ਸ੍ਰੀਲੰਕਾ ਨੇ ਅੱਠ ਭਾਰਤੀ ਮਛੇਰੇ ਫੜੇ
ਚੇਨੱਈ, 27 ਅਗਸਤ
ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮਕੇ ਸਟਾਲਿਨ ਨੇ ਅੱਜ ਕੇਂਦਰ ਸਰਕਾਰ ਨੂੰ ਦੱਸਿਆ ਕਿ ਸੂਬੇ ਦੇ ਅੱਠ ਹੋਰ ਮਛੇਰਿਆਂ ਨੂੰ ਸ੍ਰੀਲੰਕਾ ਦੀ ਜਲ ਸੈਨਾ ਨੇ ਫੜਿਆ ਹੈ ਅਤੇ ਉਨ੍ਹਾਂ ਅਜਿਹੀਆਂ ਗ੍ਰਿਫ਼ਤਾਰੀਆਂ ’ਤੇ ਚਿੰਤਾ ਜ਼ਾਹਿਰ ਕੀਤੀ ਹੈ। ਇੱਕ ਹਫ਼ਤੇ ਅੰਦਰ ਵਾਪਰੀ ਇਹ ਅਜਿਹੀ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ 23 ਅਗਸਤ ਨੂੰ ਸ੍ਰੀਲੰਕਾ ਜਲ ਸੈਨਾ ਨੇ ਕਥਿਤ ਸਮੁੰਦਰੀ ਸਰਹੱਦ ਦੀ ਉਲੰਘਣਾ ਲਈ 11 ਭਾਰਤੀ ਮਛੇਰਿਆਂ ਨੂੰ ਫੜਿਆ ਸੀ। ਸਟਾਲਿਨ ਨੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੂੰ ਪੱਤਰ ਲਿਖ ਕੇ ਕਿਹਾ ਕਿ ਤਾਜ਼ਾ ਮਾਮਲੇ ’ਚ ਰਾਮੇਸ਼ਵਰਮ ਤੋਂ ਸੁਮੰਦਰ ’ਚ ਗਏ ਅੱਠ ਮਛੇਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਦੀਆਂ ਬੇੜੀਆਂ ਜ਼ਬਤ ਕਰ ਲਈਆਂ ਗਈਆਂ ਹਨ। ਸਟਾਲਿਨ ਨੇ ਕਿਹਾ, ‘ਇਸ ਸਮੇਂ 116 ਮਛੇਰੇ ਤੇ 184 ਬੇੜੀਆਂ ਸ੍ਰੀਲੰਕਾ ਦੇ ਕਬਜ਼ੇ ਹੇਠ ਹਨ। ਅਜਿਹੀਆਂ ਘਟਨਾਵਾਂ ਨੇ ਗ੍ਰਿਫ਼ਤਾਰ ਮਛੇਰਿਆਂ ਦੇ ਪਰਿਵਾਰਾਂ ਨੂੰ ਡੂੰਘੇ ਸੰਕਟ ਵਿੱਚ ਪਾ ਦਿੱਤਾ ਹੈ ਤੇ ਉਨ੍ਹਾਂ ਸਾਹਮਣੇ ਰੋਜ਼ੀ-ਰੋਟੀ ਦੀ ਸਮੱਸਿਆ ਨੂੰ ਹੋਰ ਵਧਾ ਦਿੱਤਾ ਹੈ।’ ਉਨ੍ਹਾਂ ਜੈਸ਼ੰਕਰ ਨੂੰ ਅਪੀਲ ਕੀਤੀ ਕਿ ਉਹ ਸ੍ਰੀਲੰਕਾ ਦੀ ਹਿਰਾਸਤ ’ਚੋਂ ਸਾਰੇ ਮਛੇਰਿਆਂ ਦੀ ਜਲਦੀ ਰਿਹਾਈ ਯਕੀਨੀ ਬਣਾਉਣ। -ਪੀਟੀਆਈ
ਦੋ ਭਾਰਤੀ ਮਛੇਰੇ ਲਾਪਤਾ: ਸ੍ਰੀਲੰਕਾ ਜਲ ਸੈਨਾ
ਕੋਲੰਬੋ:
ਭਾਰਤ ਨਾਲ ਸਮੁੰਦਰੀ ਸਰਹੱਦ ਨੇੜੇ ਇੱਕ ਭਾਰਤੀ ਬੇੜੀ ਡੁੱਬਣ ਮਗਰੋਂ ਦੋ ਮਛੇਰੇ ਤੈਰ ਕੇ ਸੁਰੱਖਿਅਤ ਕੱਚਾਤਿਵੂ ਟਾਪੂ ਪਹੁੰਚ ਗਏ ਜਦਕਿ ਦੋ ਹੋਰ ਲਾਪਤਾ ਦੱਸੇ ਜਾ ਰਹੇ ਹਨ। ਸ੍ਰੀਲੰਕਾ ਦੀ ਜਲ ਸੈਨਾ ਨੇ ਅੱਜ ਇਹ ਜਾਣਕਾਰੀ ਦਿੱਤੀ। ਮੀਡੀਆ ਰਿਪੋਰਟਾਂ ਅਨੁਸਾਰ, ‘ਇੱਕ ਬੇੜੀ ਜਿਸ ਵਿੱਚ ਚਾਰ ਭਾਰਤੀ ਮਛੇਰੇ ਸਵਾਰ ਸਨ, ਅੱਜ ਟਾਪੂ ਨੇੜੇ ਸਮੁੰਦਰ ’ਚ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ ਮਗਰੋਂ ਦੋ ਭਾਰਤੀ ਮਛੇਰੇ ਲਾਪਤਾ ਦੱਸੇ ਜਾ ਰਹੇ ਹਨ ਜਦਕਿ ਦੋ ਹੋਰ ਸੁਰੱਖਿਤ ਤੈਰ ਕੇ ਕੱਚਾਤਿਵੂ ਟਾਪੂ ’ਤੇ ਪਹੁੰਚ ਗਏ ਹਨ।’ -ਪੀਟੀਆਈ