ਭਦੌੜ ਦੇ ਤਿੰੰਨ ਪਿੰਡਾਂ ਵਿੱੱਚ ਖੇਡ ਨਰਸਰੀਆਂ ਬਣਨਗੀਆਂ: ਉੱਗੋਕੇ
ਰਾਜਿੰਦਰ ਵਰਮਾ
ਭਦੌੜ, 24 ਜਨਵਰੀ
ਵਿਧਾਇਕ ਲਾਭ ਸਿੰਘ ਉੱਗੋਕੇ ਨੇ ਭਦੌੜ ਦੇ ਨਵੇਂ ਬੱਸ ਸਟੈਂਡ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਕਿਹਾ ਕਿ ਇਸ ਬੱਸ ਅੱਡੇ ’ਤੇ 2 ਕਰੋੜ 15 ਲੱਖ ਰੁਪਏ ਦੀ ਲਾਗਤ ਆਵੇਗੀ ਤੇ ਇਸ ਆਧੁਨਿਕ ਬੱਸ ਸਟੈਂਡ ਵਿੱਚ ਸਵਾਰੀਆਂ ਲਈ ਹਰ ਸਹੂਲਤ ਦਾ ਪ੍ਰਬੰਧ ਹੋਵੇਗਾ। ਉਨ੍ਹਾਂ ਕਿਹਾ ਕਿ ਸੀਵਰੇਜ ਦੀ ਮੇਨ ਰਾਈਜਿੰਗ ਦਾ ਕੰਮ ਜਲਦ ਸ਼ੁਰੂ ਹੋ ਰਿਹਾ ਹੈ ਜਿਸ ਉੱਤੇ ਸਰਕਾਰ ਵੱਲੋਂ ਸਾਢੇ 8 ਕਰੋੜ ਰੁਪਏ ਖਰਚੇ ਜਾ ਰਹੇ ਹਨ ਤੇ ਤਿੰਨ ਮਹੀਨਿਆਂ ਵਿੱਚ ਭਦੌੜ ’ਚੋਂ ਸੀਵਰੇਜ ਦੀ ਸਮੱਸਿਆ ਦਾ ਹੱਲ ਹੋ ਜਾਵੇਗਾ। ਸ੍ਰੀ ਉੱਗੋਕੇ ਨੇ ਕਿਹਾ ਕਿ ਭਦੌੜ, ਉੱਗੋਕੇ ਅਤੇ ਕਾਲਕੇ ਪਿੰਡਾਂ ਵਿੱਚ ਖੇਡ ਨਰਸਰੀ ਬਣਾਈਆਂ ਜਾ ਰਹੀਆਂ ਜਿੱਥੋਂ ਅੰਤਰਰਾਸ਼ਟਰੀ ਪੱਧਰ ਲਈ ਖਿਡਾਰੀ ਤਿਆਰ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਭਦੌੜ ਵਿੱਚ ਲੇਖਕਾਂ ਦੀ ਯਾਦ ਵਿੱਚ ਇੱਕ ਆਡੀਟੋਰੀਅਮ ਬਣਾਉਣ ਲਈ ਮੁੱਖ ਮੰਤਰੀ ਕੋਲ ਪਹੁੰਚ ਕੀਤੀ ਗਈ ਹੈ। ਇਸ ਮੌਕੇ ਜਗਦੀਪ ਸਿੰਘ ਜੱਗੀ, ਐਡਵੋਕੇਟ ਕੀਰਤ ਸਿੰਗਲਾ, ਤਰਲੋਚਨ ਸਿੰਘ ਜੱਗਾ, ਸ਼ਿੰਦਰਪਾਲ ਸਿੰਘ ਗਿੱਲ, ਜਸਵੰਤ ਕੌਰ, ਜੇਈ ਨਿਖੀਲ ਕੁਮਾਰ, ਗਗਨਦੀਪ ਪੰਜੂ ਅਤੇ ਹੇਮਰਾਜ ਸ਼ਰਮਾ ਹਾਜ਼ਰ ਸਨ।