For the best experience, open
https://m.punjabitribuneonline.com
on your mobile browser.
Advertisement

ਸਕੁਐਸ਼: ਭਾਰਤ ਨੇ ਪਾਕਿਸਤਾਨ ਨੂੰ ਹਰਾ ਕੇ ਸੋਨਾ ਜਿੱਤਿਆ

08:10 AM Oct 01, 2023 IST
ਸਕੁਐਸ਼  ਭਾਰਤ ਨੇ ਪਾਕਿਸਤਾਨ ਨੂੰ ਹਰਾ ਕੇ ਸੋਨਾ ਜਿੱਤਿਆ
ਏਸ਼ਿਆਈ ਖੇਡਾਂ ਦੇ ਪੁਰਸ਼ ਟੀਮ ਸਕੁਐਸ਼ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਣ ਮਗਰੋਂ ਯਾਦਗਾਰੀ ਤਸਵੀਰ ਖਿਚਵਾਉਂਦੇ ਹੋਏ ਭਾਰਤੀ ਖਿਡਾਰੀ। -ਫੋਟੋ: ਪੀਟੀਆਈ
Advertisement

ਹਾਂਗਜ਼ੂ, 30 ਸਤੰਬਰ
ਸਿਖਰਲਾ ਦਰਜਾ ਪ੍ਰਾਪਤ ਭਾਰਤ ਨੇ ਅੱਜ ਇੱਥੇ ਏਸ਼ਿਆਈ ਖੇਡਾਂ ਦੇ ਪੁਰਸ਼ ਟੀਮ ਸਕੁਐਸ਼ ਮੁਕਾਬਲੇ ਵਿੱਚ ਆਪਣੇ ਗੁਆਂਢੀ ਮੁਲਕ ਪਾਕਿਸਤਾਨ ਨੂੰ ਅੱਠ ਸਾਲਾਂ ਮਗਰੋਂ ਦਿਲਚਸਪ ਮੁਕਾਬਲੇ ਵਿੱਚ ਹਰਾ ਕੇ ਸੋਨ ਤਗ਼ਮਾ ਜਿੱਤਿਆ। ਅੱਜ ਦੇ ਮੈਚ ਦਾ ਨਾਇਕ ਚੇਨੱਈ ਦਾ ਅਭੈ ਸਿੰਘ ਰਿਹਾ, ਜਿਸ ਨੇ ਕਾਫ਼ੀ ਉਤਰਾਅ-ਚੜਾਅ ਭਰੇ ਫੈਸਲਾਕੁਨ ਮੈਚ ਵਿੱਚ ਕਮਾਲ ਦਾ ਸਬਰ ਦਿਖਾਉਂਦਿਆਂ ਨੂਰ ਜ਼ਮਾਂ ਨੂੰ 3-2 ਨਾਲ ਹਰਾਇਆ। ਇਸ ਮੈਚ ਵਿੱਚ 25 ਸਾਲਾ ਭਾਰਤੀ ਨੇ ਦੋ ਸੋਨ ਤਗ਼ਮਾ ਅੰਕ ਬਚਾਏ ਅਤੇ ਜੇਤੂ ਰਹੇ।
ਇਸ ਤੋਂ ਪਹਿਲਾ ਤਜਰਬੇਕਾਰ ਸੌਰਵ ਘੋਸ਼ਾਲ ਨੇ ਮੁਹੰਮਦ ਅਸੀਮ ਖ਼ਾਨ ’ਤੇ 3-0 ਨਾਲ ਜਿੱਤ ਸਦਕਾ ਭਾਰਤ ਦੀ ਮੁਕਾਬਲੇ ਵਿੱਚ ਵਾਪਸੀ ਕਰਵਾਈ ਕਿਉਂਕਿ ਮਹੇਸ਼ ਮਨਗਾਓਂਕਰ ਸ਼ੁਰੂਆਤੀ ਮੈਚ ਵਿੱਚ ਇਕਬਾਲ ਨਾਸਿਰ ਤੋਂ ਇਸੇ ਫ਼ਰਕ ਨਾਲ ਹਾਰ ਗਿਆ ਸੀ। ਭਾਰਤ ਨੇ ਇਸ ਤਰ੍ਹਾਂ ਲੀਗ ਸਟੇਜ ਵਿੱਚ ਪਾਕਿਸਤਾਨ ਤੋਂ ਮਿਲੀ ਹਾਰ ਦਾ ਬਦਲਾ ਚੁਕਾ ਦਿੱਤਾ। ਹਾਲਾਂਕਿ ਮੁਕਾਬਲਾ ਜਿੱਤ ਜਾਣ ਕਾਰਨ ਟੀਮ ਵਿੱਚ ਸ਼ਾਮਲ ਹਰਿੰਦਰਪਾਲ ਸਿੰਘ ਸੰਧੂ ਨੂੰ ਖੇਡਣ ਦਾ ਮੌਕਾ ਨਹੀਂ ਮਿਲਿਆ।
ਭਾਰਤ ਪੁਰਸ਼ ਟੀਮ ਨੇ ਅੱਠ ਸਾਲ ਪਹਿਲਾਂ ਇੰਚਿਓਨ 2014 ਵਿੱਚ ਸੋਨ ਤਗ਼ਮਾ ਜਿੱਤਿਆ ਸੀ, ਜਦਕਿ ਪਾਕਿਸਤਾਨ ਨੇ ਆਖ਼ਰੀ ਸੋਨ ਤਗ਼ਮਾ ਗੁਆਂਜ਼ੂ 2010 ਏਸ਼ਿਆਈ ਖੇਡਾਂ ਵਿੱਚ ਜਿੱਤਿਆ ਸੀ। -ਪੀਟੀਆਈ

Advertisement

ਟੈਨਿਸ ’ਚ ਬੋਪੰਨਾ-ਭੋਸਲੇ ਦੀ ਜੋੜੀ ਨੇ ਸੋਨ ਤਗ਼ਮਾ ਜਿੱਤਿਆ

ਟੈਨਿਸ ਖਿਡਾਰਨ ਰੁਤੂਜਾ ਭੋਸਲੇ ਅਤੇ ਖਿਡਾਰੀ ਰੋਹਨ ਬੋਪੰਨਾ ਸੋਨ ਤਗ਼ਮਿਆਂ ਨਾਲ। -ਫੋਟੋ: ਪੀਟੀਆਈ

ਹਾਂਗਜ਼ੂ: ਤਜਰਬੇਕਾਰ ਖਿਡਾਰੀ ਰੋਹਨ ਬੋਪੰਨਾ ਅਤੇ ਰੁਤੂਜਾ ਭੋਸਲੇ ਨੇ ਪਹਿਲਾ ਸੈੱਟ ਹਾਰਨ ਮਗਰੋਂ ਵਾਪਸੀ ਕਰਦਿਆਂ ਚੀਨੀ ਤਾਇਪੇ ਦੇ ਸੁੰਗ ਹਾਓ ਹੁਆਂਗ ਅਤੇ ਐੱਨ ਸ਼ੁਹੋ ਲਿਆਂਗ ਨੂੰ 2-6, 6-3, 10-4 ਨਾਲ ਹਰਾ ਕੇ ਏਸ਼ਿਆਈ ਖੇਡਾਂ ਦੇ ਮਿਕਸਡ ਡਬਲਜ਼ ਮੁਕਾਬਲੇ ’ਚ ਸੋਨ ਤਗ਼ਮਾ ਜਿੱਤਿਆ। ਹੁਣ ਭਾਰਤੀ ਟੈਨਿਸ ਦਲ ਘੱਟੋ-ਘੱਟ ਇੱਕ ਸੋਨ ਤਗ਼ਮਾ ਲੈ ਕੇ ਪਰਤੇਗਾ। ਐਤਕੀਂ ਏਸ਼ਿਆਈ ਖੇਡਾਂ ਵਿੱਚ ਟੈਨਿਸ ਮੁਕਾਬਲੇ ਦੌਰਾਨ ਭਾਰਤ ਦੀ ਝੋਲੀ ਦੋ ਤਗ਼ਮੇ ਹੀ ਪਏ, ਜਨਿ੍ਹਾਂ ਵਿੱਚ ਪੁਰਸ਼ ਡਬਲਜ਼ ’ਚ ਚਾਂਦੀ ਦਾ ਤਗ਼ਮਾ ਸ਼ਾਮਲ ਹੈ। ਪਹਿਲੇ ਸੈੱਟ ਵਿੱਚ ਭੋਸਲੇ ਨੂੰ ਆਪਣੀ ਸਰਵਿਸ ਅਤੇ ਰਿਟਰਨ ਵਿੱਚ ਕਾਫ਼ੀ ਪ੍ਰੇਸ਼ਾਨੀ ਹੋਈ ਅਤੇ ਚੀਨੀ ਤਾਇਪੇ ਦੇ ਖਿਡਾਰੀਆਂ ਨੇ ਉਸ ਨੂੰ ਹੀ ਨਿਸ਼ਾਨਾ ਬਣਾਇਆ। ਹਾਲਾਂਕਿ ਉਸ ਨੇ ਦੂਜੇ ਸੈੱਟ ਵਿੱਚ ਆਪਣੀ ਖੇਡ ਵਿੱਚ ਜ਼ਬਰਦਸਤ ਸੁਧਾਰ ਕਰਦਿਆਂ ਕੁਝ ਸ਼ਾਨਦਾਰ ਰਿਟਰਨ ਲਗਾਏ। ਭਾਰਤ ਨੇ ਟੈਨਿਸ ਵਿੱਚ 2002 ’ਚ ਬੁਸਾਨ ਵਿੱਚ ਚਾਰ, 2006 ਵਿੱਚ ਦੋਹਾ ’ਚ ਚਾਰ, 2010 ਵਿੱਚ ਗੁਆਂਜ਼ੂੁ ’ਚ ਪੰਜ, 2014 ਵਿੱਚ ਇੰਚਿਓਨ ’ਚ ਪੰਜ ਅਤੇ 2018 ਵਿੱਚ ਜਕਾਰਤਾ ’ਚ ਤਿੰਨ ਤਗ਼ਮੇ ਜਿੱਤੇ ਸਨ। -ਪੀਟੀਆਈ

Advertisement

Advertisement
Author Image

sukhwinder singh

View all posts

Advertisement