ਸ੍ਰੀਲੰਕਾ: ਰਾਸ਼ਟਰਪਤੀ ਚੋਣ ’ਚ ਤਾਮਿਲ ਪਾਰਟੀ ਵੱਲੋਂ ਪ੍ਰੇਮਦਾਸ ਨੂੰ ਹਮਾਇਤ ਦੇਣ ਦਾ ਐਲਾਨ
ਕੋਲੰਬੋ: ਸ੍ਰੀਲੰਕਾ ਦੀ ਮੁੱਖ ਤਾਮਿਲ ਪਾਰਟੀ ਤਾਮਿਲ ਨੈਸ਼ਨਲ ਅਲਾਇੰਸ (ਟੀਐੱਨਏ) ਨੇ 21 ਸਤੰਬਰ ਨੂੰ ਹੋਣ ਵਾਲੀ ਰਾਸ਼ਟਰਪਤੀ ਚੋਣ ’ਚ ਸਜੀਤ ਪ੍ਰੇਮਦਾਸ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ ਹੈ। ਟੀਐੱਨਏ ਦੇ ਤਰਜਮਾਨ ਐੱਮਏ ਸੁਮੰਤਿਰਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਲਾਇੰਸ ਦੀ ਮੁੱਖ ਪਾਰਟੀ ਤਾਮਿਲ ਅਰਾਸੂ ਕਾਚੀ ਦੀ ਅੱਜ ਹੋਈ ਕੇਂਦਰੀ ਕਮੇਟੀ ਦੀ ਮੀਟਿੰਗ ’ਚ ਇਸ ਸਬੰਧੀ ਫ਼ੈਸਲਾ ਲਿਆ ਗਿਆ। ਫ਼ੈਸਲੇ ’ਤੇ ਕਿਸੇ ਨੂੰ ਹੈਰਾਨੀ ਨਹੀਂ ਹੋਈ ਕਿਉਂਕਿ ਸੁਮੰਤਿਰਨ 2022 ਤੋਂ ਹੀ ਵਿਰੋਧੀ ਧਿਰ ਨਾਲ ਮਿਲ ਕੇ ਕੰਮ ਕਰ ਰਹੇ ਹਨ। ਟੀਐੱਨਏ ਨੇ ਹਮੇਸ਼ਾ ਵਿਰੋਧੀ ਧਿਰ ਦੇ ਉਮੀਦਵਾਰ ਦੀ ਹੀ ਹਮਾਇਤ ਕੀਤੀ ਹੈ। ਨਵੰਬਰ 2019 ’ਚ ਹੋਈਆਂ ਪਿਛਲੀਆਂ ਰਾਸ਼ਟਰਪਤੀ ਚੋਣਾਂ ’ਚ ਵੀ ਟੀਐੱਨਏ ਨੇ ਪ੍ਰੇਮਦਾਸ ਨੂੰ ਹਮਾਇਤ ਦਿੱਤੀ ਸੀ। ਉਂਜ ਇਸ ਵਾਰ ਪਾਰਟੀ ਦੇ ਇਕ ਧੜੇ ਨੇ ਤਾਮਿਲ ਉਮੀਦਵਾਰ ਨੂੰ ਮੈਦਾਨ ’ਚ ਉਤਾਰਿਆ ਸੀ ਪਰ ਟੀਐੱਨਏ ਨੇ ਪਾਰਟੀ ਅਨੁਸ਼ਾਸਨ ਤੋੜਨ ਲਈ ਉਸ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਦਾ ਫ਼ੈਸਲਾ ਲਿਆ ਹੈ। ਅੱਜ ਦੀ ਮੀਟਿੰਗ ’ਚ ਤਾਮਿਲ ਉਮੀਦਵਾਰ ਪੀ ਅਰਿਆਨੇਤਰਨ ਨੂੰ ਨਾਮਜ਼ਦਗੀ ਵਾਪਸ ਲੈਣ ਦੀ ਅਪੀਲ ਕੀਤੀ ਗਈ ਹੈ। -ਪੀਟੀਆਈ