ਸ੍ਰੀਲੰਕਾ: ਨਵੀਂ ਸੰਸਦ ਦੇ ਅਹੁਦੇਦਾਰਾਂ ਦੀ ਚੋਣ
ਕੋਲੰਬੋ, 21 ਨਵੰਬਰ
ਸ੍ਰੀਲੰਕਾ ’ਚ ਐੱਨਪੀਪੀ ਦੀ ਇਤਿਹਾਸਕ ਜਿੱਤ ਤੋਂ ਬਾਅਦ ਅੱਜ ਨਵੀਂ ਸੰਸਦ ਦਾ ਪਹਿਲਾ ਸੈਸ਼ਨ ਸੱਦਿਆ ਗਿਆ। ਸਾਲ 1978 ਤੋਂ ਬਾਅਦ 10ਵੀਂ ਸੰਸਦ ਦੇ ਨਵੇਂ ਸੈਸ਼ਨ ਦੀ ਸ਼ੁਰੂਆਤ ’ਚ ਨੈਸ਼ਨਲ ਪੀਪਲਜ਼ ਪਾਵਰ (ਐੱਨਪੀਪੀ) ਦੇ ਅਸ਼ੋਕ ਰਾਨਵਾਲਾ ਨੂੰ ਸਦਨ ਦਾ ਸਪੀਕਰ ਚੁਣਿਆ ਗਿਆ, ਜਦਕਿ ਰਿਜ਼ਵੀ ਸਾਲਿਹ ਨੂੰ ਡਿਪਟੀ ਸਪੀਕਰ ਬਣਾਇਆ ਗਿਆ। ਮਹਿਲਾ ਮੈਂਬਰ ਹਿਮਾਲੀ ਵੀਰਸੇਕਰਾ ਨੂੰ ਸੰਸਦੀ ਕਮੇਟੀ ਦਾ ਡਿਪਟੀ ਚੇਅਰਪਰਸਨ ਨਿਯੁਕਤ ਕੀਤਾ ਗਿਆ। ਨਿਯੁਕਤੀ ’ਚ ਅਹਿਮ ਗੱਲ ਇਹ ਸੀ ਕਿ ਉੱਚ ਅਹੁਦਿਆਂ ’ਤੇ ਚੁਣੇ ਗਏ ਤਿੰਨੇ ਹੀ ਵਿਅਕਤੀ ਪਹਿਲੀ ਵਾਰ ਸੰਸਦ ਮੈਂਬਰ ਬਣੇ ਹਨ ਜੋ ਸ੍ਰੀਲੰਕਾ ਦੇ ਸੰਸਦੀ ਇਤਿਹਾਸ ’ਚ ਇੱਕ ਵਿਲੱਖਣ ਘਟਨਾ ਹੈ। ਕੈਮੀਕਲ ਇੰਜਨੀਅਰ ਰਾਨਵਾਲਾ ਸਪੀਕਰ ਚੁਣੇ ਗਏ। ਉਹ ਦਹਾਕਿਆਂ ਦੇ ਜਨਤਕ ਅੰਦੋਲਨ ਰਾਹੀਂ ਐੱਨਪੀਪੀ ਦੇ ਸਭ ਤੋਂ ਵੱਡੇ ਅਹੁਦੇ ਤੱਕ ਦੀ ਯਾਤਰਾ ਦੀ ਨੁਮਾਇੰਦਗੀ ਕਰਦੇ ਹਨ। ਜ਼ਿਕਰਯੋਗ ਹੈ ਕਿ ਐੱਨਪੀਪੀ ਨੇ 14 ਨਵੰਬਰ ਨੂੰ ਹੋਈਆਂ ਚੋਣਾਂ ’ਚ 225 ਮੈਂਬਰੀ ਸਦਨ ’ਚ 159 ਸੀਟਾਂ ਜਿੱਤ ਕੇ ਇਤਿਹਾਸ ਰਚਿਆ ਸੀ। ਇਹ ਪਹਿਲੀ ਵਾਰ ਹੈ ਜਦੋਂ 1989 ਮਗਰੋਂ ਹੋਈਆਂ ਸੰਸਦੀ ਚੋਣਾਂ ’ਚ ਕਿਸੇ ਸਰਕਾਰ ਨੇ ਦੋ ਤਿਹਾਈ ਬਹੁਮਤ ਜਾਂ 150 ਤੋਂ ਵੱਧ ਸੀਟਾਂ ਜਿੱਤੀਆਂ ਹਨ।
ਸਰਕਾਰ ਤੇ ਵਿਰੋਧੀ ਧਿਰ ਦੋਵਾਂ ਦੇ ਚੁਣੇ ਗਏ ਵਧੇਰੇ ਲੋਕ ਪਹਿਲੀ ਵਾਰ ਸੰਸਦ ਮੈਂਬਰ ਬਣੇ ਹਨ। ਤਿੰਨ ਸੰਸਦੀ ਨਿਯੁਕਤੀਆਂ ਮਗਰੋਂ ਇਹ ਐਲਾਨ ਕੀਤਾ ਗਿਆ ਕਿ ਮੁੱਖ ਵਿਰੋਧੀ ਧਿਰ ਦੇ ਸਾਜਿਤ ਪ੍ਰੇਮਦਾਸਾ ਨੂੰ ਵਿਰੋਧੀ ਧਿਰ ਦੇ ਨੇਤਾ ਵਜੋਂ ਮਾਨਤਾ ਦਿੱਤੀ ਗਈ ਹੈ। -ਪੀਟੀਆਈ