For the best experience, open
https://m.punjabitribuneonline.com
on your mobile browser.
Advertisement

ਸ੍ਰੀ ਹੇਮਕੁੰਟ ਸਾਹਿਬ ਯਾਤਰਾ: ਭਾਰਤੀ ਫੌਜ ਦੇ ਜਵਾਨਾਂ ਵੱਲੋਂ ਬਰਫ ਹਟਾਉਣ ਅਤੇ ਰਸਤਾ ਤਿਆਰ ਕਰਨ ਦਾ ਕੰਮ ਜਾਰੀ

08:21 PM Apr 28, 2024 IST
ਸ੍ਰੀ ਹੇਮਕੁੰਟ ਸਾਹਿਬ ਯਾਤਰਾ  ਭਾਰਤੀ ਫੌਜ ਦੇ ਜਵਾਨਾਂ ਵੱਲੋਂ ਬਰਫ ਹਟਾਉਣ ਅਤੇ ਰਸਤਾ ਤਿਆਰ ਕਰਨ ਦਾ ਕੰਮ ਜਾਰੀ
Advertisement

ਟ੍ਰਿਬਿਉੂਨ ਨਿਉੂਜ਼ ਸਰਵਿਸ

Advertisement

ਅੰਮ੍ਰਿਤਸਰ, 28 ਅਪਰੈਲ

ਉੱਤਰਾਖੰਡ ਸਥਿਤ ਲਗਪਗ 15 ਹਜ਼ਾਰ ਫੁੱਟ ਦੀ ਉਚਾਈ ਤੇ ਸਥਾਪਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਲਈ ਮਾਰਗ ਤਿਆਰ ਕਰਨ ਲਈ ਭਾਰਤੀ ਫੌਜ ਦੇ ਜਵਾਨਾਂ ਵਲੋਂ ਗੁਰਦੁਆਰੇ ਤੋਂ ਤਿੰਨ ਕਿਲੋਮੀਟਰ ਪਹਿਲਾਂ ਬਰਫ ਦੀ ਕਟਾਈ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਇਸ ਖੇਤਰ ਵਿੱਚ ਇਸ ਵੇਲੇ ਲਗਪਗ 8 ਫੁੱਟ ਤੱਕ ਬਰਫ ਹੈ।
ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਭਾਰਤੀ ਫੌਜ ਦੇ ਜਵਾਨ ਅਤੇ ਗੁਰਦੁਆਰਾ ਟਰੱਸਟ ਦੇ ਸੇਵਾਦਾਰਾਂ ਦਾ ਇੱਕ ਪੰਜਾਹ ਮੈਂਬਰੀ ਦਲ ਸਾਲਾਨਾ ਯਾਤਰਾ ਵਾਸਤੇ ਰਸਤੇ ਤਿਆਰ ਕਰਨ ਅਤੇ ਹੋਰ ਪ੍ਰਬੰਧਾਂ ਲਈ ਸੇਵਾ ਕਰ ਰਿਹਾ ਹੈ। ਇਸ ਦਲ ਨੇ 22 ਤੋ 27 ਅਪਰੈਲ ਤੱਕ ਗੁਰਦੁਆਰਾ ਗੋਬਿੰਦ ਧਾਮ ਵਿਖੇ ਬਰਫ ਹਟਾਈ ਹੈ ਅਤੇ ਹੋਰ ਪ੍ਰਬੰਧ ਕੀਤੇ ਹਨ। ਇਸ ਤੋਂ ਬਾਅਦ ਹੁਣ ਉੱਪਰਲੇ ਛੇ ਕਿਲੋਮੀਟਰ ਰਸਤੇ ਦੀ ਤਿਆਰੀ ਦਾ ਕੰਮ ਸ਼ੁਰੂ ਕੀਤਾ ਗਿਆ। ਉਨ੍ਹਾਂ ਆਸ ਪ੍ਰਗਟਾਈ ਕਿ ਰਸਤਾ ਤਿਆਰ ਕਰਨ ਅਤੇ ਹੋਰ ਪ੍ਰਬੰਧ 20 ਮਈ ਤੱਕ ਮੁਕੰਮਲ ਹੋ ਜਾਣਗੇ ਅਤੇ 25 ਮਈ ਨੂੰ ਸੰਗਤਾਂ ਵਾਸਤੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਖੋਲ੍ਹੇ ਜਾਣਗੇ ਜਿਸ ਨਾਲ ਇਹ ਇਸ ਵਰ੍ਹੇ ਦੀ ਸਾਲਾਨਾ ਯਾਤਰਾ ਆਰੰਭ ਹੋ ਜਾਵੇਗੀ।
