ਸ਼ਹੀਦ ਊਧਮ ਸਿੰਘ ਸਪੋਰਟਸ ਅਤੇ ਕਲਚਰਲ ਕਲੱਬ ਨੇ ਕਰਵਾਇਆ ਖੇਡ ਮੇਲਾ
ਟ੍ਰਿਬਿਊਨ ਨਿਊਜ਼ ਸਰਵਿਸ
ਵਿਨੀਪੈਗ: ਸ਼ਹੀਦ ਊਧਮ ਸਿੰਘ ਸਪੋਰਟਸ ਅਤੇ ਕਲਚਰਲ ਕਲੱਬ, ਮੈਨੀਟੋਬਾ ਵੱਲੋਂ ਸਰਬ ਸਾਂਝਾਂ ਖੇਡ ਮੇਲਾ ਮੈਪਲ ਕਮਿਊਨਿਟੀ ਸੈਂਟਰ ਦੇ ਖੇਡ ਮੈਦਾਨਾਂ ਵਿੱਚ ਕਰਵਾਇਆ ਗਿਆ। ਪਰਮਜੀਤ ਧਾਲੀਵਾਲ, ਨਵਤਾਰ ਬਰਾੜ, ਰਾਜ ਗਿੱਲ, ਪ੍ਰਦੀਪ ਬਰਾੜ, ਜੱਸਾ ਸਰਪੰਚ, ਹੁਸ਼ਿਆਰ ਗਿੱਲ, ਸਰਪ੍ਰੀਤ ਬਿੱਲਾ, ਮਨਵੀਰ ਮਾਂਗਟ, ਕੁਲਜੀਤ ਘੁੰਮਣ, ਗੁਰਜਿੰਦਰ ਥਿੰਦ, ਮਨਿੰਦਰ ਸਿੰਘ, ਪਰਮਜੀਤ ਚੜਿੱਕ, ਚਮਕੌਰ ਸਿੰਘ ਗਿੱਲ, ਗੁਰਬਾਜ਼ ਸਿੰਘ ਤੇ ਨਿੰਦਰ ਬਾਈ ਵੱਲੋਂ ਕਰਵਾਏ ਗਏ ਇਸ ਖੇਡ ਮੇਲੇ ਦਾ ਮੁੱਖ ਉਦੇਸ਼ ਵਿਨੀਪੈਗ ਵਿੱਚ ਜਨਮੇ ਭਾਰਤੀ ਮੂਲ ਦੇ ਬੱਚਿਆਂ ਨੂੰ ਵੱਧ ਤੋਂ ਵੱਧ ਆਪਣੇ ਵਿਰਸੇ ਨਾਲ ਜੋੜਨਾ ਤੇ ਉਨ੍ਹਾਂ ਨੂੰ ਵੱਧ ਤੋਂ ਵੱਧ ਖੇਡਾਂ ਵੱਲ ਉਤਸ਼ਾਹਿਤ ਕਰਨਾ ਸੀ।
ਮੇਲੇ ਵਿੱਚ ਕਾਉਂਸਲਰ ਦੇਵੀ ਸ਼ਰਮਾ, ਐੱਮਐੱਲਏ ਮਿੰਟੂ ਸੰਧੂ, ਐੱਮਐੱਲਏ ਦਲਜੀਤ ਬਰਾੜ ਤੇ ਮੈਨੀਟੋਬਾ ਸੂਬੇ ਦੇ ਮੰਤਰੀ ਐਂਡਰਿਊ ਸਮਿਥ ਨੇ ਸ਼ਿਰਕਤ ਕੀਤੀ ਅਤੇ ਜੇਤੂਆਂ ਨੂੰ ਇਨਾਮ ਵੰਡੇ। ਟੂਰਨਾਮੈਂਟ ’ਚ ਮੈਪਲ ਕਲੱਬ, ਯੂਨਾਈਟਿਡ ਪੰਜਾਬ ਸਪੋਰਟਸ ਕਲੱਬ, ਈ.