ਭਾਰਤ ਪਾਸੋਂ ਮਿਲੀ ਸ਼ਰਮਨਾਕ ਹਾਰ ਤੋਂ ਬਾਅਦ ਸ੍ਰੀਲੰਕਾ ਕ੍ਰਿਕਟ ਮੈਨੇਜਮੈਂਟ ਬਰਖ਼ਾਸਤ
ਕੋਲੰਬੋ, 6 ਨਵੰਬਰ
ਇਕ ਦਿਨਾਂ ਵਿਸ਼ਵ ਕੱਪ ਵਿਚ ਭਾਰਤ ਹੱਥੋਂ ਮਿਲੀ ਕਰਾਰੀ ਹਾਰ ਤੋਂ ਬਾਅਦ ਸ੍ਰੀਲੰਕਾ ਕ੍ਰਿਕਟ (ਐੱਸਐੱਲਸੀ) ਪ੍ਰਬੰਧਨ ਨੂੰ ਬਰਖਾਸਤ ਕਰ ਦਿੱਤਾ ਗਿਆ। ਭਾਰਤ ਨੇ 2 ਨਵੰਬਰ ਨੂੰ ਮੁੰਬਈ 'ਚ ਖੇਡੇ ਗਏ ਮੈਚ 'ਚ ਲੰਕਾ ਨੂੰ 302 ਦੌੜਾਂ ਨਾਲ ਹਰਾਇਆ ਸੀ। ਉਦੋਂ ਤੋਂ ਹੀ ਲੋਕਾਂ ਵਿੱਚ ਗੁੱਸਾ ਸੀ ਅਤੇ ਰਣਸਿੰਘੇ ਸ਼ਮੀ ਸਿਲਵਾ ਦੀ ਅਗਵਾਈ ਵਾਲੀ ਐੱਸਐੱਲਸੀ ਮੈਨੇਜਮੈਂਟ ਤੋਂ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਸੀ। ਇਸ ਤੋਂ ਬਾਅਦ ਹੀ ਇਹ ਕਾਰਵਾਈ ਕੀਤੀ ਗਈ।
ਖੇਡ ਮੰਤਰੀ ਰੋਸ਼ਨ ਰਣਸਿੰਘੇ ਨੇ ਸਾਬਕਾ ਵਿਸ਼ਵ ਕੱਪ ਜੇਤੂ ਕਪਤਾਨ ਅਰਜੁਨਾ ਰਣਤੁੰਗਾ ਦੀ ਅਗਵਾਈ ਹੇਠ ਸੱਤ ਮੈਂਬਰੀ ਕਮੇਟੀ ਦੀ ਨਿਯੁਕਤੀ ਕੀਤੀ ਹੈ। ਖੇਡ ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਕਮੇਟੀ ਦੀ ਨਿਯੁਕਤੀ ਸਪੋਰਟਸ ਐਕਟ ਨੰਬਰ 25 ਆਫ 1973 ਦੇ ਤਹਤਿ ਕੀਤੀ ਗਈ ਹੈ। ਕਮੇਟੀ ਵਿੱਚ ਤਿੰਨ ਸੇਵਾਮੁਕਤ ਜੱਜ ਅਤੇ ਸਾਬਕਾ ਐੱਸਐੱਲਸੀ ਪ੍ਰਧਾਨ ਉਪਾਲੀ ਧਰਮਦਾਸਾ ਵੀ ਸ਼ਾਮਲ ਹਨ। ਇਸ ਤਰ੍ਹਾਂ ਰਣਤੁੰਗਾ ਨੇ ਲੰਬੇ ਸਮੇਂ ਬਾਅਦ ਲੰਕਾ ਕ੍ਰਿਕਟ 'ਚ ਵਾਪਸੀ ਕੀਤੀ ਹੈ। ਉਹ ਇਸ ਤੋਂ ਪਹਿਲਾਂ 2008 ਵਿੱਚ ਇਸੇ ਤਰ੍ਹਾਂ ਦੀ ਅੰਤਰਿਮ ਕਮੇਟੀ ਦੀ ਪ੍ਰਧਾਨਗੀ ਕਰ ਚੁੱਕੇ ਹਨ।