤੇ ਜ਼ੋਰ ਦੇਣ ਲਈ ਬਚਪਨ ਤੋਂ ਹੀ ਪ੍ਰੇਸ਼ਾਨ ਕਰਦੇ ਰਹਿੰਦੇ ਹਨ, ਜਦੋਂਕਿ ਰਾਹੁਲ ਨੂੰ ਇਹ ਪਸੰਦ ਨਹੀਂ ਹੈ। ਪਰਿਵਾਰ ਵਲੋਂ ਵਾਰ-ਵਾਰ ਚਿਤਾਵਨੀਆਂ ਤੋਂ ਤੰਗ ਆ ਕੇ ਰਾਹੁਲ ਗਲਤ ਸੰਗਤ ਵਿੱਚ ਪੈ ਕੇ ਨਸ਼ਿਆਂ ਦਾ ਆਦੀ ਹੋ ਜਾਂਦਾ ਹੈ। ਜਿਵੇਂ-ਜਿਵੇਂ ਸਮਾਂ ਬੀਤਦਾ ਹੈ, ਰਾਹੁਲ ਦਾ ਨਸ਼ਾ ਉਸ ਨੂੰ ਆਪਣੇ ਘਰੇਲੂ ਗਹਿਣੇ ਅਤੇ ਸਾਮਾਨ ਵੇਚਣ ਲਈ ਮਜਬੂਰ ਕਰਦਾ ਹੈ। ਅਖੀਰ ਦਵਾਈ ਨਾ ਮਿਲਣ ਕਾਰਨ ਉਸ ਦੀ ਮੌਤ ਹੋ ਜਾਂਦੀ ਹੈ। ਰਾਹੁਲ ਦੀ ਮੌਤ ਤੋਂ ਬਾਅਦ ਪਰਿਵਾਰ ਨੂੰ ਅਹਿਸਾਸ ਹੋਇਆ। ਕਿ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਉਸ ਨੇ ਪੁੱਤਰ ਦੀ ਬਲੀ ਦਿੱਤੀ। ਨਾਟਕ ਵਿੱਚ ਡੌਲੀ ਸੱਧਲ, ਰਾਕੇਸ਼, ਵਿਘਨੇਸ਼ ਤਲਵਾੜ, ਅਮਨਦੀਪ ਸਿੰਘ, ਸ਼ੈਰੀ ਸਿੰਘ, ਦੀਆ, ਛੀਨਾ, ਜਗਦੀਸ਼ ਜੱਬਲ, ਹਰੀਸ਼ ਚੌਧਰੀ, ਪਰਵਿੰਦਰ, ਵਿਕਾਸ ਸੋਨੂੰ, ਦਿਲਬਾਗ ਸਿੰਘ, ਬਿਕਰਮਜੀਤ ਸਿੰਘ ਅਤੇ ਸੁਮਨੀਕ ਸਿੰਘ ਨੇ ਭੂਮਿਕਾ ਨਿਭਾਈ।