ਕਲੱਸਟਰ ਖੇਡਾਂ ਵਿੱਚ ਸੇਂਟ ਸੋਲਜ਼ਰ ਸਕੂਲ ਨੇ ਮੱਲਾਂ ਮਾਰੀਆਂ
ਪੱਤਰ ਪ੍ਰੇਰਕ
ਜੰਡਿਆਲਾ ਗੁਰੂ, 26 ਸਤੰਬਰ
ਸੀਬੀਐੱਸਈ ਕਲੱਸਟਰ ਖੇਡਾਂ ਵਿੱਚ ਸੇਂਟ ਸੋਲਜ਼ਰ ਅਲੀਟ ਕਨਵਰਟ ਸਕੂਲ ਜੰਡਿਆਲਾ ਗੁਰੂ ਦੇ ਖਿਡਾਰੀਆਂ ਨੇ ਵੱਖ ਵੱਖ ਖੇਡਾਂ ਵਿੱਚ ਜਿੱਤ ਦਰਜ ਕਰਾਉਂਦਿਆਂ ਟਰਾਫੀਆਂ ’ਤੇ ਕਬਜ਼ਾ ਕੀਤਾ। ਇਸ ਸਬੰਧੀ ਸਕੂਲ ਦੇ ਪ੍ਰਿੰਸੀਪਲ ਅਮਰਪ੍ਰੀਤ ਕੌਰ ਨੇ ਦੱਸਿਆ ਕਿ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਜਲੰਧਰ ਵਿੱਚ ਹੋਈਆਂ ਸੀਬੀਐੱਸਈ ਕਲਸਟਰ ਖੇਡਾਂ ਵਿੱਚ ਲੜਕੀਆਂ ਦੇ ਕਬੱਡੀ ਮੁਕਾਬਲਿਆਂ ਵਿੱਚ ਸਕੂਲ ਦੀਆਂ ਅੰਡਰ 19 ਦੀ ਟੀਮ ਨੇ ਸੈਕਿੰਡ ਰਨਰਅੱਪ ਟਰਾਫੀ ’ਤੇ ਕਬਜ਼ਾ ਕੀਤਾ।
ਇਸੇ ਤਰ੍ਹਾਂ ਮੁੰਡਿਆਂ ਦੇ ਕਬੱਡੀ ਦੇ ਮੁਕਾਬਲੇ ਸੰਤ ਕਬੀਰ ਗੁਰੂਕੁਲ ਸਕੂਲ ਫਾਜ਼ਿਲਕਾ ਵਿੱਚ ਹੋਏ। ਇਨ੍ਹਾਂ ਮੁਕਾਬਲਿਆਂ ਵਿੱਚ ਲੜਕਿਆਂ ਦੀ ਅੰਡਰ 19 ਕਬੱਡੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਫਸਟ ਰਨਰਅਪ ਟਰਾਫੀ ’ਤੇ ਕਬਜ਼ਾ ਕੀਤਾ। ਇਨ੍ਹਾਂ ਸਾਰੀਆਂ ਖੇਡਾਂ ਦੇ ਵਿੱਚ ਲਗਭਗ 25 ਸੀਬੀਐੱਸਈ ਸਕੂਲ ਨੇ ਭਾਗ ਲਿਆ। ਇਹ ਸਕੂਲ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਸਾਰੇ ਹੀ ਸਕੂਲਾਂ ਵਿੱਚੋਂ ਸੇਂਟ ਸੋਲਜ਼ਰ ਸਕੂਲ ਦੇ ਖਿਡਾਰੀ ਦਵਿੰਦਰ ਸਿੰਘ ਨੂੰ ਬੈਸਟ ਸਟੋਪਰ ਦੀ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ।
ਇਸੇ ਤਰ੍ਹਾਂ ਸੀਬੀਐੱਸਈ ਦੀਆਂ ਕਲਸਟਰ ਅਥਲੈਟਿਕਸ ਵਿੱਚ ਵੀ ਸਕੂਲ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਨ੍ਹਾਂ ਖੇਡਾਂ ਵਿੱਚ ਪਰਨੀਤ ਕੌਰ ਨੇ ਅੰਡਰ 17 ਵਿੱਚ 1500 ਮੀਟਰ ਦੌੜ ਵਿੱਚ ਸੋਨੇ ਦਾ ਤਗਮਾ ਹਾਸਲ ਕੀਤਾ ਅਤੇ ਰਿਪਨਜੋਤ ਕੌਰ ਨੇ ਅੰਡਰ 19 ਜੈਵਲਿਨ ਥਰੋਅ ਵਿੱਚ ਕਾਂਸੀ ਦਾ ਤਗਮਾ ਹਾਸਲ ਕੀਤਾ ਅਤੇ ਸਹਿਜਪ੍ਰੀਤ ਕੌਰ ਨੇ ਅੰਡਰ 19 ਵਿੱਚ ਚਾਂਦੀ ਦਾ ਤਗਮਾ ਹਾਸਲ ਕੀਤਾ।
ਸਕੂਲ ਪਹੁੰਚਣ ’ਤੇ ਇਨ੍ਹਾਂ ਸਾਰੇ ਖਿਡਾਰੀਆਂ ਅਤੇ ਕੋਚ ਮਨਪ੍ਰੀਤ ਕੌਰ ਡੀਪੀ ਦਾ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਡਾਕਟਰ ਮੰਗਲ ਸਿੰਘ ਕਿਸ਼ਨਪੁਰੀ ਅਤੇ ਪ੍ਰਿੰਸੀਪਲ ਅਮਰਪ੍ਰੀਤ ਕੌਰ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਵਾਈਸ ਪ੍ਰਿੰਸੀਪਲ ਗੁਰਪ੍ਰੀਤ ਕੌਰ, ਸ਼ਿਲਪਾ ਸ਼ਰਮਾ ਕੋਆਰਡੀਨੇਟਰ, ਨਿਲਾਕਸੀ ਗੁਪਤਾ ਕੋਆਰਡੀਨੇਟਰ, ਪ੍ਰਿਯੰਕਾ ਸ਼ਰਮਾ ਤੇ ਸਮੂਹ ਸਟਾਫ ਅਤੇ ਬੱਚੇ ਮੌਜੂਦ ਸਨ।