ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਰਹੀਆਂ ਨੇ ਖੇਡ ਸੰਸਥਾਵਾਂ: ਕੁਲਵੰਤ ਸਿੰਘ
ਕਰਮਜੀਤ ਸਿੰਘ ਚਿੱਲਾ
ਐਸਏਐਸ ਨਗਰ(ਮੁਹਾਲੀ), 2 ਸਤੰਬਰ
ਮੁਹਾਲੀ ਹਲਕੇ ਦੇ ਵਿਧਾਇਕ ਕੁਲਵੰਤ ਸਿੰਘ ਨੇ ਆਖਿਆ ਹੈ ਕਿ ਪੰਜਾਬ ਦੀਆਂ ਖੇਡ ਸੰਸਥਾਵਾਂ ਨੂੰ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਸ਼ਲਾਘਾਯੋਗ ਕੰਮ ਕਰ ਰਹੀਆਂ ਹਨ। ਉਹ ਅੱਜ ਪਿੰਡ ਕੁੰਭੜਾ ਵਿੱਚ ਗੁੱਗਾ ਮਾੜੀ ਦੇ ਮੇਲੇ ਮੌਕੇ ਪਹਿਲਵਾਨ ਬਚਨ ਸਿੰਘ ਕਾਲਾ ਕੁੰਭੜਾ ਦੀ ਯਾਦ ਵਿੱਚ ਉਨ੍ਹਾਂ ਦੇ ਪੁੱਤਰ ਕੌਂਸਲਰ ਰਵਿੰਦਰ ਸਿੰਘ ਬਿੰਦਰਾ ਵੱਲੋਂ ਕਰਵਾਏ ਕੁਸ਼ਤੀ ਦੰਗਲ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਥਾਂ-ਥਾਂ ਲੱਗਦੀਆਂ ਝਿੰਜਾਂ ਅਤੇ ਕਬੱਡੀ ਮੇਲੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਦੇ ਹਨ। ਹਲਕਾ ਵਿਧਾਇਕ ਨੇ ਮੁਹਾਲੀ ਹਲਕੇ ਦੇ ਵਸਨੀਕਾਂ ਨੂੰ ਮੁਹਾਲੀ ਸ਼ਹਿਰ ਵਿੱਚ ਬਣੇ ਹੋਏ ਖੇਡ ਸਟੇਡੀਅਮਾਂ ਵਿੱਚ ਮੌਜੂਦ ਅਤਿ ਆਧੁਨਿਕ ਸਹੂਲਤਾਂ ਅਤੇ ਖੇਡ ਕੋਚਾਂ ਦਾ ਲਾਭ ਲੈਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸਮੁੱਚੇ ਖੇਡ ਅਭਿਆਸ ਮੁਫ਼ਤ ਕਰਾਏ ਜਾਂਦੇ ਹਨ। ਇਸ ਮੌਕੇ ਉਨ੍ਹਾਂ ਕੁਸ਼ਤੀ ਦੰਗਲ ਦੇ ਪ੍ਰਬੰਧਕਾਂ ਨੂੰ ਪੰਜਾਹ ਹਜ਼ਾਰ ਦੀ ਰਕਮ ਦੇਣ ਦਾ ਐਲਾਨ ਕੀਤਾ। ਇਸ ਮੌਕੇ ‘ਆਪ’ ਨੇਤਾ ਕੁਲਦੀਪ ਸਿੰਘ ਸਮਾਣਾ, ਡੀਐੱਸਪੀ ਹਰਸਿਮਰਤ ਸਿੰਘ ਬੱਲ, ਕੌਂਸਲਰ ਰਵਿੰਦਰ ਬਿੰਦਰਾ, ਡਾ. ਕੁਲਦੀਪ ਸਿੰਘ, ਕੁਲਦੀਪ ਸਿੰਘ, ਅਵਤਾਰ ਸਿੰਘ ਮੌਲੀ, ਭੁਪਿੰਦਰ ਸਿੰਘ, ਹਰਪਾਲ ਸਿੰਘ ਆਦਿ ਹਾਜ਼ਰ ਸਨ।