ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਰਕੇ ਖਿੱਲਰੇ ਤੇਰੀ ਕਿਤਾਬ ਦੇ

07:04 AM Jan 04, 2024 IST
ਫੋਟੋ: ਰਾਹੀਂ- ਅਮਰਜੀਤ ਚੰਦਨ

ਸਵਰਾਜਬੀਰ

ਉਹ ਲੜੇ
ਕਿ ਕੁਝ ਤਾਂ ਜਿਊਂਦਾ ਰਹੇ

Advertisement

ਖੇਤਾਂ ਤੇ ਪਾਣੀਆਂ ਦਾ ਮਿਲਣ
ਹਾਲੀਆਂ ਦੀ ਹਿੱਕਾਂ ’ਚ
ਸਰਘੀਆਂ ਦਾ ਮਿਰਜ਼ਾ ਬਣ ਫੈਲਦਾ ਰਹੇ।
ਬੱਚਿਆਂ ਦੇ ਗੁਲਾਬ-ਪੋਟਿਆਂ ’ਚ
ਮਚਲਦੇ ਰਹਿਣ
ਛੋਟੇ ਛੋਟੇ ਅੱਖਰ।

ਉਨ੍ਹਾਂ ਨੇ ਸਿਆੜਾਂ ਤੇ ਪੈੜਾਂ ਨੂੰ
ਨਵਾਂ ਤਾਅ ਦਿੱਤਾ
ਮੁਸਾਫਰਾਂ ਨੂੰ ਦੱਸਿਆ
ਨੇਹੁੰ ਦੀਆਂ ਲੁੱਡਣ-ਬੇੜੀਆਂ ਦਾ ਪਤਾ
ਹਾਂ, ਉਨ੍ਹਾਂ ਨੇ
ਜੋ ਲੜੇ
ਪਿਛਲੀ ਸਦੀ ਦਮਨ ਤੇ ਜਬਰ ਵਿਰੁੱਧ ਲੜਨ ਵਾਲੇ ਪੰਜਾਬੀਆਂ ’ਚੋਂ ਬਾਬਾ ਸੋਹਨ ਸਿੰਘ ਭਕਨਾ ਦਾ ਨਾਂ ਸਭ ਤੋਂ ਮੂਹਰਲੀ ਸਫ਼ ਵਿਚ ਹੈ। ਅੱਜ ਕੌਣ ਸੋਚ ਸਕਦਾ ਹੈ ਕਿ ਕੋਈ ਅਮਰੀਕਾ ਦੀ ਸੁਪਨਿਆਂ ਭਰੀ ਜ਼ਿੰਦਗੀ ਨੂੰ ਛੱਡ ਕੇ ਆਪਣੀ ਭੋਇੰ ਵੱਲ ਮੁਹਾਰਾਂ ਮੋੜੇ ਤੇ ਹੱਕ-ਸੱਚ ਦੀ ਲੜਾਈ ਲੜੇ ਪਰ ਇਸ ਮਹਾਂ ਮਨੁੱਖ ਨੇ ਉਹ ਲੜਾਈ ਲੜੀ, ਅਜਿਹੀ ਪਾਰਟੀ ਬਣਾਈ ਜਿਸ ਦੇ ਕਹੇ ’ਤੇ ਹਜ਼ਾਰਾਂ ਪੰਜਾਬੀ ਹਿੰਦੋਸਤਾਨ ਦੀ ਆਜ਼ਾਦੀ ਲਈ ਲੜਨ ਵਤਨ ਪਰਤੇ, ਕੁਰਬਾਨੀਆਂ ਦਿੱਤੀਆਂ, ਫਾਂਸੀਆਂ ’ਤੇ ਚੜ੍ਹੇ, ਕਾਲੇ ਪਾਣੀ ਵਿਚ ਕੈਦਾਂ ਕੱਟੀਆਂ, ਜਾਇਦਾਦਾਂ ਕੁਰਕ ਕਰਵਾਈਆਂ ਤੇ ਹੋਰ ਕੁਰਬਾਨੀਆਂ ਦਿੱਤੀਆਂ। ਜਿਹੜੀ ਪਾਰਟੀ ਉਨ੍ਹਾਂ ਨੇ ਬਣਾਈ, ਉਸ ਦਾ ਨਾਂ ਗ਼ਦਰ ਪਾਰਟੀ ਸੀ ਤੇ ਉਸ ਦੇ ਪ੍ਰਧਾਨ ਸਨ ਬਾਬਾ ਸੋਹਣ ਸਿੰਘ ਭਕਨਾ।
