ਸ੍ਰੀ ਆਨੰਦਪੁਰ ਸਾਹਿਬ: ਆਸਾਨ ਨਹੀਂ ਹੋਵੇਗਾ ਵਿਜੈਇੰਦਰ ਸਿੰਗਲਾ ਦਾ ਰਾਹ
ਮਿਹਰ ਸਿੰਘ
ਕੁਰਾਲੀ, 1 ਮਈ
ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਪਾਰਟੀ ਵਲੋਂ ਉਤਾਰੇ ‘ਪੈਰਸ਼ੂਟ’ ਉਮੀਦਵਾਰ ਵਿਜੈਇੰਦਰ ਸਿੰਗਲਾ ਚੌਥੇ ਲਗਾਤਾਰ ਅਜਿਹੇ ਉਮੀਦਵਾਰ ਹਨ ਜਿਨ੍ਹਾਂ ਨੂੰ ਕਾਂਗਰਸ ਨੇ ਬਾਹਰੋਂ ਲਿਆ ਕੇ ਚੋਣ ਮੈਦਾਨ ਵਿੱਚ ਉਤਾਰਿਆ ਹੈ। ਚੁਣੌਤੀ ਲੈ ਕੇ ਚੋਣ ਮੈਦਾਨ ਵਿੱਚ ਉਤਰੇ ਵਿਜੈਇੰਦਰ ਸਿੰਗਲਾ ਲਈ ਰਾਹ ਸੌਖਾ ਨਹੀਂ ਹੋਵੇਗਾ।
ਪਿਛਲੀ ਕਾਂਗਰਸ ਸਰਕਾਰ ਸਮੇਂ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਰਹੇ ਵਿਜੈਇੰਦਰ ਸਿੰਗਲਾ ਨੂੰ ਕਾਂਗਰਸ ਪਾਰਟੀ ਨੇ ਟਿਕਟ ਦੇ ਕੇ ਇੱਕ ਵਾਰ ਫਿਰ ਬਾਹਰੀ ਉਮੀਦਵਾਰ ’ਤੇ ਦਾਅ ਖੇਡਿਆ ਹੈ। ਇਸ ਤੋਂ ਪਹਿਲਾਂ ਵੀ ਕਾਂਗਰਸ ਪਾਰਟੀ ਨੇ ਪਿਛਲੀਆਂ ਤਿੰਨ ਲੋਕ ਸਭਾ ਚੋਣਾਂ ਦੌਰਾਨ ਰਵਨੀਤ ਸਿੰਘ ਬਿੱਟੂ, ਅੰਬਿਕਾ ਸੋਨੀ ਅਤੇ ਮਨੀਸ਼ ਤਿਵਾੜੀ ਨੂੰ ਬਾਹਰੀ ਉਮੀਦਵਾਰ ਹੋਣ ਦੇ ਬਾਵਜੂਦ ਇਸ ਲੋਕ ਸਭਾ ਹਲਕੇ ਤੋਂ ਚੋਣ ਮੈਦਾਨ ਵਿੱਚੋਂ ਉਤਾਰਿਆ ਸੀ। ਇਨ੍ਹਾਂ ਵਿਚੋਂ ਰਵਨੀਤ ਸਿੰਘ ਬਿੱਟੂ ਅਤੇ ਮਨੀਸ਼ ਤਿਵਾੜੀ ਜਿੱਤ ਦਰਜ ਕਰਨ ਵਿੱਚ ਵੀ ਸਫ਼ਲ ਰਹੇ ਸਨ। ਮੌਜੂਦਾ ਹਾਲਾਤ ਵਿੱਚ ਕਾਂਗਰਸ ਉਮੀਦਵਾਰ ਦਾ ਰਾਹ ਆਸਾਨ ਨਹੀਂ ਹੋਵੇਗਾ। ਇਸ ਦਾ ਸਭ ਤੋਂ ਵੱਡਾ ਕਾਰਨ ਸ੍ਰੀ ਆਨੰਦਪੁਰ ਸਾਹਿਬ ਵਿੱਚ ਪੈਂਦੇ ਕਈ ਵਿਧਾਨ ਸਭਾ ਹਲਕਿਆਂ ਦੇ ਕਾਂਗਰਸੀ ਆਗੂਆਂ ਦਾ ਇਹ ਟਿਕਟ ਹਾਸਲ ਕਰਨ ਲਈ ਦੌੜ ਵਿੱਚ ਸ਼ਾਮਿਲ ਹੋਣਾ ਦੱਸਿਆ ਜਾ ਰਿਹਾ ਹੈ। ਵਿਧਾਨ ਸਭਾ ਹਲਕਾ ਮੁਹਾਲੀ ਤੋਂ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ, ਹਲਕਾ ਨਵਾਂ ਸ਼ਹਿਰ ਤੋਂ ਸਾਬਕਾ ਵਿਧਾਇਕ ਅੰਗਦ ਸਿੰਘ ਅਤੇ ਹਲਕਾ ਸ੍ਰੀ ਆਨੰਦਪੁਰ ਸਾਹਿਬ ਦੇ ਸਾਬਕਾ ਵਿਧਾਇਕ ਤੇ ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ਸ੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਲੋਕ ਸਭਾ ਦੀ ਟਿਕਟ ਹਾਸਲ ਕਰਨ ਦੀ ਦੌੜ ਵਿੱਚ ਸਨ। ਪਰ ਕਾਂਗਰਸ ਹਾਈਕਮਾਂਡ ਨੇ ਸਾਰਿਆਂ ਦੇ ਦਾਅਵੇ ਰੱਦ ਕਰਦਿਆਂ ਵਿਜੈ ਇੰਦਰ ਸਿੰਗਲਾ ’ਤੇ ਦਾਅ ਖੇਡਿਆ ਹੈ। ਟਿਕਟ ਦੇ ਦਾਅਵੇਦਾਰਾਂ ਨੂੰ ਨਾਲ ਲੈ ਕੇ ਚੱਲਣਾ ਵਿਜੈਇੰਦਰ ਸਿੰਗਲਾ ਲਈ ਚੁਣੌਤੀ ਹੋਵੇਗੀ। ਹਲਕਾ ਸ੍ਰੀ ਚਮਕੌਰ ਸਾਹਿਬ ਦੇ ਪਾਰਟੀ ਆਗੂ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਜਲੰਧਰ ਤੋਂ ਲੋਕ ਸਭਾ ਲਈ ਪਾਰਟੀ ਉਮੀਦਵਾਰ ਹਨ ਇਸ ਲਈ ਇਸ ਹਲਕੇ ਵਿੱਚ ਵੀ ਉਨ੍ਹਾਂ ਨੂੰ ਪਾਰਟੀ ਦੇ ਵੱਡੇ ਆਗੂ ਦੀ ਮਦਦ ਦੀ ਘਾਟ ਰੜਕੇਗੀ।