ਗੁਰਦੁਆਰਾ ਸ੍ਰੀ ਗੋਬਿੰਦ ਘਾਟ ਦੇ ਮੈਨੇਜਰ ਭਾਈ ਸੇਵਾ ਸਿੰਘ ਨੇ ਦੱਸਿਆ ਕਿ ਭਾਰਤੀ ਫੌਜ ਅਤੇ ਗੁਰਦੁਆਰੇ ਦੇ ਸੇਵਾਦਾਰਾਂ ਦਾ ਇਹ ਦਲ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਤੋਂ ਤਿੰਨ ਕਿਲੋਮੀਟਰ ਪਿੱਛੇ ਅਟਲਾਕੋਟੀ ਗਲੇਸ਼ੀਅਰ ਵਿਖੇ ਬਰਫ ਹਟਾਉਣ ਦਾ ਕੰਮ ਕਰ ਰਿਹਾ ਹੈ। ਇਸ ਥਾਂ ਤੇ ਇਸ ਵੇਲੇ ਛੇ ਤੋਂ ਅੱਠ ਫੁੱਟ ਤੋਂ ਵਧੇਰੇ ਬਰਫ ਹੈ। ਮੁਢਲੇ ਤੌਰ ਤੇ ਭਾਰਤੀ ਫੌਜ ਦੇ ਜਵਾਨਾਂ ਵੱਲੋਂ ਪਹਿਲਾਂ ਆਵਾਜਾਈ ਦਾ ਰਸਤਾ ਤਿਆਰ ਕੀਤਾ ਜਾ ਰਿਹਾ ਤਾਂ ਜੋ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਤੱਕ ਪਹੁੰਚ ਮਾਰਗ ਤਿਆਰ ਹੋ ਸਕੇ ਅਤੇ ਸਾਮਾਨ ਦੀ ਆਵਾਜਾਈ ਸ਼ੁਰੂ ਹੋ ਸਕੇ। ਇਸ ਵੇਲੇ ਉਹਨਾਂ ਨੂੰ ਤਿੰਨ ਕਿਲੋਮੀਟਰ ਹੇਠਾਂ ਗੁਰਦੁਆਰਾ ਗੋਬਿੰਦ ਧਾਮ ਵਿਖੇ ਆ ਕੇ ਰਾਤ ਦਾ ਠਹਿਰਾਅ ਕਰਨਾ ਪੈ ਰਿਹਾ ਹੈ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਇਸ ਵੇਲੇ 10 ਤੋਂ 15 ਫੁੱਟ ਤੱਕ ਬਰਫ ਹੈ। ਗੁਰਦੁਆਰੇ ਦੀ ਇਮਾਰਤ ਦੇ ਆਲੇ ਦੁਆਲੇ ਪੂਰੀ ਤਰ੍ਹਾਂ ਬਰਫ ਜੰਮੀ ਹੋਈ ਹੈ ਅਤੇ ਸਰੋਵਰ ਵੀ ਬਰਫ ਨਾਲ ਜੰਮਿਆ ਹੋਇਆ ਹੈ। ਫੌਜ ਦੇ ਜਵਾਨਾਂ ਵੱਲੋਂ ਪਹਿਲਾਂ ਰਸਤਾ ਤਿਆਰ ਕੀਤਾ ਜਾਵੇਗਾ ਅਤੇ ਫਿਰ ਉੱਪਰ ਤੋਂ ਹੇਠਾਂ ਵੱਲ ਨੂੰ ਆਉਂਦੇ ਹੋਏ ਰਸਤੇ ਨੂੰ ਚੌੜਾ ਕਰਦੇ ਹੋਏ ਹੋਰ ਪ੍ਰਬੰਧ ਕੀਤੇ ਜਾਣਗੇ। ਉਹਨਾਂ ਦੱਸਿਆ ਕਿ ਇਸ ਵੇਲੇ ਵੀ ਗੁਰਦੁਆਰਾ ਹੇਮਕੁੰਟ ਸਾਹਿਬ ਦੇ ਖੇਤਰ ਵਿੱਚ ਮੌਸਮ ਖਰਾਬ ਹੈ ਅਤੇ ਲਗਾਤਾਰ ਬਰਫਬਾਰੀ ਹੁੰਦੀ ਰਹਿੰਦੀ ਹੈ। ਉੱਤਰਾਖੰਡ ਵਿੱਚ ਬਾਕੀ ਚਾਰ ਧਾਮ ਦੀ ਯਾਤਰਾ ਮਈ ਦੇ ਪਹਿਲੇ ਹਫਤੇ ਤੋਂ ਸ਼ੁਰੂ ਹੋ ਰਹੀ ਹੈ। ਜਿਨਾਂ ਵਿੱਚ ਗੰਗੋਤਰੀ, ਯਮਨੋਤਰੀ, ਬਦਰੀਨਾਥ ਅਤੇ ਕੇਦਾਰਨਾਥ ਧਾਮ ਸ਼ਾਮਿਲ ਹਨ।

Advertisement
Author Image

amartribune@gmail.com

View all posts

Advertisement
Advertisement
×