ਗ਼ਦਰ ਪਾਰਟੀ ਮਾਰਚ 1913 ਵਿਚ ਹੋਂਦ ਵਿਚ ਆਈ (ਇਸ ਦਾ ਨਾਂ ਹਿੰਦੀ ਐਸੋਸੀਏਸ਼ਨ ਸੀ) ਤੇ ਇਸ ਦੇ ਪਹਿਲੇ ਅਹੁਦੇਦਾਰ ਇਹ ਸਨ: ਪ੍ਰਧਾਨ ਸੋਹਣ ਸਿੰਘ ਭਕਨਾ, ਮੀਤ ਪ੍ਰਧਾਨ ਬਾਬਾ ਕੇਸਰ ਸਿੰਘ ਠੱਠਗੜ੍ਹ, ਜਰਨਲ ਸਕੱਤਰ ਲਾਲਾ ਹਰਦਿਆਲ, ਜੁਆਇੰਟ ਸਕੱਤਰ ਕਰੀਮ ਬਖ਼ਸ਼ ਤੇ ਮੁਣਸ਼ੀ ਰਾਮ, ਖ਼ਜ਼ਾਨਚੀ ਪੰਡਤ ਕਾਂਸ਼ੀ ਰਾਮ ਅਤੇ ਨਾਇਬ ਖ਼ਜ਼ਾਨਚੀ ਬਾਬਾ ਹਰਨਾਮ ਸਿੰਘ ਟੁੰਡੀਲਾਟ। ਪਹਿਲੀ ਨਵੰਬਰ 1913 ਤੋਂ ਪਾਰਟੀ ਨੇ ਗ਼ਦਰ ਅਖ਼ਬਾਰ ਸ਼ੁਰੂ ਕੀਤਾ ਜਿਸ ਨੂੰ ਛਾਪਣ ਦੀ ਜ਼ਿੰਮੇਵਾਰੀ ਨੌਜਵਾਨ ਕਰਤਾਰ ਸਿੰਘ ਸਰਾਭਾ ਨੇ ਲਈ, ਗ਼ਦਰ ਪਾਰਟੀ ਦੇ ਇਕ ਕਿਤਾਬਚੇ ’ਚ ਇਹ ਐਲਾਨ ਹੈ- ‘‘ਇਹ ਕਾਗਦ ਨਹੀਂ ਲੜਾਈ ਦਾ ਝੰਡਾ ਹੈ।’’ ਬਾਅਦ ਵਿਚ ਪਾਰਟੀ ਦਾ ਨਾਂ ਗ਼ਦਰ/ਹਿੰਦੋਸਤਾਨ ਗ਼ਦਰ ਅਖ਼ਬਾਰ ਦੇ ਨਾਂ ’ਤੇ ਹੀ ਗ਼ਦਰ ਪਾਰਟੀ ਪ੍ਰਸਿੱਧ ਹੋ ਗਿਆ।
ਬਾਬਾ ਸੋਹਣ ਸਿੰਘ ਭਕਨਾ ਦਾ ਜਨਮ 4 ਜਨਵਰੀ 1870 ਨੂੰ ਹੋਇਆ ਅਤੇ ਰੁਜ਼ਗਾਰ ਦੀ ਭਾਲ ਵਿਚ ਉਹ 1909 ਵਿਚ ਅਮਰੀਕਾ ਚਲੇ ਗਏ। 20ਵੀਂ ਸਦੀ ਦੇ ਸ਼ੁਰੂ ਵਿਚ ਪੰਜਾਬੀਆਂ ਦੇ ਪਰਵਾਸ ਕਾਰਨਾਂ ਨੂੰ ਬਿਆਨ ਕਰਦਿਆਂ ਬਾਬਾ ਸੋਹਣ ਸਿੰਘ ਭਕਨਾ ਲਿਖਦੇ ਹਨ, ‘‘ਵੀਹਵੀਂ ਸਦੀ ਦੇ ਸ਼ੁਰੂ ਤਕ ਸਗੋਂ ਇਸ ਤੋਂ ਵੀ ਪਹਿਲਾਂ, ਪੰਜਾਬੀ ਕਿਸਾਨ ਦੀ ਆਰਥਿਕ ਹਾਲਤ ਮਾਲੀਏ ਤੇ ਕਰਜ਼ੇ ਕਰ ਕੇ ਨਿਹਾਇਤ ਖ਼ਰਾਬ ਹੋ ਚੁੱਕੀ ਸੀ। ਵਾਹਕ ਜ਼ਮੀਨ, ਜਿਸ ’ਤੇ ਉਹਦੀ ਜ਼ਿੰਦਗੀ ਦਾ ਦਾਰੋਮਦਾਰ ਸੀ, ਬਹੁਤੀ ਮਲਕੀਅਤ ਸ਼ਾਹੂਕਾਰਾਂ ਤੇ ਵੱਡੇ ਜ਼ਿਮੀਂਦਾਰਾਂ ਦੇ ਹੱਥ ਜਾ ਚੁੱਕੀ ਸੀ। ਕਿਸਾਨ ਰੋਟੀ ਰੋਜ਼ੀ ਮਹਿਦੂਦ ਹੋ ਚੁੱਕੇ ਸਨ। ਹੁਣ ਇਹੀ ਹੋ ਸਕਦਾ ਸੀ ਕਿ ਆਪਣਾ ਤੇ ਆਪਣੇ ਬਾਲ-ਬੱਚਿਆਂ ਦਾ ਪੇਟ ਪਾਲਣ ਲਈ ਗ਼ੈਰ-ਮੁਲਕਾਂ ਦੇ ਦਰਵਾਜ਼ੇ ਖੜਕਾਉਣ। ਉਨ੍ਹੀਂ ਦਿਨੀਂ ਹਾਲੇ ਪਾਸਪੋਰਟ ਦਾ ਕਾਨੂੰਨ ਲਾਗੂ ਨਹੀਂ ਹੋਇਆ ਸੀ। ਇਸ ਲਈ ਪੰਜਾਬੀ ਮਾਲਿਕ ਕਿਸਾਨ ਕਰਜ਼ਾ ਚੁੱਕ ਕੇ ਜਾਂ ਜ਼ਮੀਨ ਗਹਿਣੇ ਰੱਖ ਕੇ ਭਾੜਾ ‘ਕੱਠਾ ਕਰ ਕੇ ਮਲਾਇਆ, ਚੀਨ, ਆਸਟਰੇਲੀਆ ਵਗ਼ੈਰਾ ਜਾਣ ਲੱਗ ਪਏ। ਸੈਂਕੜੇ ਨਹੀਂ ਸਗੋਂ ਹਜ਼ਾਰਾਂ ਦੀ ਤਾਦਾਦ ਵਿਚ ਇਹ ਲੋਕ ਪਹਿਲਾਂ ਪਹਿਲ ਸ਼ੰਘਾਈ, ਹਾਂਙਕਾਂਙ, ਮਲਾਇਆ ਵਗ਼ੈਰਾ ਚ ਅੰਗਰੇਜ਼ੀ ਪੁਲੀਸ ਵਿਚ ਜਾਂ ਤਾਂ ਭਰਤੀ ਹੋ ਕੇ ਗਏ ਜਾਂ ਮਲਾਈ ਤੇ ਚੀਨੀ ਸੇਠਾਂ ਦੇ ਚੌਕੀਦਾਰ ਬਣੇ।’’
ਜਦੋਂ ਅਸੀਂ ਬਾਬਾ ਸੋਹਣ ਸਿੰਘ ਭਕਨਾ ਦੀ ਸਵੈ-ਜੀਵਨੀ (ਮੇਰੀ ਆਪ-ਬੀਤੀ, ਜੀਵਨ ਸੰਗਰਾਮ ਤੇ ਮੇਰੀ ਰਾਮ ਕਹਾਣੀ) ਪੜ੍ਹਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਬਾਬਾ ਜੀ ਸਿਆਸੀ ਤੌਰ ’ਤੇ ਕਿੰਨੇ ਚੇਤਨ ਸਨ। ਅਮਰੀਕਾ ਜਾਣ ਤੋਂ ਪਹਿਲਾਂ ਉਨ੍ਹਾਂ ਨੇ ਸਰਦਾਰ ਅਜੀਤ ਸਿੰਘ ਦੁਆਰਾ ਚਲਾਈ ‘ਪਗੜੀ ਸੰਭਾਲ ਜੱਟਾ ਲਹਿਰ’ ਵਿਚ ਹਿੱਸਾ ਲਿਆ ਸੀ। ਅਮਰੀਕਾ ਵਿਚ ਕੰਮ ਕਰ ਰਹੇ ਹਿੰਦੋਸਤਾਨੀਆਂ ਬਾਰੇ ਉਨ੍ਹਾਂ ਦੀ ਟਿੱਪਣੀ ਇਹ ਸੀ ਕਿ ਇਹ ਉਹ ਲੋਕ ਸਨ ਜੋ ‘ਕਿਸਾਨ ਤੋਂ ਮਜ਼ਦੂਰ’ ਬਣ ਗਏ ਸਨ। ਉੱਥੇ ਜਾ ਕੇ ਬਾਬਾ ਜੀ ਨੇ ਵੇਖਿਆ ਕਿ ਨਾ ਸਿਰਫ਼ ਸਰਮਾਏਦਾਰ ਹੀ ਹਿੰਦੋਸਤਾਨੀ ਮਜ਼ਦੂਰਾਂ ਨੂੰ ਦਬਾਉਂਦਾ ਸੀ ਸਗੋਂ ਅਮਰੀਕਨ ਮਜ਼ਦੂਰ ਦਾ ਜ਼ਿਆਦਾ ਦਬਾਓ ਵੀ ਇਨ੍ਹਾਂ ’ਤੇ ਹੀ ਹੁੰਦਾ ਸੀ। ਬਾਬਾ ਜੀ ਅਨੁਸਾਰ: ‘‘ਵਜ੍ਹਾ ਸਾਫ਼ ਸੀ – ਕਿਉਂਕਿ ਹਿੰਦੀ ਦੁਨੀਆ ਵਿਚ ਸਭ ਤੋਂ ਬਦਤਰ ਗ਼ੁਲਾਮ ਸਮਝੇ ਜਾਂਦੇ ਸਨ।’’ ਅਮਰੀਕਾ ਤੇ ਕੈਨੇਡਾ ਵਿਚ ਹਿੰਦੋਸਤਾਨੀ ਮਜ਼ਦੂਰਾਂ ਦੇ ਵਿਰੁੱਧ ਨਫ਼ਰਤ ਤੇ ਹਿੰਸਾ 1907 ਤੋਂ 1909 ਤਕ ਵੱਡੇ ਪੱਧਰ ’ਤੇ ਹੋਈ। ਬਾਬਾ ਜੀ ਦੱਸਦੇ ਸਨ ਕਿ ਬਾਅਦ ਵਿਚ ਹਿੰਸਾ ਤਾਂ ਘਟੀ ਪਰ ਹਿੰਦੋਸਤਾਨੀਆਂ ਵਿਰੁੱਧ ਨਫ਼ਰਤ ਉਸੇ ਤਰ੍ਹਾਂ ਜਾਰੀ ਰਹੀ ਤੇ ਬੱਚੇ ਵੀ ਰਾਹ ਜਾਂਦੇ ‘ਹੈਲੋ ਹਿੰਦੂ ਸਲੇਵ’ (ਹਿੰਦੂ ਗ਼ੁਲਾਮ) ਕਹਿ ਕੇ ਮਖ਼ੌਲ ਉੜਾਉਂਦੇ। ਬਾਬਾ ਜੀ ਇਹ ਵੀ ਦੱਸਦੇ ਹਨ ਕਿ ਆਜ਼ਾਦ ਖ਼ਿਆਲ ਅਮਰੀਕਨ ਮਜ਼ਦੂਰ ਹਿੰਦੋਸਤਾਨੀਆਂ ਨੂੰ ਤਾਅਨੇ ਮਾਰਦਿਆਂ ਪੁੱਛਦੇ, ‘‘ਤੇਰੇ ਮੁਲਕ ਦੇ ਬਾਸ਼ਿੰਦੇ ਕਿੰਨੇ ਹਨ? ਉਨ੍ਹਾਂ ਦਿਨਾਂ ਮੁਤਾਬਿਕ ਹਿੰਦ ਦੀ ਆਬਾਦੀ ਤੀਹ
