ਖੇਡਾਂ ਵਤਨ ਪੰਜਾਬ ਦੀਆਂ: ਡਿਸਕਸ ਥਰੋਅ ’ਚ ਪਟਿਆਲਾ ਦੀ ਦਿਵਜੋਤ ਜੇਤੂ
ਖੇਤਰੀ ਪ੍ਰਤੀਨਿਧ
ਲੁਧਿਆਣਾ, 9 ਨਵੰਬਰ
ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ-2024 ਤਹਿਤ ਅਥਲੈਟਿਕ ਅਤੇ ਹੋਰ ਕਈ ਸੂਬਾ ਪੱਧਰੀ ਮੁਕਾਬਲੇ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਅਤੇ ਹੋਰ ਵੱਖ ਵੱਖ ਥਾਵਾਂ ’ਤੇ ਕਰਵਾਏ ਜਾ ਰਹੇ ਹਨ। ਅੱਜ ਲੜਕੀਆਂ ਅੰਡਰ-17 ਦੇ ਡਿਸਕਸ ਥਰੋਅ ਦੇ ਮੁਕਾਬਲੇ ਵਿੱਚ ਪਟਿਆਲਾ ਦੀ ਦਿਵਜੋਤ ਕੌਰ ਨੇ ਤੇ 400 ਮੀਟਰ ਅੜਿੱਕਾ ਦੌੜ ਵਿੱਚ ਬਰਨਾਲਾ ਦੀ ਦਸਨੀਮ ਕੌਰ ਢਿੱਲੋਂ ਨੇ ਪਹਿਲਾ ਸਥਾਨ ਹਾਸਲ ਕੀਤਾ। ਬੇਸਬਾਲ 21-30 ਵਿਮੈੱਨ ਵਰਗ ਦੇ ਮੁਕਾਬਲੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਗਿੱਲ ਵਿੱਚ ਕਰਵਾਏ ਗਏ। ਗੁਰੂ ਨਾਨਕ ਸਟੇਡੀਅਮ ਵਿੱਚ ਲੜਕੀਆਂ ਦੇ ਅੰਡਰ-17 ਡਿਸਕਸ ਥਰੋਅ ਵਿੱਚੋਂ ਪਟਿਆਲਾ ਦੀ ਦਿਵਜੋਤ ਕੌਰ ਪਹਿਲੇ, ਸ੍ਰੀ ਮੁਕਤਸਰ ਸਾਹਿਬ ਦੀ ਕੋਮਲਜੀਤ ਕੌਰ ਦੂਜੇ ਅਤੇ ਪਟਿਆਲਾ ਦੀ ਗੁਰਕੰਵਲ ਕੌਰ ਤੀਜੇ ਥਾਂ ਰਹੀ। 1500 ਮੀਟਰ ਦੌੜ ਵਿੱਚੋਂ ਮਾਨਸਾ ਦੀ ਮਹਿਕਦੀਪ ਕੌਰ, 3000 ਮੀਟਰ ਦੌੜ ਵਿੱਚੋਂ ਰੋਪੜ ਦੀ ਸੁਮਨਪ੍ਰੀਤ ਕੌਰ, 400 ਮੀਟਰ ਅੜਿੱਕਾ ਦੌੜ ਵਿੱਚੋਂ ਬਰਨਾਲਾ ਦੀ ਤਸਨੀਮ ਕੌਰ ਢਿੱਲੋਂ, ਲੜਕੀਆਂ ਅੰਡਰ-21 ਵਰਗ ਦੇ ਡਿਸਕਸ ਥਰੋ ਵਿੱਚੋਂ ਫਾਜ਼ਿਲਕਾ ਦੀ ਅਮਾਨਤ ਕੰਬੋਜ਼, 1500 ਮੀਟਰ ਦੌੜ ਵਿੱਚੋਂ ਮਾਨਸਾ ਦੀ ਹਰਪ੍ਰੀਤ ਕੌਰ, 400 ਮੀਟਰ ਅੜਿੱਕਾ ਦੌੜ ਵਿੱਚੋਂ ਤਰਨਤਾਰਨ ਦੀ ਪਲਕ, ਲੜਕੀਆਂ 21-30 ਵਰਗ ਦੇ 400 ਮੀਟਰ ਅੜਿੱਕਾ ਦੌੜ ਵਿੱਚੋਂ ਬਠਿੰਡਾ ਦੀ ਖੁਸ਼ਦੀਪ ਕੌਰ, ਡਿਸਕਸ ਥਰੋ ਵਿੱਚੋਂ ਪਟਿਆਲਾ ਦੀ ਗੁਰਵੀਰ ਕੌਰ, 1500 ਮੀਟਰ ਦੌੜ ਵਿੱਚੋਂ ਜਲੰਧਰ ਦੀ ਟਵਿੰਕਲ ਚੌਧਰੀ, ਵੂਮੈਨ ਅੰਡਰ 31-40 ਵਰਗ ਦੀ 1500 ਮੀਟਰ ਦੌੜ ਵਿੱਚੋਂ ਜਲੰਧਰ ਦੀ ਸੀਮਾ ਦੇਵੀ, ਡਿਸਕਸ ਥਰੋ ਵਿੱਚੋਂ ਜਲੰਧਰ ਦੀ ਅਮਨਪ੍ਰੀਤ ਕੌਰ, 41-50 ਸਾਲ ਵਰਗ ਦੀ 3000 ਮੀਟਰ ਵਾਕ ਵਿੱਚ ਮੁਹਾਲੀ ਦੀ ਜੈਸਮੀਨ ਕੌਰ, 51-60 ਵਰਗ ਦੀ 3000 ਮੀਟਰ ਵਾਕ ਵਿੱਚ ਸੰਗਰੂਰ ਦੀ ਪਵਿੱਤਰ ਕੌਰ ਨੇ ਪਹਿਲੀਆਂ ਪੁਜੀਸ਼ਨਾਂ ਹਾਸਲ ਕੀਤੀਆਂ। ਕਿੱਕ ਬਾਕਸਿੰਗ ਲੜਕੀਆਂ ਅੰਡਰ-14 ਦੇ 37 ਕਿਲੋ ਵਰਗ ’ਚ ਜਲੰਧਰ ਦੀ ਹਰਸਿਤਾ, ਅੰਡਰ-42 ’ਚ ਹੁਸ਼ਿਆਰਪੁਰ ਦੀ ਅਰਪਿਤਾ, ਅੰਡਰ-47 ’ਚ ਲੁਧਿਆਣਾ ਦੀ ਰੀਤੂ, 47 ਕਿਲੋ ਤੋਂ ਉਪਰ ਵਿੱਚ ਪਟਿਆਲਾ ਦੀ ਕ੍ਰਿਸ਼ਨਾ ਰਾਣਾ ਨੇ ਪਹਿਲੀਆਂ ਪੁਜੀਸ਼ਨਾਂ ਲਈਆਂ। ਬੇਸਬਾਲ ਵੂਮੈਨ ਅੰਡਰ 21-30 ਵਰਗ ਵਿੱਚ ਲੁਧਿਆਣਾ ਨੇ ਫਾਜ਼ਿਲਕਾ ਨੂੰ 2-0 ਨਾਲ, ਸੰਗਰੂਰ ਨੇ ਅੰਮ੍ਰਿਤਸਰ ਨੂੰ 12-2, ਲੁਧਿਆਣਾ ਨੇ ਫਿਰੋਜ਼ਪੁਰ ਨੂੰ 9-3 ਨਾਲ ਹਰਾਇਆ। ਫਾਈਨਲ ਮੁਕਾਬਲਿਆਂ ਵਿੱਚ ਲੁਧਿਆਣਾ ਨੇ ਪਹਿਲਾ, ਸੰਗਰੂਰ ਨੇ ਦੂਜਾ ਅਤੇ ਅੰਮ੍ਰਿਤਸਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਪ੍ਰਾਇਮਰੀ ਰਵਿੰਦਰ ਕੌਰ ਨੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ।