For the best experience, open
https://m.punjabitribuneonline.com
on your mobile browser.
Advertisement

ਆਨੰਦਾਂ ਅਤੇ ਜੰਗਾਂ ਦੀ ਧਰਤੀ ਸ੍ਰੀ ਆਨੰਦਪੁਰ ਸਾਹਿਬ

06:58 AM Mar 27, 2024 IST
ਆਨੰਦਾਂ ਅਤੇ ਜੰਗਾਂ ਦੀ ਧਰਤੀ ਸ੍ਰੀ ਆਨੰਦਪੁਰ ਸਾਹਿਬ
Advertisement

ਬਹਾਦਰ ਸਿੰਘ ਗੋਸਲ

Advertisement

ਗੁਰੂ ਤੇਗ ਬਹਾਦਰ ਦਾ ਜਨਮ ਪਹਿਲੀ ਅਪਰੈਲ 1621 ਨੂੰ ਅੰਮ੍ਰਿਤਸਰ ਗੁਰੂ ਕੇ ਮਹਿਲ ਵਿਖੇ ਹੋਇਆ। ਉਨ੍ਹਾਂ ਨੇ ਸਿੱਖੀ ਦੇ ਬੂਟੇ ਨੂੰ ਖੂਬ ਵਧਾ ਅਤੇ ਇਸ ਦੀ ਸੰਭਾਲ ਕਰ ਕੇ ਧਰਮ ਪ੍ਰਚਾਰ ਲਈ ਯਾਤਰਾਵਾਂ ਕੀਤੀਆਂ। ਉਹ ਗੁਰੂ ਹਰਿਗੋਬਿੰਦ ਸਾਹਿਬ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ ਸਨ ਇਸ ਕਰਕੇ ਉਨ੍ਹਾਂ ਨੂੰ ਵਿਸ਼ੇਸ਼ ਸ਼ਸਤਰ ਵਿਦਿਆ ਦੀ ਸਿਖਲਾਈ ਦਿੱਤੀ ਗਈ ਅਤੇ ਉਨ੍ਹਾਂ ਦੀ ਰੁਚੀ ਜੰਗੀ ਖੇਡਾਂ ਖੇਡਣ ਦੀ ਬਣ ਗਈ। ਇਤਿਹਾਸਕਾਰ ਪ੍ਰਿੰਸੀਪਲ ਸਤਬਿੀਰ ਸਿੰਘ ਅਨੁਸਾਰ ਗੁਰੂ ਹਰਿਗੋਬਿੰਦ ਸਾਹਿਬ ਦੇ ਜੋਤੀ ਜੋਤ ਸਮਾਉਣ ਮਗਰੋਂ ਉਹ ਮਾਤਾ ਨਾਨਕੀ ਅਤੇ ਪਤਨੀ ਗੁਜਰੀ ਜੀ ਸਮੇਤ ਬਾਬਾ ਬਕਾਲਾ ਰਹਿਣ ਲੱਗੇ। ਉਹ ਬਹੁਤਾ ਸਮਾਂ ਸਿਮਰਨ, ਕੀਰਤਨ ਅਤੇ ਗੋਸ਼ਟੀਆਂ ਵਿੱਚ ਬਤੀਤ ਕਰਦੇ। ਇਸ ਸਦਕਾ ਉਨ੍ਹਾਂ ਦੇ ਮਨ ਵਿੱਚ ਅਥਾਹ ਨਿਮਰਤਾ ਵੀ ਪੈਦਾ ਹੋ ਗਈ।
ਜਦੋਂ ਗੁਰੂ ਹਰਿਕ੍ਰਿਸ਼ਨ ਜੀ ਦੇ ਹੁਕਮਾਂ ਅਨੁਸਾਰ ਉਨ੍ਹਾਂ ਨੂੰ 1664 ਈ. ਵਿੱਚ ਗੁਰਗੱਦੀ ਸੌਂਪੀ ਗਈ ਤਾਂ ਮੱਖਣ ਸ਼ਾਹ ਲੁਬਾਣਾ ਦੇ ਪ੍ਰੇਮ ਸਦਕਾ ‘’ਗੁਰੂ ਲਾਧੋ ਰੇ! ਗੁਰੂ ਲਾਧੋ ਰੇ’ ਦੇ ਪ੍ਰਕਰਣ ਕਰ ਕੇ ਸੱਚੇ ਗੁਰੂ ਦਾ ਪ੍ਰਗਟਾਵਾ ਕੀਤਾ ਗਿਆ। ਉਸ ਵੇਲੇ ਧੀਰ ਮੱਲ ਨੇ ਉਨ੍ਹਾਂ ਦੀ ਪੁਰਜ਼ੋਰ ਵਿਰੋਧਤਾ ਕੀਤੀ ਪਰ ਨਿਮਰਤਾ ਦੇ ਪੂਰਨ ਗੁਰੂ ਸਾਹਿਬ ਨੇ ਮਹਿਸੂਸ ਕਰ ਲਿਆ ਕਿ ਸਿੱਖੀ ਦੇ ਬੂਟੇ ਦੀ ਸੰਭਾਲ ਅਤੇ ਸੇਵਾ ਲਈ ਵਿਰੋਧੀਆਂ ਤੋਂ ਦੂਰ ਕੋਈ ਨਿਵੇਕਲੀ ਥਾਂ ਆਪਣਾ ਟਿਕਾਣਾ ਕਰਨਾ ਚਾਹੀਦਾ ਹੈ।
ਸੂਰਜ ਪ੍ਰਕਾਸ਼ ਦੇ ਹਵਾਲੇ ਤੋਂ ਪਤਾ ਲੱਗਦਾ ਹੈ ਕਿ ਗੁਰੂ ਜੀ ਨੇ ਸੋਚਿਆ ਕਿ ਨਵਾਂ ਅਸਥਾਨ ਦੁਰੇਡਾ ਵੀ ਹੋਵੇ ਅਤੇ ਨਿਵੇਕਲਾ ਵੀ। ਇਸੇ ਸਬੰਧ ਵਿੱਚ ਗੁਰੂ ਜੀ ਨੇ ਕੀਰਤਪੁਰ ਸਾਹਿਬ ਨੇੜੇ ਮਾਖੋਵਾਲ ਪਿੰਡ ਦੀ ਚੋਣ ਕੀਤੀ। ਇਸ ਸਬੰਧੀ ਇਤਿਹਾਸਕਾਰ ਭਾਈ ਕੇਸਰ ਸਿੰਘ ਛਿੱਬਰ ਨੇ ਲਿਖਿਆ ਹੈ ਕਿ ਗੁਰੂ ਤੇਗ ਬਹਾਦਰ ਨੇ ਤਿੰਨ ਪਿੰਡ ਮਾਖੋਵਾਲ, ਮਟੌਰ ਅਤੇ ਲੋਧੀਪੁਰ ਖਰੀਦੇ ਪਰ 1883 ਈ. ਦੇ ਹੁਸ਼ਿਆਰਪੁਰ ਗਜ਼ਟੀਅਰ ਅਨੁਸਾਰ ਮਾਖੋਵਾਲ ਸਤਲੁਜ ਦੇ ਕੰਢੇ ਤੁਆਲਕ ਜੰਡ ਬਾਰੀ ਵਿੱਚ ਸੀ। ਗੁਰੂ ਜੀ ਨੇ 2200 ਰੁਪਏ ਦੇ ਕੇ ਪਿੰਡ ਦੀ ਸਾਰੀ ਜ਼ਮੀਨ ਕਹਿਲੂਰ ਦੇ ਰਾਜੇ ਦੀਪ ਚੰਦ ਕੋਲੋਂ ਖਰੀਦੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਰਾਜਾ ਦੀਪ ਚੰਦ ਦਾ ਦਾਦਾ ਰਾਜਾ ਤਾਰਾ ਚੰਦ ਗੁਰੂ ਹਰਿਗੋਬਿੰਦ ਸਾਹਿਬ ਵੱਲੋਂ ਗਵਾਲੀਅਰ ਦੇ ਕਿਲ੍ਹੇ ’ਚੋਂ 52 ਰਾਜਿਆਂ ਨੂੰ ਆਜ਼ਾਦ ਕਰਵਾਉਣ ਵਾਲਿਆਂ ’ਚੋਂ ਇਕ ਸੀ। ਹੁਣ ਨਵੇਂ ਸਥਾਨ ਦੀ ਮਲਕੀਅਤ ਹੋਣ ’ਤੇ ਨਵੇਂ ਪਿੰਡ ਦਾ ਨਾਂ ਨਾਨਕੀ ਚੱਕ ਰੱਖਿਆ ਗਿਆ ਅਤੇ ਥਾਂ ਨੂੰ ਬਹੁਤ ਹੀ ਰਮਣੀਕ ਦੇਖਦੇ ਹੋਏ ਇਸ ਦਾ ਨਾਂ ਆਨੰਦਪੁਰ ਰੱਖਿਆ ਗਿਆ। 1665 ਈ. ਦੀ 19 ਜੂਨ ਨੂੰ ਬਾਬਾ ਗੁਰਦਿੱਤਾ ਜੀ ਵੱਲੋਂ ਆਨੰਦਪੁਰ ਦਾ ਟੱਕ ਲਗਵਾਇਆ ਗਿਆ। ਦਿਨਾਂ ਵਿਚ ਹੀ ਸੰਗਤ ਦਾ ਆਉਣ-ਜਾਣ ਬਣਨ ਨਾਲ ਇਹ ਥਾਂ ਹੋਰ ਵੀ ਆਨੰਦਮਈ ਬਣ ਗਈ ਅਤੇ ਛੇ ਮਹੀਨਿਆਂ ਵਿੱਚ ਹੀ ਆਨੰਦਪੁਰ ਸਿੱਖੀ ਦਾ ਨਵਾਂ ਕੇਂਦਰ ਬਣ ਗਿਆ। ਇੱਥੋਂ ਹੀ ਗੁਰੂ ਤੇਗ ਬਹਾਦਰ ਨੇ ਆਪਣੀ ਪੂਰਬ ਦਾ ਯਾਤਰਾ ਆਰੰਭੀ ਅਤੇ ਮਈ 1666 ਈ. ਨੂੰ ਪਟਨਾ ਵਿੱਚ ਪਹੁੰਚੇ। ਮਾਤਾ ਜੀ ਨੂੰ ਸਾਲਸ ਰਾਇ ਜੌਹਰੀ ਦੇ ਘਰ ਟਿਕਾਣਾ ਕਰਵਾ ਕੇ ਗੁਰੂ ਸਾਹਿਬ ਬੰਗਾਲ ਵੱਲ ਧਰਮ ਪ੍ਰਚਾਰ ਲਈ ਚਲੇ ਗਏ। ਪਟਨਾ ਸ਼ਹਿਰ ਵਿੱਚ ਹੀ 22 ਦਸੰਬਰ 1666 ਈ. ਨੂੰ ਬਾਲ ਗੋਬਿੰਦ ਰਾਏ ਦਾ ਜਨਮ ਹੋਇਆ। ਯਾਤਰਾ ਤੋਂ ਵਾਪਸ ਆ ਕੇ ਨੌਵੇਂ ਪਾਤਸ਼ਾਹ ਪਟਨਾ ਹੁੰਦੇ ਹੋਏ ਪੰਜਾਬ ਆਏ ਅਤੇ ਫਿਰ ਪਟਨਾ ਤੋਂ ਗੋਬਿੰਦ ਰਾਏ ਸਮੇਤ ਪਰਿਵਾਰ ਨੂੰ ਆਨੰਦਪੁਰ ਸਾਹਿਬ ਬੁਲਾ ਲਿਆ। ਫਿਰ ਆਨੰਦਪੁਰ ਵਿੱਚ ਆਨੰਦਾਂ ਦੀਆਂ ਬਹਾਰਾਂ ਲੱਗ ਗਈਆਂ ਪਰ ਸਮੇਂ ਦੇ ਹਾਲਾਤ ਅਨੁਸਾਰ ਗੁਰੂ ਤੇਗ ਬਹਾਦਰ ਜੀ ਨੂੰ 11 ਨਵੰਬਰ 1675 ਈ. ਨੂੰ ਚਾਂਦਨੀ ਚੌਕ ਦਿੱਲੀ ਵਿੱਚ ਸ਼ਹੀਦ ਕਰ ਦਿੱਤਾ ਗਿਆ ਤਾਂ ਗੁਰਗੱਦੀ ਸਮੇਤ ਸਿੱਖੀ ਸੰਭਾਲ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਬਾਲ ਗੋਬਿੰਦ ਰਾਇ ਦੇ ਜ਼ਿੰਮੇ ਆ ਪਈਆਂ।
ਗੁਰੂ ਗੋਬਿੰਦ ਸਿੰਘ ਨੇ ਆਨੰਦਪੁਰ ਦੇ ਆਨੰਦਾਂ ਨੂੰ ਹੋਰ ਹੀ ਰੰਗਾਂ ਵਿੱਚ ਰੰਗ ਦਿੱਤਾ। ਰਣਜੀਤ ਨਗਾਰੇ ਵੱਜਣ ਲੱਗੇ। ਜੰਗੀ ਤਿਆਰੀਆਂ ਦੇ ਅਭਿਆਸ ਅਤੇ ਨਵੀਆਂ ਖੇਡਾਂ ਹੋਣ ਲੱਗੀਆਂ। ਵਿੱਦਿਆ, ਸਾਹਿਤ ਅਤੇ ਸੰਗੀਤ ਨਾਲ ਰੌਣਕਾਂ ਲੱਗ ਗਈਆਂ। ਨਿਮਾਣਿਆਂ ਨੂੰ ਮਾਣ ਅਤੇ ਸਿਰ ਉੱਚਾ ਚੁੱਕ ਕੇ ਤੁਰਨਾ ਦੱਸਿਆ ਜਾਣ ਲੱਗਿਆ ਅਤੇ ਫਿਰ ਅਪਰੈਲ 1699 ਦੀ ਵਿਸਾਖੀ ਨੂੰ ਖਾਲਸਾ ਪੰਥ ਸਾਜ ਕੇ ਕੌਮ ਦੀ ਤਕਦੀਰ ਹੀ ਬਦਲ ਦਿੱਤੀ।
ਹੁਣ ਭਵਿੱਖ ਦੇ ਯੁੱਧਾਂ ਨੂੰ ਦੇਖਦਿਆਂ ਵੱਡੇ ਪੱਧਰ ’ਤੇ ਜੰਗੀ ਤਿਆਰੀਆਂ ਹੋਣ ਲੱਗੀਆਂ। ਗੁਰੂ ਜੀ ਨੇ ਕਿਲ੍ਹਿਆਂ ਦੀ ਉਸਾਰੀ ਸ਼ੁਰੂ ਕਰ ਦਿੱਤੀ। ਗੁਰੂ ਗੋਬਿੰਦ ਸਿੰਘ ਜੀ ਨੇ ਇਸ ਆਨੰਦਾਂ ਦੀ ਪੁਰੀ ਨੂੰ ਸੁਰੱਖਿਅਤ ਰੱਖਣ ਲਈ ਆਨੰਦਪੁਰ ਸਾਹਿਬ ਵਿੱਚ ਛੇ ਕਿਲ੍ਹੇ ਬਣਵਾਏ। ਇਨ੍ਹਾਂ ਦੇ ਨਾਂ ਲੋਹਗੜ੍ਹ, ਹੋਲਗੜ੍ਹ, ਨਿਰਮੋਹਗੜ੍ਹ, ਫ਼ਤਹਿਗੜ੍ਹ, ਆਨੰਦਗੜ੍ਹ ਅਤੇ ਕੇਸਗੜ੍ਹ ਰੱਖੇ ਗਏ। ਸਿੰਘਾਂ ਨੂੰ ਹੋਰ ਆਨੰਦਮਈ ਕਰਨ ਅਤੇ ਖੁਸ਼ੀਆਂ ਪ੍ਰਦਾਨ ਕਰਨ ਲਈ ਗੁਰੂ ਸਾਹਿਬ ਨੇ ਹੋਲਾ ਮਹੱਲਾ ਸ਼ੁਰੂ ਕੀਤਾ।