ਕੇ. ਸਪੋਰਟਸ ਕਲੱਬ ਤੇ ਹੋਰ ਬਹੁਤ ਸਾਰੇ ਕਲੱਬਾਂ ਵੱਲੋਂ ਫੁੱਟਬਾਲ, ਬਾਸਕਟਬਾਲ, ਵਾਲੀਬਾਲ, ਬੈਡਮਿੰਟਨ ਤੇ ਅਥਲੈਟਿਕਸ ਵਿੱਚ ਵੀ ਜ਼ੋਰ ਅਜ਼ਮਾਇਸ਼ ਕੀਤੀ ਗਈ। ਇਨ੍ਹਾਂ ਸਾਰੀਆਂ ਖੇਡਾਂ ਵਿੱਚ ਤਕਰੀਬਨ 100 ਤੋਂ ਵੱਧ ਟੀਮਾਂ ਨੇ ਭਾਗ ਲਿਆ। ਫੁੱਟਬਾਲ ਵਿੱਚ ਅੰਡਰ 8, ਅੰਡਰ 10, ਅੰਡਰ 14 ਦੀਆਂ ਟਰਾਫ਼ੀਆਂ ਯੂਨਾਈਟਿਡ ਪੰਜਾਬ ਸਪੋਰਟਸ ਕਲੱਬ ਨੇ ਮੇਪਲ ਫੁੱਟਬਾਲ ਕਲੱਬ ਨੂੰ ਹਰਾ ਕੇ ਜਿੱਤੀਆਂ। ਅੰਡਰ 12 ਤੇ ਅੰਡਰ 17 ਵਰਗ ’ਤੇ ਮੇਪਲ ਸਪੋਰਟਸ ਕਲੱਬ ਨੇ ਕਬਜ਼ਾ ਕੀਤਾ।
ਇਸ ਮੌਕੇ ਵਜ਼ਨੀ ਟੀਮਾਂ ਦੇ ਕਬੱਡੀ ਮੈਚ ਵੀ ਕਰਵਾਏ ਗਏ। ਲੜਕਿਆਂ ਦੇ ਬੈਡਮਿੰਟਨ ਮੁਕਾਬਲਿਆਂ ਵਿੱਚ ਬੰਟੀ ਢਿੱਲੋਂ ਦੀ ਟੀਮ ਨੇ ਸੁਰਜੀਤ ਧਾਲੀਵਾਲ ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਵਾਲੀਬਾਲ ਤੇ ਸ਼ੂਟਿੰਗ ਦੇ ਮੁਕਾਬਲੇ ਵੀ ਕਰਵਾਏ ਗਏ। ਵਾਲੀਬਾਲ ਮੈਚ ਰਾਨਾ, ਰਾਜੂ, ਨਿੰਮਾ ਤੇ ਫ਼ੌਜੀ ਦੀ ਰੇਖ ਦੇਖ ਵਿੱਚ ਕਰਵਾਏ ਗਏ। ਦੌੜਾਂ ਵਿੱਚ ਹਰ ਉਮਰ, ਵਰਗ ਪੁਰਸ਼ਾਂ ਤੇ ਮਹਿਲਾਵਾਂ ਦੀਆਂ ਦੌੜਾਂ ਕਰਵਾਈਆਂ ਗਈਆਂ। ਸ਼ਾਟਪੁੱਟ ਵਿੱਚ ਸੱਠ ਸਾਲਾ ਵਰਗ ਵਿੱਚ ਸੁਰਿੰਦਰ ਮਾਵੀ ਨੇ ਪਹਿਲਾ, ਸੁਖਦੇਵ ਤੂਰ ਨੇ ਦੂਜਾ ਤੇ ਸਰਬਜੀਤ ਮਾਵੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸਤਰੀਆਂ ਦੇ ਮੁਕਾਬਲੇ ਵਿੱਚ ਕਮਲੇਸ਼, ਗੁਰਵਿੰਦਰ ‘ਤੇ ਇਮਰੀਨ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਵਿੱਚ 100 ਤੇ 400 ਮੀਟਰ ਦੀਆਂ ਅਲੱਗ ਅਲੱਗ ਵਰਗ ਦੀਆਂ ਦੌੜਾਂ ਕਰਵਾਈਆਂ ਗਈਆਂ। 