ਸੇਂਟ ਸੋਲਜ਼ਰ ਸਕੂਲ ਨੇ ਗੁਰਦਿਆਲ ਸਿੰਘ ਮੇਲੇ ਦੀ ਓਵਰਆਲ ਟਰਾਫੀ ਜਿੱਤੀ
ਪੱਤਰ ਪ੍ਰੇਰਕ
ਜੰਡਿਆਲਾ ਗੁਰੂ, 12 ਦਸੰਬਰ
ਇੱਥੇ ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਪੰਡਿਤ ਕਿਸ਼ਨ ਦਵੇਸਰ ਦੀ ਅਗਵਾਈ ਹੇਠ ਹੋਏ ਵਿਰਸਾ ਵਿਹਾਰ ਅੰਮ੍ਰਿਤਸਰ ਵਿੱਚ ਹੋਏ ਡਾਕਟਰ ਗੁਰਦਿਆਲ ਸਿੰਘ ਯਾਦਗਾਰੀ ਮੇਲੇ ਦੀ ਓਵਰਆਲ ਟਰਾਫੀ ’ਤੇ ਕਬਜ਼ਾ ਕੀਤਾ। ਇਸ ਸਬੰਧੀ ਸਕੂਲ ਪ੍ਰਿੰਸੀਪਲ ਅਮਰਪ੍ਰੀਤ ਕੌਰ ਨੇ ਦੱਸਿਆ ਕਿ ਇਸ ਮੇਲੇ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਲਗਭਗ 25 ਸਕੂਲਾਂ ਨੇ ਹਿੱਸਾ ਲਿਆ। ਮੇਲੇ ਵਿੱਚ ਵਿਦਿਆਰਥੀਆਂ ਦੇ ਸ਼ਬਦ ਗਾਇਨ, ਲੋਕ ਗੀਤ, ਕਵਿਤਾ, ਕਵੀਸ਼ਰੀ, ਗਿੱਧਾ, ਭੰਗੜਾ, ਸੋਲੋ ਡਾਂਸ, ਚਰਖਾ ਕੱਤਣਾ ਅਤੇ ਇਕਾਂਗੀ ਆਦਿ ਦੇ ਮੁਕਾਬਲੇ ਕਰਵਾਏ ਗਏ। ਉਨ੍ਹਾਂ ਕਿਹਾ ਇਨ੍ਹਾਂ ਮੁਕਾਬਲਿਆਂ ਵਿੱਚ ਸੇਂਟ ਸੋਲਜ਼ਰ ਇਲੀਟ ਕੌਨਵੈਂਟ ਸਕੂਲ ਦੀ ਝੰਡੀ ਰਹੀ ਅਤੇ ਇਨ੍ਹਾਂ ਨੇ ਸਾਰੇ ਹੀ ਸਕੂਲਾਂ ਨੂੰ ਹਰਾਉਂਦਿਆਂ ਹੋਈਆਂ ਮੇਲੇ ਦੀ ਓਵਰਆਲ ਟਰਾਫੀ ’ਤੇ ਕਬਜ਼ਾ ਕੀਤਾ। ਪ੍ਰਿੰਸੀਪਲ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਸ਼ਬਦ ਗਾਇਨ, ਟੋਲੀ ਗੀਤ, ਸੋਲੋ ਡਾਂਸ, ਇਕਾਂਗੀ, ਚਰਖਾ ਕਤਨਾ, ਗਿੱਧਾ, ਕਵਿਤਾ ਅਤੇ ਭੰਗੜੇ ਦੇ ਮੁਕਾਬਲੇ ਹੋਏ। ਇਸੇ ਤਰ੍ਹਾਂ ਜੂਨੀਅਰ ਕੈਟਾਗਰੀ ਵਿੱਚ ਅਭਿਰਾਜ ਸਿੰਘ ਨੂੰ ਸਰਵੋਤਮ ਵਿਦਿਆਰਥੀ ਦਾ ਪੁਰਸਕਾਰ ਦਿੱਤਾ ਗਿਆ ਅਤੇ ਸੀਨੀਅਰ ਕੈਟਾਗਰੀ ਵਿੱਚ ਰਿਪਨਦੀਪ ਕੌਰ ਨੂੰ ਸਰਵੋਤਮ ਵਿਦਿਆਰਥਣ ਦਾ ਪੁਰਸਕਾਰ ਦਿੱਤਾ ਗਿਆ। ਇਸੇ ਤਰ੍ਹਾਂ ਸਰਵੋਤਮ ਅਧਿਆਪਕ ਦਾ ਖਿਤਾਬ ਅਧਿਆਪਕ ਜਸਬੀਰ ਸਿੰਘ ਨੂੰ ਦਿੱਤਾ ਗਿਆ। ਸਕੂਲ ਪਹੁੰਚਣ ’ਤੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਡਾਕਟਰ ਮੰਗਲ ਸਿੰਘ ਕਿਸ਼ਨਪੁਰੀ ਅਤੇ ਪ੍ਰਿੰਸੀਪਲ ਅਮਰਪ੍ਰੀਤ ਕੌਰ ਨੇ ਜੇਤੂ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਸਵਾਗਤ ਕੀਤਾ।