ਆਨੰਦਪੁਰ ਦੀਆਂ ਖੁਸ਼ੀਆਂ ਦੁਸ਼ਮਣ ਪਹਾੜੀ ਰਾਜਿਆਂ ਕੋਲੋਂ ਬਰਦਾਸ਼ਤ ਨਹੀਂ ਸਨ ਹੋ ਰਹੀਆਂ ਅਤੇ ਉਹ ਗੁਰੂ ਜੀ ਨੂੰ ਜੰਗਾਂ-ਯੁੱਧਾਂ ਵਿੱਚ ਉਲਝਾ ਕੇ ਰੱਖਣਾ ਚਾਹੁੰਦੇ ਸਨ। ਪਹਿਲਾ ਉਨ੍ਹਾਂ 1687 ਵਿੱਚ ਨਾਦੌਨ ਦੀ ਜੰਗ ਅਤੇ ਫਿਰ 1693 ਹੁਸੈਨੀ ਦੇ ਯੁੱਧ ਵਿੱਚ ਮੁਗਲਾਂ ਦੀ ਮਦਦ ਨਾਲ ਕੀਤੀ ਅਤੇ ਫਿਰ ਮੁਗਲਾਂ ਨਾਲ ਮਿਲ ਕੇ ਗੁਰੂ ਜੀ ਨੂੰ ਆਨੰਦਪੁਰ ਸਾਹਿਬ ’ਚੋਂ ਕੱਢਣ ਦੇ ਮਨਸੂਬੇ ਘੜਨ ਲੱਗੇ।
ਇਸ ਤਰ੍ਹਾਂ ਇਹ ਆਨੰਦਾਂ ਦੀ ਪੁਰੀ ਜੰਗਾਂ, ਯੁੱਧਾਂ ਦੀ ਧਰਤ ਵਿਚ ਬਦਲ ਗਈ ਅਤੇ ਗੁਰੂ ਜੀ ਨੂੰ ਇਸ ਧਰਤੀ ’ਤੇ ਕਈ ਜੰਗਾਂ ਲੜਨੀਆਂ ਪਈਆਂ। ਉਨ੍ਹਾਂ ਨੇ ਸ੍ਰੀ ਆਨੰਦਪੁਰ ਸਾਹਿਬ ਦੀ ਪਹਿਲੀ ਲੜਾਈ ਸੰਨ 1701 ਈ. ਵਿੱਚ ਲੜੀ ਜਿਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਸਿੰਘ ਫੌਜਾਂ ਦੀ ਅਗਵਾਈ ਦੀ ਕਮਾਨ ਪੰਜ ਪਿਆਰਿਆਂ, ਭਾਈ ਉਦੈ ਸਿੰਘ ਤੇ ਭਾਈ ਆਲਮ ਸਿੰਘ ਦੇ ਸਪੁਰਦ ਕੀਤੀ ਅਤੇ ਫਤਹਿ ਪ੍ਰਾਪਤ ਕੀਤੀ। ਸ੍ਰੀ ਆਨੰਦਪੁਰ ਸਾਹਿਬ ਵਿਖੇ ਹੀ ਦੂਜੀ ਲੜਾਈ ਨਵੰਬਰ 1701 ਈ. ਵਿੱਚ ਲੜੀ ਗਈ। ਸ੍ਰੀ ਆਨੰਦਪੁਰ ਸਾਹਿਬ ਨੂੰ ਖਾਲੀ ਕਰਵਾਉਣ ਲਈ ਪਹਾੜੀ ਰਾਜੇ ਇਕੱਠੇ ਹੋ ਕੇ ਸ੍ਰੀ ਆਨੰਦਪੁਰ ਸਾਹਿਬ ’ਤੇ ਚੜ੍ਹ ਆਏ। ਇਸੇ ਯੁੱਧ ਵਿੱਚ ਭਾਈ ਬਚਿੱਤਰ ਸਿੰਘ ਨੇ ਨਾਗਣੀ ਮਾਰ ਕੇ ਹਾਥੀ ਨਾਲ ਲੜਾਈ ਦੇ ਜੌਹਰ ਦਿਖਾਏ ਸਨ। ਮੈਦਾਨ ਵਿੱਚ ਖਾਲਸੇ ਦੀ ਜਿੱਤ ਹੋਈ। ਸ੍ਰੀ ਆਨੰਦਪੁਰ ਸਾਹਿਬ ਵਿਖੇ ਤੀਜੀ ਲੜਾਈ 1703 ਈ. ਵਿੱਚ ਲੜੀ ਗਈ ਜਿਸ ਵਿਚ ਸਿਰਫ 800 ਸਿੰਘਾਂ ਨੇ ਰਿਆਸਤੀ ਰਾਜਿਆਂ ਨੂੰ ਚੰਗੇ ਹੱਥ ਦਿਖਾਏ। ਇਸ ਤੋਂ ਪਹਿਲਾਂ ਨਿਰਮੋਹਗੜ੍ਹ ਦੀ ਲੜਾਈ ਵਿੱਚ ਵੀ ਖਾਲਸੇ ਦੀ ਫਤਹਿ ਹੋਈ ਸੀ। ਚੌਥੀ ਲੜਾਈ 1703 ਦੇ ਅੰਤ ਵਿੱਚ ਹੋਈ। ਇਸ ਲੜਾਈ ਵਿੱਚ ਸੈਦ ਖਾਂ ਮੁਗਲ ਫੌਜ ਦਾ ਸਾਥ ਛੱਡ ਕੇ ਦੌੜ ਗਿਆ।
ਪੰਜਵੀਂ ਅਤੇ ਆਖਰੀ ਲੜਾਈ 20 ਮਈ 1704 ਈ. ਨੂੰ ਹੋਈ। ਮੁਗਲਾਂ ਅਤੇ ਪਹਾੜੀ ਰਾਜਿਆਂ ਦੀ ਸਾਂਝੀ ਫੌਜ ਨੇ ਆਨੰਦਪੁਰ ਸਾਹਿਬ ਤੋਂ ਚੜ੍ਹਦੇ ਅਤੇ ਲਹਿੰਦੇ ਦੋਹਾਂ ਪਾਸਿਆਂ ਤੋਂ ਹੱਲਾ ਬੋਲ ਦਿੱਤਾ। ਮੁਗਲ ਫੌਜਾਂ ਨੇ ਸ੍ਰੀ ਆਨੰਦਪੁਰ ਸਾਹਿਬ ਨੂੰ 7 ਮਹੀਨਿਆਂ ਤੱਕ ਘੇਰਾ ਪਾਈ ਰੱਖਿਆ ਅਤੇ ਸਿੰਘਾਂ ਨੇ ਸਿਰ ਧੜ ਦੀ ਬਾਜ਼ੀ ਲਾ ਕੇ ਬਹਾਦਰੀ ਦੇ ਜੌਹਰ ਦਿਖਾਏ ਪਰ ਸਿੰਘ ਲੰਬੇ ਘੇਰੇ ਕਾਰਨ ਭੁੱਖ ਕਰਕੇ ਬੇਹਾਲ ਹੋਣ ਲੱਗੇ ਅਤੇ ਮੁਗਲਾਂ ਅਤੇ ਪਹਾੜੀ ਰਾਜਿਆਂ ਦੀਆਂ ਝੂਠੀਆਂ ਕਸਮਾਂ ਕਾਰਨ ਗੁਰੂ ਜੀ ਨੇ 6-7 ਪੋਹ ਦੀ ਵਿਚਕਾਰਲੀ ਰਾਤ ਸੰਮਤ 1761 ਨੂੰ ਆਨੰਦਪੁਰ ਸਾਹਿਬ ਖਾਲੀ ਕਰਨ ਦਾ ਫ਼ੈਸਲਾ ਕਰ ਲਿਆ। ਆਨੰਦਪੁਰ ਸਾਹਿਬ ਤੋਂ ਚੱਲਣ ਵਾਲੇ ਸਿੰਘਾਂ ਦੀ ਗਿਣਤੀ ਡੇਢ ਹਜ਼ਾਰ ਦੇ ਕਰੀਬ ਸੀ।
ਸੰਪਰਕ: 98764-52223

Advertisement
Author Image

joginder kumar

View all posts

Advertisement
Advertisement
×