ਰਾਜਪੁਰਾ ’ਚ ਸਟੇਡੀਅਮ ਤੇ ਹੋਰ ਪ੍ਰਾਜੈਕਟ ਹੋਣਗੇ ਸ਼ੁਰੂ: ਮਿੱਤਲ
ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 29 ਜੂਨ
ਰਾਜਪੁਰਾ ਦੀ ਵਿਧਾਇਕਾ ਨੀਨਾ ਮਿੱਤਲ ਅਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਅੱਜ ਰਾਜਪੁਰਾ ਸ਼ਹਿਰ ਵਿੱਚ ਚੱਲ ਰਹੇ ਅਤੇ ਨਵੇਂ ਸ਼ੁਰੂ ਕੀਤੇ ਜਾਣ ਵਾਲੇ ਪ੍ਰਾਜੈਕਟਾਂ ਲਈ ਸ਼ਹਿਰ ਦਾ ਦੌਰਾ ਕੀਤਾ ਗਿਆ। ਇਸ ਮੌਕੇ ਐੱਸਡੀਐੱਮ ਰਾਜਪੁਰਾ ਪਰਲੀਨ ਕੌਰ ਕਾਲੇਕਾ ਸਣੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ। ਇਸ ਮੌਕੇ ਵਿਧਾਇਕਾ ਨੇ ਕਿਹਾ ਕਿ ਰਾਜਪੁਰਾ ਨੂੰ ਇਕ ਮਾਡਲ ਸ਼ਹਿਰ ਦੇ ਤੌਰ ‘ਤੇ ਵਿਕਸਤ ਕਰਨ ਲਈ ਅੱਜ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਨਾਲ ਲੈ ਕੇ ਸ਼ਹਿਰ ਵਿੱਚ ਚੱਲ ਰਹੇ ਅਤੇ ਨਵੇਂ ਸ਼ੁਰੂ ਕੀਤੇ ਜਾਣ ਵਾਲੇ ਪ੍ਰਾਜੈਕਟਾਂ ਸਬੰਧੀ ਨਵੀਂ ਰੂਪ-ਰੇਖਾ ਤਿਆਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਸ਼ਹਿਰ ਵਾਸੀਆਂ ਨੂੰ ਸਟੇਡੀਅਮ ਸਮੇਤ ਹੋਰ ਵੱਡੇ ਪ੍ਰਾਜੈਕਟ ਦੇਖਣ ਨੂੰ ਮਿਲਣਗੇ। ਇਸ ਮੌਕੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਅੱਜ ਦੇ ਦੌਰੇ ਦਾ ਮੁੱਖ ਉਦੇਸ਼ ਲੰਬਿਤ ਚੱਲੇ ਆ ਰਹੇ ਪ੍ਰਾਜੈਕਟ ਦੀ ਗਤੀ ਨੂੰ ਤੇਜ਼ ਕਰਨ ਲਈ ਰਣਨੀਤੀ ਬਣਾਉਣ ਅਤੇ ਪ੍ਰਤਾਪ ਕਲੋਨੀ ਨੇੜੇ ਪਈ ਜ਼ਮੀਨ ਨੂੰ ਸਟੇਡੀਅਮ ਵਜੋਂ ਵਿਕਸਤ ਕਰਨ ਲਈ ਸਬੰਧਤ ਵਿਭਾਗਾਂ ਨਾਲ ਮੌਕੇ ‘ਤੇ ਜਾ ਕੇ ਜ਼ਰੂਰੀ ਪਹਿਲੂਆਂ ‘ਤੇ ਚਰਚਾ ਕਰਨਾ ਸੀ। ਉਨ੍ਹਾਂ ਕਿਹਾ ਕਿ ਰਾਜਪੁਰਾ ਵਿੱਚ ਪੁਰਾਣੀਆਂ ਕਚਹਿਰੀਆਂ ਕੋਲ ਆਮ ਆਦਮੀ ਕਲੀਨਿਕ ਖੋਲ੍ਹਣ ਸਣੇ ਯੋਗਾ ਹਾਲ ਬਣਾਉਣ ਲਈ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ।