ਖੇਡਾਂ ਵਤਨ ਪੰਜਾਬ ਦੀਆਂ: ਬੇਸਬਾਲ ’ਚ ਲੁਧਿਆਣਾ ਨੇ ਕਪੂਰਥਲਾ ਨੂੰ ਹਰਾਇਆ
ਸਤਵਿੰਦਰ ਬਸਰਾ
ਲੁਧਿਆਣਾ, 4 ਨਵੰਬਰ
ਖੇਡਾਂ ਵਤਨ ਪੰਜਾਬ ਦੀਆਂ ਤਹਿਤ ਅੱਜ ਸੂਬਾ ਪੱਧਰੀ ਖੇਡ ਮੁਕਾਬਲੇ ਸਥਾਨਕ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਗਿੱਲ ਵਿੱਚ ਕਰਵਾਏ ਗਏ। ਨੌਂ ਨਵੰਬਰ ਤੱਕ ਹੋਣ ਵਾਲੇ ਇਨ੍ਹਾਂ ਮੁਕਾਬਲਿਆਂ ਦੇ ਅੱਜ ਪਹਿਲੇ ਦਿਨ ਲੜਕੇ ਅੰਡਰ-14 ਦੇ ਹੋਏ ਮੁਕਾਬਲੇ ਵਿੱਚ ਲੁਧਿਆਣਾ ਨੇ ਕਪੂਰਥਲਾ ਨੂੰ 2-0 ਨਾਲ ਹਰਾ ਦਿੱਤਾ। ਇਨ੍ਹਾਂ ਖੇਡਾਂ ਵਿੱਚ ਵੱਖ ਵੱਖ ਜ਼ਿਲ੍ਹਿਆਂ ਤੋਂ ਲੜਕਿਆਂ ਦੀਆਂ 12 ਟੀਮਾਂ ਸ਼ਿਰਕਤ ਕਰ ਰਹੀਆਂ ਹਨ।
ਬੇਸਬਾਲ ਮੁਕਾਬਲਿਆਂ ਦੇ ਅੱਜ ਪਹਿਲੇ ਦਿਨ ਲੜਕੇ ਅੰਡਰ-14 ਵਿੱਚ ਮਾਨਸਾ ਨੇ ਫਾਜ਼ਿਲਕਾ ਨੂੰ 1-0 ਨਾਲ, ਦੂਜੇ ਮੈਚ ਵਿੱਚ ਫਿਰੋਜ਼ਪੁਰ ਨੇ ਮੋਗਾ ਨੂੰ 3-0 ਨਾਲ, ਤੀਜੇ ਮੈਚ ’ਚ ਲੁਧਿਆਣਾ ਨੇ ਕਪੂਰਥਲਾ ਨੂੰ 2-0 ਨਾਲ, ਚੌਥੇ ਮੈਚ ਵਿੱਚ ਸੰਗਰੂਰ ਨੇ ਮਾਨਸਾ ਨੂੰ 11-0 ਨਾਲ ਹਰਾਇਆ। ਇਸੇ ਤਰ੍ਹਾਂ ਲੜਕੇ ਅੰਡਰ-17 ਵਰਗ ਦੇ ਪਹਿਲੇ ਮੈਚ ਵਿੱਚ ਮਾਨਸਾ ਨੇ ਬਠਿੰਡਾ ਨੂੰ 11-4, ਦੂਜੇ ਮੈਚ ਵਿੱਚ ਅੰਮ੍ਰਿਤਸਰ ਨੇ ਮਾਲੇਰਕੋਟਲਾ ਨੂੰ 6-4 ਨਾਲ, ਤੀਜੇ ਮੈਚ ਵਿੱਚ ਸੰਗਰੂਰ ਨੇ ਮੋਗਾ ਨੂੰ 4-0 ਨਾਲ, ਚੌਥੇ ਮੈਚ ਵਿੱਚ ਲੁਧਿਆਣਾ ਨੇ ਫਾਜ਼ਿਲਕਾ ਨੂੰ 2-1 ਨਾਲ ਮਾਤ ਦਿੱਤੀ।
ਅੱਜ ਦੇ ਉਦਘਾਟਨੀ ਸਮਾਗਮ ਵਿੱਚ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਪੰਜਾਬ ਬੇਸਬਾਲ ਐਸੋਸੀਏਸ਼ਨ, ਲੁਧਿਆਣਾ ਬੇਸਬਾਲ ਐਸੋਸੀਏਸ਼ਨ ਦੇ ਨੁਮਾਇੰਦਿਆਂ ਤੋਂ ਇਲਾਵਾ ਹੋਰ ਕਈ ਪਤਵੰਤੇ ਹਾਜ਼ਰ ਸਨ।