ਖੇਡ ਮੰਤਰਾਲੇ ਨੇ ਭਾਰਤੀ ਕੁਸ਼ਤੀ ਫੈਡਰੇਸ਼ਨ ਤੋਂ ਪਾਬੰਦੀ ਹਟਾਈ
ਨਵੀਂ ਦਿੱਲੀ, 11 ਮਾਰਚ
ਖੇਡ ਮੰਤਰਾਲੇ ਨੇ ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊਐੱਫਆਈ) ਤੋਂ ਪਾਬੰਦੀ ਹਟਾ ਦਿੱਤੀ ਹੈ। ਮੰਤਰਾਲੇ ਦੇ ਇਸ ਫ਼ੈਸਲੇ ਨਾਲ ਜਿੱਥੇ ਕਈ ਮਹੀਨਿਆਂ ਤੋਂ ਕੁਸ਼ਤੀ ਸਬੰਧੀ ਬੇਯਕੀਨੀ ਖ਼ਤਮ ਹੋਵੇਗੀ, ਉਥੇ ਅਮਾਨ ਵਿਚ ਹੋਣ ਵਾਲੀ ਏਸ਼ਿਆਈ ਚੈਂਪੀਅਨਸ਼ਿਪ ਲਈ ਖਿਡਾਰੀਆਂ ਦੇ ਚੋਣ ਟਰਾਇਲ ਤੇ ਹੋਰ ਸਰਗਰਮੀਆਂ ਮੁੜ ਸ਼ੁਰੂ ਹੋਣ ਲਈ ਰਾਹ ਪੱਧਰਾ ਹੋ ਜਾਵੇਗਾ। ਮੰਤਰਾਲੇ ਨੇ ਡਬਲਿਊਐੱਫਆਈ ਨੂੰ ਕੁਝ ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਵੀ ਕਿਹਾ ਹੈ। ਮੰਤਰਾਲੇ ਨੇ ਕਿਹਾ ਕਿ ਫੈਡਰੇਸ਼ਨ ਚੁਣੇ ਅਹੁਦੇਦਾਰਾਂ ਵਿਚਾਲੇ ਸ਼ਕਤੀ ਦਾ ਤਵਾਜ਼ਨ ਬਣਾਉਣ ਤੋਂ ਇਲਾਵਾ ਖ਼ੁਦ ਨੂੰ ਮੁਅੱਤਲ/ਬਰਖਾਸਤ ਅਧਿਕਾਰੀਆਂ ਤੋਂ ਵੀ ਵੱਖ ਰੱਖੇ। ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਕਿਹਾ ਕਿ ਭਾਰਤੀ ਪਹਿਲਵਾਨਾਂ ਨੂੰ ਆਗਾਮੀ ਟੂਰਨਾਮੈਂਟਾਂ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਦੇਣ ਲਈ ਡਬਲਿਊਐੱਫਆਈ ਦੀ ਮੁਅੱਤਲੀ ਰੱਦ ਕਰਨੀ ਜ਼ਰੂਰੀ ਸੀ। ਅਜਿਹਾ ਨਾ ਕਰਨਾ ਪਹਿਲਵਾਨਾਂ ਨਾਲ ਬੇਇਨਸਾਫੀ ਹੁੰਦੀ।
ਮੰਤਰਾਲੇ ਨੇ ਸੰਚਾਲਨ ਸਬੰਧੀ ਗਤੀਵਿਧੀਆਂ ਵਿੱਚ ਖਾਮੀਆਂ ਕਾਰਨ 24 ਦਸੰਬਰ 2023 ਨੂੰ ਡਬਲਿਊਐੱਫਆਈ ਨੂੰ ਮੁਅੱਤਲ ਕਰ ਦਿੱਤਾ ਸੀ। ਤਿੰਨ ਦਿਨ ਪਹਿਲਾਂ 21 ਦਸੰਬਰ ਨੂੰ ਨਵੀਂ ਸੰਸਥਾ ਦਾ ਗਠਨ ਹੋਇਆ ਸੀ। ਮੰਤਰਾਲੇ ਨੇ ਉਦੋਂ ਭਾਰਤੀ ਓਲੰਪਿਕ ਐਸੋਸੀਏਸ਼ਨ ਨੂੰ ਕੁਸ਼ਤੀ ਫੈਡਰੇਸ਼ਨ ਦੇ ਕੰਮਕਾਜ ਦੀ ਦੇਖਭਾਲ ਲਈ ਐਡਹਾਕ ਪੈਨਲ ਦਾ ਗਠਨ ਕਰਨ ਦਾ ਨਿਰਦੇਸ਼ ਦਿੱਤਾ ਸੀ। ਸੰਜੈ ਸਿੰਘ ਦੀ ਅਗਵਾਈ ਹੇਠਲੀ ਨਵੀਂ ਸੰਸਥਾ ਨੇ ਡਬਲਿਊਐੱਫਆਈ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸਿੰਘ ਦੇ ਗੜ੍ਹ ਨੰਦਿਨੀ ਨਗਰ, ਗੋਂਡਾ ’ਚ ਕੌਮੀ ਚੈਂਪੀਅਨਸ਼ਿਪ ਕਰਵਾਉਣ ਦਾ ਐਲਾਨ ਕੀਤਾ ਸੀ, ਜਿਸ ਤੋਂ ਸਰਕਾਰ ਨਾਰਾਜ਼ ਸੀ ਕਿਉਂਕਿ ਸਾਬਕਾ ਸੰਸਦ ਮੈਂਬਰ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਸੀ। ਮੰਤਰਾਲੇ ਨੇ ਆਪਣੇ ਹੁਕਮ ’ਚ ਕਿਹਾ ਕਿ ਡਬਲਿਊਐੱਫਆਈ ਨੇ ਨੇਮਾਂ ਦੀ ਪਾਲਣਾ ਲਈ ਚੰਗੇ ਕਦਮ ਉਠਾਏ ਹਨ, ਇਸ ਲਈ ਖੇਡ ਅਤੇ ਖਿਡਾਰੀਆਂ ਦੇ ਵੱਡੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਮੰਤਰਾਲੇ ਨੇ ਮੁਅੱਤਲੀ ਹਟਾਉਣ ਦਾ ਫ਼ੈਸਲਾ ਕੀਤਾ ਹੈ। ਸੰਸਥਾ ਦੇ ਪ੍ਰਧਾਨ ਸੰਜੈ ਸਿੰਘ ਨੇ ਇਸ ਫ਼ੈਸਲੇ ਲਈ ਮੰਤਰਾਲੇ ਦਾ ਧੰਨਵਾਦ ਕੀਤਾ ਹੈ। -ਪੀਟੀਆਈ
ਬ੍ਰਿਜ ਭੂਸ਼ਣ ਵੱਲੋਂ ਫ਼ੈਸਲੇ ਦਾ ਸਵਾਗਤ
ਗੋਂਡਾ:
ਕੇਂਦਰ ਵੱਲੋਂ ਭਾਰਤੀ ਕੁਸ਼ਤੀ ਫੈਡਰੇਸ਼ਨ ਤੋਂ ਮੁਅੱਤਲੀ ਹਟਾਉਣ ਦੇ ਫ਼ੈਸਲੇ ਦਾ ਖੇਡ ਸੰਸਥਾ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਸੰਸਦ ਮੈਂਬਰ ਬ੍ਰਿਜ ਭੂਸ਼ਣ ਸਿੰਘ ਨੇ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ, ‘26 ਮਹੀਨਿਆਂ ਤੱਕ ਕਈ ਸਾਜ਼ਿਸ਼ਾਂ ਰਚੀਆਂ ਗਈਆਂ, ਝੂਠੇ ਦੋਸ਼ ਲਾਏ ਗਏ ਅਤੇ ਭਾਰਤੀ ਕੁਸ਼ਤੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਸਾਜ਼ਿਸ਼ਘਾੜੇ ਆਪਣੇ ਉਦੇਸ਼ ਵਿੱਚ ਸਫਲ ਨਹੀਂ ਹੋਏ। ਇਸ ਵਿਵਾਦ ਕਾਰਨ ਟੀਮ ਵਿਸ਼ਵ ਰੈਂਕਿੰਗ ਵਾਲੇ ਦੋ ਕੌਮਾਂਤਰੀ ਮੁਕਾਬਲਿਆਂ ਵਿੱਚ ਹਿੱਸਾ ਨਹੀਂ ਲੈ ਸਕੀ।’ ਉਨ੍ਹਾਂ ਪ੍ਰਧਾਨ ਸੰਜੈ ਸਿੰਘ ਤੇ ਹੋਰ ਅਧਿਕਾਰੀਆਂ ਨੂੰ ਖਿਡਾਰੀਆਂ ਦੇ ਹਿੱਤਾਂ ’ਚ ਨਿਰਪੱਖ ਫ਼ੈਸਲੇ ਲੈਣ ਤੇ ਕਿਸੇ ਵੀ ਤਰ੍ਹਾਂ ਦੇ ਵਿਤਕਰੇ ਤੋਂ ਬਚਣ ਦੀ ਅਪੀਲ ਕੀਤੀ। -ਪੀਟੀਆਈ
ਕੇਂਦਰ ਦੇ ਫ਼ੈਸਲੇ ਨੂੰ ਚੁਣੌਤੀ ਦੇ ਸਕਦੇ ਨੇ ਪਹਿਲਵਾਨ: ਹਾਈ ਕੋਰਟ
ਨਵੀਂ ਦਿੱਲੀ:
ਦਿੱਲੀ ਹਾਈ ਕੋਰਟ ਨੇ ਅੱਜ ਕਿਹਾ ਕਿ ਬਜਰੰਗ ਪੂਨੀਆ, ਵਿਨੇਸ਼ ਫੋਗਾਟ, ਸਾਕਸ਼ੀ ਮਲਿਕ ਅਤੇ ਹੋਰ ਪਹਿਲਵਾਨ ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊਐੱਫਆਈ) ਦੀ ਮੁਅੱਤਲੀ ਰੱਦ ਕਰਨ ਦੇ ਕੇਂਦਰ ਦੇ ਫ਼ੈਸਲੇ ਨੂੰ ਚੁਣੌਤੀ ਦੇ ਸਕਦੇ ਹਨ। ਚੀਫ ਜਸਟਿਸ ਡੀਕੇ ਉਪਾਧਿਆਏ ਅਤੇ ਜਸਟਿਸ ਤੁਸ਼ਾਰ ਰਾਓ ਗੇਡੇਲਾ ਦੇ ਬੈਂਚ ਨੇ 2023 ਵਿੱਚ ਹੋਈਆਂ ਡਬਲਿਊਐੱਫਆਈ ਚੋਣਾਂ ਖ਼ਿਲਾਫ਼ ਪਹਿਲਵਾਨਾਂ ਵੱਲੋਂ ਦਾਇਰ ਪਟੀਸ਼ਨ ਦੀ ਸੁਣਵਾਈ ਕਰ ਰਹੇ ਸਿੰਗਲ ਜੱਜ ਨੂੰ ਕਾਰਵਾਈ ਜਲਦੀ ਮੁਕੰਮਲ ਕਰਨ ਦੀ ਅਪੀਲ ਵੀ ਕੀਤੀ। -ਪੀਟੀਆਈ