400 ਮੀਟਰ ਦੌੜ ਵਿੱਚ ਸਿਮਰਨ, ਹਰਸ਼ ਤੇ ਮਾਈਕਲ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਤਾਸ਼ ਦੀ ਬਾਜ਼ੀ ’ਚ ਜਸਵੀਰ ਤੇ ਜਗਪਾਲ ਦੀ ਟੀਮ ਨੇ ਦਰਸ਼ਨ ਸਿੰਘ ਤੇ ਸੁਰਜੀਤ ਸਿੰਘ ਦੀ ਟੀਮ ਨੂੰ ਹਰਾ ਕੇ ਕੱਪ ਜਿੱਤਿਆ। ਟੂਰਨਾਮੈਂਟ ਵਿੱਚ ਔਰਤਾਂ ਨੇ ਰੱਸਾਕਸ਼ੀ ’ਚ ਆਪਣਾ ਜ਼ੋਰ ਅਜ਼ਮਾਇਆ ਜਿਸ ਵਿੱਚ ਮੇਪਲ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ।
ਟੂਰਨਾਮੈਂਟ ਦੌਰਾਨ ਇੱਥੇ ਤੀਆਂ ਦਾ ਮੇਲਾ ਵੀ ਲਾਇਆ ਗਿਆ, ਜਿਸ ਨੂੰ ਸੰਦੀਪ ਭੱਟੀ ਅਤੇ ਪਿੰਕੀ ਘੁੰਮਣ ਨੇ ਵਧੀਆ ਸਟੇਜ ਸੰਚਾਲਨ ਕਰ ਕੇ ਸਾਰਿਆਂ ਦਾ ਮਨ ਮੋਹਿਆ। ਦੀਪ ਢਿੱਲੋਂ ਤੇ ਜੈਸਮੀਨ ਜੱਸੀ ਨੇ ਆਪਣੇ ਨਵੇਂ ਤੇ ਪੁਰਾਣੇ ਗੀਤ ਸੁਣਾ ਕੇ ਸਭ ਦਾ ਮਨ ਮੋਹ ਲਿਆ। ਇਸ ਵਿੱਚ ਬੱਚਿਆਂ ਵੱਲੋਂ ਭੰਗੜਾ ਤੇ ਗਿੱਧਾ ਪਾਇਆ ਗਿਆ ਤੇ ਬਜ਼ੁਰਗ ਔਰਤਾਂ ਵੱਲੋਂ ਬੋਲੀਆਂ ਸੁਣਾਈਆਂ ਗਈਆਂ। ਇਸ ਪੂਰੇ ਟੂਰਨਾਮੈਂਟ ਦੌਰਾਨ ਲੰਗਰ ਲਗਾਇਆ ਗਿਆ। ਖੇਡ ਮੇਲੇ ਦੀ ਕਮੇਟੀ ਵੱਲੋਂ ਬਲਦੇਵ ਸਿੰਘ ਖੋਸਾ ਤੇ ਗੁਰਮੀਤ ਸਿੰਘ (ਗੀਟਾ) ਦੀ ਟੀਮ ਵੱਲੋਂ ਕੀਤੇ ਕੰਮ ਦੀ ਸ਼ਲਾਘਾ ਕੀਤੀ ਗਈ ਤੇ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਗਿਆ।
ਸ਼ਾਇਰ ਪ੍ਰੋ. ਮੋਹਨ ਸਪਰਾ ਦਾ ਸਨਮਾਨ
ਟ੍ਰਿਬਿਊਨ ਨਿਊਜ਼ ਸਰਵਿਸ
ਕੈਲਗਰੀ: ਪੰਜਾਬੀ ਸਾਹਿਤ ਸਭਾ ਦੀ ਮਾਸਿਕ ਇਕੱਤਰਤਾ ਇੱਥੇ ਕੋਸੋ ਹਾਲ ਵਿੱਚ ਹੋਈ। ਮੀਟਿੰਗ ਸਭਾ ਦੀ ਪ੍ਰਧਾਨ ਸੁਰਿੰਦਰ ਗੀਤ ਦੀ ਪ੍ਰਧਾਨਗੀ ਵਿੱਚ ਹੋਈ ਅਤੇ ਉਨ੍ਹਾਂ ਦੇ ਨਾਲ ਭਾਰਤ ਤੋਂ ਆਏ ਵਿਦਵਾਨ ਅਤੇ ਉੱਘੇ ਸ਼ਾਇਰ ਮੋਹਨ ਸਪਰਾ ਅਤੇ ਪ੍ਰੋ. ਦਵਿੰਦਰ ਕੌਰ ਸਿੱਧੂ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਹੋਏ। ਆਰੰਭ ਵਿੱਚ ਸਭਾ ਦੇ ਮੈਂਬਰ ਗੁਰਦੀਪ ਗਹੀਰ (ਚੀਮਾ) ਦੀ ਸੁਪਤਨੀ ਮਹਿੰਦਰ ਕੌਰ ਗਹੀਰ, ਪੱਤਰਕਾਰ ਅਤੇ ਸ਼ਾਇਰ ਦੇਸ ਰਾਜ ਕਾਲੀ ਅਤੇ ਕ੍ਰਾਂਤੀਕਾਰ ਸਾਹਿਤਕਾਰ ਬਾਰੂ ਸਤਵਰਗ ਦੇ ਅਕਾਲ ਚਲਾਣੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
ਇਹ ਸਮੁੱਚਾ ਪ੍ਰੋਗਰਾਮ ਪ੍ਰੋ. ਮੋਹਨ ਸਪਰਾ ’ਤੇ ਕੇਂਦਰਿਤ ਰਿਹਾ। ਪ੍ਰੋ. ਸਪਰਾ ਹਿੰਦੀ ਦੇ ਅਧਿਆਪਕ ਰਹੇ ਹਨ ਅਤੇ ਉਨ੍ਹਾਂ ਨੇ ਲੰਬਾ ਸਮਾਂ ਡੀਏਵੀ ਕਾਲਜ, ਨਕੋਦਰ ਵਿੱਚ ਆਪਣੀਆਂ ਸੇਵਾਵਾਂ ਪ੍ਰਦਾਨ ਕਰਕੇ ਚੰਗੇ ਭਾਸ਼ਾ ਵਿਗਿਆਨੀ ਅਤੇ ਸ਼ਾਇਰ ਪੈਦਾ ਕੀਤੇ ਹਨ। ਉਹ ਇਸੇ ਹੀ ਵਿਦਿਅਕ ਅਦਾਰੇ ਤੋਂ ਵਿਭਾਗ ਦੇ ਮੁਖੀ ਦੇ ਤੌਰ ’ਤੇ ਸੇਵਾਮੁਕਤ ਹੋਏ ਹਨ। ਉਨ੍ਹਾਂ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਬੇਸ਼ੱਕ ਉਹ ਹਿੰਦੀ ਦੇ ਅਧਿਆਪਕ ਰਹੇ ਹਨ, ਪਰ ਉਹ ਆਪਣੀ ਮਾਤ-ਭਾਸ਼ਾ ਪੰਜਾਬੀ ਨੂੰ ਹੀ ਮੰਨਦੇ ਹਨ। ਪੰਜਾਬੀ ਉਨ੍ਹਾਂ ਦੇ ਜੀਵਨ ਦਾ ਧੁਰਾ ਹੈ। ਉਨ੍ਹਾਂ ਨੇ ਬਹੁਤ ਸਾਰੀਆਂ ਪੰਜਾਬੀ ਪੁਸਤਕਾਂ ਦਾ ਹਿੰਦੀ ਵਿੱਚ ਅਨੁਵਾਦ ਕਰਕੇ ਵੀ ਨਾਮ ਕਮਾਇਆ ਹੈ। ਇਸ ਦੌਰਾਨ ਉਨ੍ਹਾਂ ਨੇ ਕੁਝ ਰਚਨਾਵਾਂ ਵੀ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਪੰਜਾਬੀ ਸਾਹਿਤ ਸਭਾ ਕੈਲਗਰੀ ਵੱਲੋਂ ਉਨ੍ਹਾਂ ਨੂੰ ਸਨਮਾਨ ਵਜੋਂ ਫੁਲਕਾਰੀ ਤੇ ਕੁਝ ਕਿਤਾਬਾਂ ਦੇ ਕੇ ਸਨਮਾਨਤ ਕੀਤਾ ਗਿਆ। ਇਸ ਤੋਂ ਇਲਾਵਾ ਸੰਤ ਦਰਬਾਰਾ ਸਿੰਘ ਕਾਲਜ ਲੋਪੋ (ਮੋਗਾ) ਨੂੰ ਵੀ ਕਿਤਾਬਾਂ ਭੇਂਟ ਕੀਤੀਆਂ। ਦਵਿੰਦਰ ਸਿੱਧੂ ਨੇ ਪੰਜਾਬੀ ਮਾਂ ਬੋਲੀ ਬਾਰੇ ਬਹੁਤ ਹੀ ਸੋਹਣੀ ਨਜ਼ਮ ਸਰੋਤਿਆਂ ਨਾਲ ਸਾਂਝੀ ਕੀਤੀ। ਰਿਸ਼ੀ ਨਾਗਰ ਨੇ ਪ੍ਰੋ. ਮੋਹਨ ਸਪਰਾ ਨਾਲ ਆਪਣੀਆਂ ਕੁਝ ਦਿਲਚਸਪ ਯਾਦਾਂ ਸਾਂਝੀਆਂ ਕੀਤੀਆਂ।
ਵਿਚਾਰ ਵਟਾਂਦਰੇ ਤੇ ਰਚਨਾਵਾਂ ਦੇ ਦੌਰ ਵਿੱਚ ਅਸ਼ਵਨੀ ਕੁਮਾਰ, ਪ੍ਰਸ਼ੋਤਮ ਭਰਦਵਾਜ, ਮਨਜੀਤ ਬਰਾੜ, ਤੇਜਾ ਸਿੰਘ. ਜਰਨੈਲ ਤੱਗੜ, ਡਾ. ਰਾਜਵੰਤ ਕੌਰ ਮਾਨ, ਸ਼ਮਿੰਦਰ ਸਿੰਘ ਕੰਮੋਹ, ਸੁਰਜੀਤ ਕੌਰ ਕੰਮੋਹ, ਗੁਰਦੇਵ ਸਿੰਘ ਤੇ ਜਸਵਿੰਦਰ ਸਿੰਘ ਨੇ ਭਾਗ ਲਿਆ। ਵਿਜੇ ਸਚਦੇਵਾ ਨੇ ਆਪਣੀ ਸੁਰੀਲੀ ਆਵਾਜ਼ ਵਿੱਚ ਡਾ. ਸੁਰਜੀਤ ਪਾਤਰ ਦੀ ਪ੍ਰਸਿੱਧ ਰਚਨਾ ‘ਉੱਠ ਜਗਾ ਦੇ ਮੋਮਬੱਤੀਆਂ’ ਤਰੰਨੁਮ ਵਿੱਚ ਸੁਣਾਈ। ਇਸ ਤੋਂ ਇਲਾਵਾ ਸੁਖੀਜਾ, ਪਰਗਨ ਸਿੰਘ ਰਾਏ, ਬਲਬੀਰ ਸਿੰਘ ਖੋਟੇ ਤੇ ਦਿਲਰਾਜ ਸਿੰਘ ਦਾਨੇਵਾਲੀਆ ਨੇ ਵੀ ਸਭਾ ਵਿੱਚ ਹਾਜ਼ਰੀ ਲਗਵਾਈ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਸਭਾ ਦੇ ਜਨਰਲ ਸਕੱਤਰ ਗੁਰਦਿਆਲ ਸਿੰਘ ਖਹਿਰਾ ਨੇ ਨਿਭਾਈ।