ਕਰੋੜ ਸੀ; ਤੇ ਅਮਰੀਕਨ ਮਖ਼ੌਲ ਉੜਾ ਕੇ ਕਹਿੰਦਾ, ‘‘ਤੀਹ ਕਰੋੜ ਭੇਡਾਂ ਜਾਂ ਆਦਮੀ?’’ ਹਿੰਦੀ ਦੀ ਧੌਣ ਸ਼ਰਮ ਨਾਲ ਝੁਕ ਜਾਂਦੀ ਤੇ ਅੰਦਰ ਹੀ ਅੰਦਰ ਉਹ ਆਪਣੀ ਕੌਮੀ ਗ਼ੁਲਾਮੀ ’ਤੇ ਕੁੜ੍ਹਦਾ ਤਾਅਨੇ ਨੂੰ ਜ਼ਹਿਰ ਦੇ ਘੁੱਟ ਵਾਂਙ ਪੀ ਜਾਂਦਾ।’’
ਅੰਤਰਰਾਸ਼ਟਰੀ ਹਾਲਾਤ ਜਿਨ੍ਹਾਂ ਵਿਚ ਚੀਨ ਵਿਚ ਡਾਕਟਰ ਸੁਨ ਯੇਤ ਸੇਨ ਦੀ ਅਗਵਾਈ ਵਿਚ ਸ਼ਾਹੀ ਖ਼ਾਨਦਾਨ ਦੇ ਵਿਰੁੱਧ ਹੋ ਰਹੀ ਲਾਮਬੰਦੀ ਅਤੇ ਕੋਰੀਆ ਦੀ ਮਜ਼ਲੂਮ ਅਵਾਮ ਵੱਲੋਂ ਜਾਪਾਨ ਦੇ ਵਿਰੁੱਧ ਕੀਤੇ ਜਾ ਰਹੇ ਸੰਘਰਸ਼ ਵੀ ਸ਼ਾਮਲ ਹਨ, ਨੇ ਵੀ ਅਮਰੀਕਾ ਤੇ ਕੈਨੇਡਾ ਦੇ ਹਿੰਦੋਸਤਾਨੀਆਂ ’ਤੇ ਅਸਰ ਪਾਇਆ। ਆਪਣੀਆਂ ਸਵੈ-ਜੀਵਨੀਆਂ ਵਿਚ ਇਹ ਸਭ ਕੁਝ ਬਿਆਨ ਕਰਦੇ ਹੋਏ ਬਾਬਾ ਜੀ ਆਪਣੇ ਵੱਲੋਂ ਇਨ੍ਹਾਂ ਸਮਿਆਂ ਦੌਰਾਨ ਦਿੱਤੇ ਗਏ ਮਹਾਨ ਯੋਗਦਾਨ ਤੇ ਕੁਰਬਾਨੀ ਦਾ ਜ਼ਿਕਰ ਬਹੁਤ ਘੱਟ ਕਰਦੇ ਹੋਏ ਨਿਚੋੜ ਏਦਾਂ ਕੱਢਦੇ ਹਨ, ‘‘ਗ਼ਦਰ ਪਾਰਟੀ ਪਿੱਛੇ ਦੱਸੇ ਹਾਲਾਤ ਵਿਚੋਂ ਗੁਜ਼ਰੇ ਤਜਰਬੇਕਾਰ ਹਿੰਦੀਆਂ ਦੇ ਇਕੱਠ ਦਾ ਨਾਂ ਹੈ। ਗ਼ਦਰ ਪਾਰਟੀ ਬਣਾਉਣ ਵਾਲਿਆਂ ਨੇ ਆਪਣੇ ਆਪ ਨੂੰ ਹਿੰਦੀ ਤੇ ਗ਼ਦਰੀ ਕਹਾਉਣ ਵਿਚ ਸ਼ਾਨ ਸਮਝੀ।’’ ਗ਼ਦਰ ਪਾਰਟੀ ਦਾ ਨਾਂ 1857 ਵਿਚ ਅੰਗਰੇਜ਼ਾਂ ਦੇ ਵਿਰੁੱਧ ਹੋਈ ਬਗ਼ਾਵਤ ਤੋਂ ਲਿਆ ਗਿਆ ਸੀ। 2014 ਵਿਚ ਲਿਖੀ ਕਵਿਤਾ ਵਿਚ ਇਕ ਗ਼ਦਰੀ ਕਵੀ ਨੇ ਇਸ ਨੂੰ ਇਸ ਤਰ੍ਹਾਂ ਯਾਦ ਕੀਤਾ- ‘‘ਪੈਹਲਾ ਵਿਚ ਸਤੁਵੰਜਾ ਜੋ ਗ਼ਦਰ ਹੋਇਆ, ਜਿਹਨੂੰ ਚੜ੍ਹਿਆ ਸਤੁਵੰਜਵਾਂ ਸਾਲ ਸਿੰਘੋ।। ਦੂਜਾ ਗ਼ਦਰ ਜੋ ਫੇਰ ਜ਼ਹੂਰ ਹੋਇਆ, ਵਿਚ ਆਣ ਸਤੁਵੰਜਵੇਂ ਸਾਲ ਸਿੰਘੋ।। ਏਸ ‘ਗ਼ਦਰ’ ਨੂੰ ਪਾਲਣਾ ਫ਼ਰਜ਼ ਸਾਡਾ, ਏਹਨੂੰ ਸਮਝ ਲੌ ਅਪਣਾ ਬਾਲ ਸਿੰਘੋ।। ਨਾਲੇ ਗ਼ਦਰ ਮਚਾਵਣਾ ਫਰਜ਼ ਸਾਡਾ, ਭਾਰਤ ਵਰਸ਼ ਦੇ ਨੌ ਨਿਹਾਲ ਸਿੰਘੋ।।’’
ਬਾਬਾ ਜੀ 21 ਜੁਲਾਈ 1914 ਨੂੰ ਸਾਨਫਰਾਂਸਿਸਕੋ ਤੋਂ ਹਿੰਦੋਸਤਾਨ ਲਈ ਰਵਾਨਾ ਹੋਏ। ਬਾਬਾ ਜੀ ਦੱਸਦੇ ਹਨ ਕਿ ਕਿਵੇਂ ਉਨ੍ਹਾਂ ਨੇ ਪਿੱਛੇ ਰਹਿ ਗਏ ਸਾਥੀਆਂ ਦੀਆਂ ਡਿਊਟੀਆਂ ਲਾਈਆਂ ਤੇ ਇਸੇ ਤਰ੍ਹਾਂ ਜਾਪਾਨ ਵਿਚ ਆ ਕੇ ਕਰਤਾਰ ਸਿੰਘ ਸਰਾਭਾ ਅਤੇ ਹੋਰਨਾਂ ਗ਼ਦਰੀਆਂ ਨੂੰ ਵੱਖ ਵੱਖ ਕੰਮ ਸੌਂਪੇ। ਇਸੇ ਤਰ੍ਹਾਂ ਉਨ੍ਹਾਂ ਸ਼ੰਘਾਈ, ਹਾਂਗਕਾਂਗ ਤੇ ਸਿੰਗਾਪੁਰ ਵਿਚ ਗ਼ਦਰੀਆਂ ਦੇ ਨਾਲ ਮੀਟਿੰਗਾਂ ਕੀਤੀਆਂ। ਉਹ ਸਿੰਗਾਪੁਰ ਵਿਚ ਮੁਸਲਮਾਨਾਂ ਦੀ ਪੰਜਾਬੀ ਪਲਟਣ ਦੁਆਰਾ ਗ਼ਦਰ ਪਾਰਟੀ ਦੇ ਅਸਰ ਹੇਠਾਂ ਕੀਤੀ ਗਈ ਬਗ਼ਾਵਤ ਦਾ ਜ਼ਿਕਰ ਬੜੇ ਹੁੱਬ ਕੇ ਕਰਦੇ ਹਨ। ਕਲਕੱਤੇ ਪਹੁੰਚਣ ’ਤੇ ਬਾਬਾ ਜੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਲਾਹੌਰ ਵਿਚ ਲਾਹੌਰ ਸਾਜ਼ਿਸ਼ ਕੇਸ ਵਿਚ ਫਾਂਸੀ ਦੀ ਸਜ਼ਾ ਸੁਣਾਈ ਗਈ ਜਿਸ ਨੂੰ ਬਾਅਦ ਵਿਚ ਉਮਰ ਕੈਦ ਵਿਚ ਤਬਦੀਲ ਕਰ ਦਿੱਤਾ ਗਿਆ। ਉਨ੍ਹਾਂ ਨੇ 6 ਸਾਲ ਅੰਡੇਮਾਨ ਅਤੇ ਬਾਅਦ ਵਿਚ ਵੱਖ ਵੱਖ ਜੇਲ੍ਹਾਂ ਵਿਚ ਕੁੱਲ 26 ਸਾਲ ਕੈਦ ਕੱਟੀ। ਇਸ ਦੌਰਾਨ ਉਹ ਕਿਰਤੀ ਕਿਸਾਨ ਪਾਰਟੀ ਵਿਚ ਸ਼ਾਮਲ ਹੋ ਗਏ ਅਤੇ ਕੁੱਲ ਹਿੰਦ ਕਿਸਾਨ ਸਭਾ ਦੇ ਪ੍ਰਧਾਨ ਬਣੇ। ਬਾਅਦ ਵਿਚ ਉਹ ਕਮਿਊਨਿਸਟ ਪਾਰਟੀ ਆਫ਼ ਇੰਡੀਆ ਵਿਚ ਸ਼ਾਮਲ ਹੋਏ। ਆਜ਼ਾਦੀ ਤੋਂ ਬਾਅਦ ਕਮਿਊਨਿਸਟ ਪਾਰਟੀ ’ਤੇ ਲੱਗੀ ਪਾਬੰਦੀ ਕਾਰਨ ਉਹ ਯੌਲ ਕੈਂਪ ਡਲਹੌਜ਼ੀ ਵਿਚ ਕੈਦ ਰਹੇ। ਇਸ ਕੈਂਪ ਵਿਚ ਉਨ੍ਹਾਂ ਨੇ ਆਪਣੀ ਆਖ਼ਰੀ ਭੁੱਖ ਹੜਤਾਲ ਕੀਤੀ ਜਿਸ ਨੇ ਉਨ੍ਹਾਂ ਦੇ ਸਰੀਰ ਵਿਚ ਕੁੱਬ ਪਾ ਦਿੱਤਾ। ਉਹ ਸਾਰੇ ਉਮਰ ਦਬੇ-ਕੁਚਲੇ ਲੋਕਾਂ ਲਈ ਸੰਘਰਸ਼ ਕਰਦੇ ਰਹੇ ਤੇ 20 ਦਸੰਬਰ 1968 ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ।
ਬਾਬਾ ਜੀ ਦੀ ਜ਼ਿੰਦਗੀ ਦਾ ਅਤਿਅੰਤ ਮਾਰਮਿਕ ਵਾਕਿਆ ਉਦੋਂ ਦਾ ਹੈ ਜਦੋਂ ਉਨ੍ਹਾਂ ਦੇ ਮਾਤਾ ਬੀਬੀ ਰਾਮ ਕੌਰ ਜੀ ਉਨ੍ਹਾਂ ਨੂੰ ਮੁਲਤਾਨ ਜੇਲ੍ਹ ਵਿਚ ਉਦੋਂ ਮਿਲਣ ਗਏ ਜਦੋਂ ਬਾਬਾ ਜੀ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾ ਚੁੱਕੀ ਸੀ। ਕੁਝ ਲੋਕ ਗ਼ਦਰੀਆਂ ਨੂੰ ਮੁਆਫ਼ੀਨਾਮੇ ਲਿਖ ਕੇ ਦੇਣ ਲਈ ਕਹਿ ਰਹੇ ਸਨ; ਉਸ ਵੇਲ਼ੇ ਮਾਤਾ ਜੀ ਨੇ ਆਪਣੇ ਪੁੱਤਰ ਨੂੰ ਕਿਹਾ ਕਿ ਪੁੱਤਰਾ, ਦੇਸ਼ ਲਈ ਕੁਰਬਾਨ ਹੋ ਜਾਣਾ ਪਰ ਮੁਆਫ਼ੀ ਨਾ ਮੰਗੀ। ਇਸ ਯਾਦਗਾਰੀ ਘਟਨਾ ਨੂੰ ਪੰਜਾਬੀ ਕਵੀ ਅਮਰਜੀਤ ਚੰਦਨ ਨੇ ਆਪਣੀ ਕਵਿਤਾ ‘ਸਾਡੀ ਮਾਂ’ ਵਿਚ ਇਸ ਤਰ੍ਹਾਂ ਕਲਮਬੰਦ ਕੀਤਾ ਹੈ:
ਧਰਮੀ ਬੱਚੇ ਕਾਰ ਕਮਾਵੀਂ
ਦੇਵੀਂ ਸੱਚ ਦਾ ਪਹਿਰਾ
ਲਾਜ ਰੱਖੀਂ ਮਮਤਾ ਦੀ
ਰਾਮ ਕੌਰ ਦਾ ਜਾਇਆ
ਕਦੇ ਰਹਿਮ ਨਾ ਮੰਗਦਾ
ਅਪਣੀ ਕੁੱਖ ਪਵਿਤਰ ਰੱਖੀਂ
ਅਗਲੇ ਫਾਹੇ ਟੰਗਣ
ਭਾਵੇਂ ਬੰਨ੍ਹ ਕੇ ਤੋਪਾਂ ਨਾਲ਼ ਉੜਾਵਣ
ਨਿਤ ਮਰਨੇ ਦੇ ਨਾਲ਼ੋਂ
ਇਕ ਵਾਰ ਦੀ ਅਣਖੀ ਮੌਤ ਭਲੀ ਹੈ
ਪੰਜਾਬ ਦੇ ਇਸ ਪੁੱਤਰ ਨੇ ਜੇਲ੍ਹਾਂ ਵਿਚ ਲੱਖ ਦੁੱਖ-ਦੁਸ਼ਵਾਰੀਆਂ ਝੱਲੀਆਂ ਪਰ ਉਹਦੇ ਹੋਠੋਂ ‘ਸੀ’ ਤਕ ਨਾ ਨਿਕਲੀ। ਉਹ ਪੰਜਾਬ ਦੀ ਆਬਰੂ ਸੀ/ਹੈ। ਪੰਜਾਬੀ ਇਸ ਮਹਾਂ ਮਾਨਵ ਤੇ ਉਸ ਦੇ ਸਾਥੀਆਂ ਨੂੰ ‘ਬਾਬਾ ਜੀ’ ਕਹਿ ਕੇ ਸਤਿਕਾਰ ਦਿੰਦੇ ਹਨ। ਉਨ੍ਹਾਂ ਨੂੰ ਯਾਦ ਕਰਦਿਆਂ ਅੱਜ ਉਨ੍ਹਾਂ ਕਦਰਾਂ-ਕੀਮਤਾਂ ਲਈ ਸੰਘਰਸ਼ ਕਰਨ ਦਾ ਸਮਾਂ ਹੈ ਜਿਨ੍ਹਾਂ ਨੇ ਬਾਬਾ ਜੀ ਨੂੰ ਗ਼ਦਰ ਪਾਰਟੀ ਬਣਾਉਣ ਲਈ ਪ੍ਰੇਰਿਆ। ਖੱਬੇ ਪੱਖੀ ਲਹਿਰ ਜਿਸ ਨਾਲ ਬਾਬਾ ਜੀ ਜੁੜੇ ਸਨ, ਹੁਣ ਕਮਜ਼ੋਰ ਪੈ ਗਈ ਹੈ। ਉਨ੍ਹਾਂ ਬਾਰੇ ਇਕ ਹੋਰ ਸ਼ਾਇਰ-ਕਥਨ ਇਸ ਤਰ੍ਹਾਂ ਹੈ:
ਕੌਣ ਉਠਾਏ ਸਵਾਲ ਅੱਜ ਸ਼ੌਕ ਦਾ
ਕਿਹਨੂੰ ਕਹੀਏ ਸਾਨੂੰ ਜਵਾਬ ਦੇ।
ਆਸਾਂ ਹੋਈਆਂ ਲੀਰੋ-ਲੀਰ ਕਿਉਂ
ਟੁਕੜੇ ਟੁਕੜੇ ਹੋਏ ਤੇਰੇ ਖ਼ਾਬ ਦੇ।
ਲਾਈਏ ਮਹਿੰਦੀ ਕਿਵੇਂ ਹੁਣ ਰੰਗਲੀ
ਅੱਖਰ ਘੜੀਏ ਫਿਰ ਇਸ਼ਕ-ਅਜ਼ਾਬ ਦੇ।
ਚੁਣੀਏ ਚਿਣਗਾਂ ਹੱਕ ਦੀ ਝੋਕ ਦੀਆਂ
ਸੁਰ ਲਾਈਏ ਧਰਤ ਪੰਜਾਬ ਦੇ।
ਆ ਵੇਖ ਓ, ਭਕਨੇ ਦੇ ਫ਼ਕੀਰ-ਸ਼ਾਹ
ਵਰਕੇ ਖਿੱਲਰੇ ਆਪਣੀ ਕਿਤਾਬ ਦੇ।

Advertisement

Advertisement