ਜਲੰਧਰ ਵਿੱਚ ਸਪੋਰਟਸ ਫੈਕਟਰੀ ਨੂੰ ਅੱਗ ਲੱਗੀ
ਹਤਿੰਦਰ ਮਹਿਤਾ
ਜਲੰਧਰ, 1 ਨਵੰਬਰ
ਇਥੋਂ ਦੇ ਪੱਛਮੀ ਹਲਕੇ ’ਚ ਇਕ ਸਪੋਰਟਸ ਫੈਕਟਰੀ ’ਚ ਦੇਰ ਰਾਤ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਇਹ ਫੈਕਟਰੀ ਸ਼ਹਿਰ ਦੇ ਰਿਹਾਇਸ਼ੀ ਇਲਾਕੇ ਵਿੱਚ ਬਣੀ ਹੋਈ ਹੈ। ਘਟਨਾ ਦੀ ਸੂਚਨਾ ਦੇਰ ਰਾਤ ਫਾਇਰ ਬ੍ਰਿਗੇਡ ਅਧਿਕਾਰੀਆਂ ਨੂੰ ਦਿੱਤੀ ਗਈ। ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਿਸੇ ਤਰ੍ਹਾਂ ਕਾਬੂ ਪਾਇਆ ਗਿਆ। ਜਾਣਕਾਰੀ ਅਨੁਸਾਰ ਫੈਕਟਰੀ ਅੰਦਰ ਥਿਨਰ ਸਮੇਤ ਕਈ ਜਲਣਸ਼ੀਲ ਪਦਾਰਥ ਪਏ ਸਨ ਪਰ ਸਮੇਂ ਸਿਰ ਅੱਗ ’ਤੇ ਕਾਬੂ ਪਾ ਲਿਆ ਗਿਆ। ਫਾਇਰ ਬ੍ਰਿਗੇਡ ਅਧਿਕਾਰੀ ਰਾਜਿੰਦਰ ਸਹੋਤਾ ਨੇ ਦੱਸਿਆ ਕਿ ਫੈਕਟਰੀ ਰਿਹਾਇਸ਼ੀ ਇਲਾਕੇ ਵਿੱਚ ਬਣੀ ਸੀ, ਜਿਸ ਕਾਰਨ ਅੱਗ ’ਤੇ ਕਾਬੂ ਪਾਉਣ ’ਚ ਕਾਫੀ ਮੁਸ਼ਕਲ ਆਈ। ਜੇਕਰ ਥਿਨਰ ਨੂੰ ਅੱਗ ਲੱਗ ਜਾਂਦੀ ਤਾਂ ਹਾਦਸਾ ਵੱਡਾ ਹੋ ਸਕਦਾ ਸੀ। ਸਹੋਤਾ ਨੇ ਦੱਸਿਆ ਕਿ ਅੱਗ ਲੱਗਣ ਦਾ ਕਾਰਨ ਫਿਲਹਾਲ ਸਪੱਸ਼ਟ ਨਹੀਂ ਹੈ। ਇਹ ਜਾਣਕਾਰੀ ਰਾਤ ਕਰੀਬ ਸਾਢੇ 10 ਵਜੇ ਕੰਟਰੋਲ ਰੂਮ ਵਿੱਚ ਦਿੱਤੀ ਗਈ। ਫਾਇਰ ਬ੍ਰਿਗੇਡ ਅਧਿਕਾਰੀ ਰਾਜਿੰਦਰ ਸਹੋਤਾ ਨੇ ਕਿਹਾ ਕਿ ਮਾਮਲੇ ਦੀ ਜਾਂਚ ਕਰਕੇ ਰਿਪੋਰਟ ਤਿਆਰ ਕਰਕੇ ਪੁਲੀਸ ਅਤੇ ਨਗਰ ਨਿਗਮ ਨੂੰ ਭੇਜੀ ਜਾਵੇਗੀ। ਇਸ ਲਈ ਫੈਕਟਰੀ ਖ਼ਿਲਾਫ਼ ਕਾਰਵਾਈ ਕੀਤੀ ਜਾਵੇ, ਕਿਉਂਕਿ ਫੈਕਟਰੀ ਰਿਹਾਇਸ਼ੀ ਇਲਾਕੇ ਵਿੱਚ ਸੀ। ਉਕਤ ਖੇਤਰ ਵਿੱਚ ਕਿਸੇ ਕਿਸਮ ਦੀ ਕੋਈ ਫੈਕਟਰੀ ਨਹੀਂ ਲਗਾਈ ਜਾ ਸਕਦੀ। ਉਸ ਇਲਾਕੇ ਵਿਚ ਰਹਿਣ ਵਾਲੇ ਲੋਕਾਂ ਨੇ ਦੱਸਿਆ ਉਨ੍ਹਾਂ ਨੇ ਇਸ ਫੈਕਟਰੀ ਬਾਰੇ ਪ੍ਰਸ਼ਾਸਨ ਨੂੰ ਕਈ ਬਾਰ ਦੱਸਿਆ ਸੀ ਤੇ ਉਨ੍ਹਾਂ ਵੱਲੋਂ ਇਸ ਤਰ੍ਹਾਂ ਦਾ ਹਾਦਸਾ ਵਾਪਰਨ ਦਾ ਖਦਸ਼ਾ ਪ੍ਰਗਟ ਕੀਤਾ ਸੀ ਪਰ ਉਨ੍ਹਾਂ ਦੀ ਕਿਸੇ ਨੇ ਇੱਕ ਨਾ ਸੁਣੀ। ਇਸ ਦੌਰਾਨ ਲੋਕਾਂ ਨੇ ਦੱਸਿਆ ਕਿ ਹੋਰ ਫੈਕਟਰੀਆਂ ਵੀ ਰਿਹਾਇਸ਼ੀ ਇਲਾਕਿਆਂ ਵਿਚ ਚੱਲ ਰਹੀਆਂ ਪਰ ਉਨ੍ਹਾਂ ਨੂੰ ਪੁੱਛਣ ਵਾਲਾ ਕੋਈ ਨਹੀਂ।
ਅੱਗ ਲੱਗਣ ਨਾਲ ਦੋ ਏਕੜ ਗੰਨਾ ਨੁਕਸਾਨਿਆ
ਧਾਰੀਵਾਲ (ਸੁੱਚਾ ਸਿੰਘ ਪਸਨਾਵਾਲ): ਪਿੰਡ ਨਵਾਂ ਪਸਨਾਵਾਲ ਦੇ ਖੇਤਾਂ ਵਿੱਚ ਪਰਾਲੀ/ਰਹਿੰਦ ਖੂੰਹਦ ਨੂੰ ਲੱਗੀ ਅੱਗ ਦੇ ਲਾਗਲੇ ਦੋ ਏਕੜ ਗੰਨੇ/ਕਮਾਦ ਨੂੰ ਲੱਗਣ ਕਾਰਨ ਗੰਨੇ ਦਾ ਕਾਫੀ ਨੁਕਸਾਨ ਹੋਇਆ ਹੈ। ਪੀੜਤ ਕਿਸਾਨ ਸਤਨਾਮ ਸਿੰਘ ਨੇ ਦੱਸਿਆ ਉਸਦੇ ਕਮਾਦ ਦੇ ਨਾਲ ਲੱਗਦੀ ਜ਼ਮੀਨ ਭੁਪਿੰਦਰ ਸਿੰਘ ਅਤੇ ਚਰਨਜੀਤ ਸਿੰਘ ਵਾਸੀ ਪਿੰਡ ਰਣੀਆਂ ਦੀ ਹੈ, ਜਿਸਦੇ ਖੇਤਾਂ ਵਿੱਚ ਪਰਾਲੀ/ਰਹਿੰਦ ਖੂੰਹਦ ਨੂੰ ਲੰਘੇ ਵੀਰਵਾਰ ਸ਼ਾਮ ਨੂੰ ਲੱਗੀ ਅੱਗ ਉਸ (ਸਤਨਾਮ ਸਿੰਘ) ਦੇ ਕਮਾਦ ਦੇ ਖੇਤਾਂ ਵਿੱਚ ਜਾ ਲੱਗੀ, ਇਸ ਨਾਲ ਉਸਦਾ ਲਗਪਗ ਦੋ ਏਕੜ ਗੰਨਾ ਕਾਫੀ ਨੁਕਸਾਨ ਗਿਆ ਹੈ। ਸਤਨਾਮ ਸਿੰਘ ਨੇ ਦੋਸ਼ ਲਗਾਇਆ ਕਿ ਭੁਪਿੰਦਰ ਸਿੰਘ ਨੇ ਸ਼ਾਮ ਨੂੰ ਆਪਣੇ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਗਾ ਕੇ ਚਲੇ ਗਏ ਅਤੇ ਉਸਦੇ ਖੇਤਾਂ ਵਿੱਚ ਅੱਗ ਉਸਦੇ ਕਮਾਦ ਨੂੰ ਜਾ ਲੱਗੀ। ਕਿਸਾਨ ਸਤਨਾਮ ਸਿੰਘ ਨੇ ਮੰਗ ਕੀਤੀ ਹੈ ਕਿ ਉਸਦੇ ਨੁਕਸਾਨੇ ਗੰਨੇ ਦੀ ਫਸਲ ਦਾ ਮੁਆਵਜ਼ਾ ਦਿੱਤਾ ਜਾਵੇ। ਦੂਜੇ ਪਾਸੇ ਭੁਪਿੰਦਰ ਸਿੰਘ ਅਤੇ ਚਰਨਜੀਤ ਸਿੰਘ ਵਾਸੀ ਰਣੀਆਂ ਨੇ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਨਕਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਿਸੇ ਸ਼ਰਾਰਤੀ ਨੇ ਉਨ੍ਹਾਂ ਦੇ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਗਾਈ ਹੈ। ਸੂਚਨਾ ਮਿਲਣ ’ਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਹਦਾਇਤਾਂ ’ਤੇ ਖੇਤੀਬਾੜੀ ਵਿਭਾਗ ਬਲਾਕ ਧਾਰੀਵਾਲ ਤੋਂ ਪਹੁੰਚੇ ਕਲੱਸਟਰ ਅਫਸਰ ਯਾਦਵਿੰਦਰ ਸਿੰਘ ਏਈਓ , ਨੋਡਲ ਅਫਸਰ ਪ੍ਰਭਜੋਤ ਸਿੰਘ ਏਡੀਐਮ, ਖੇਤੀਬਾੜੀ ਵਿਭਾਗ ਦੇ ਸਬ ਇੰਸਪੈਕਟਰ ਵਿਕਰਮ ਦਿਆਲ ਸਿੰਘ ਅਤੇ ਸਬੰਧਿਤ ਪਟਵਾਰੀ ਗੁਰਪ੍ਰੀਤ ਸਿੰਘ ਨੇ ਖੇਤਾਂ ਦਾ ਜਾਇਜਾ ਲੈ ਕੇ ਵਿਭਾਗ ਕਾਰਵਾਈ ਕਰਕੇ ਸਬੰਧਿਤ ਉੱਚ ਅਧਿਕਾਰੀਆਂ ਨੂੰ ਅਗਲੇਰੀ ਕਾਰਵਾਈ ਹਿੱਤ ਭੇਜ ਦਿੱਤਾ ਹੈ।
ਮੈਡੀਕਲ ਸਟੋਰ ’ਚ ਅੱਗ ਲੱਗੀ; ਵੱਡਾ ਹਾਦਸਾ ਟਲਿਆ
ਪਠਾਨਕੋਟ (ਐੱਨਪੀ ਧਵਨ): ਪਠਾਨਕੋਟ ਦੇ ਗਾੜੀ ਅਹਾਤਾ ਚੌਕ ਵਿੱਚ ਇੱਕ ਮੈਡੀਕਲ ਸਟੋਰ ਤੇ ਸ਼ੱਕੀ ਹਲਾਤਾਂ ਵਿੱਚ ਅੱਗ ਲੱਗਣ ਕਾਰਨ ਵੱਡਾ ਹਾਦਸਾ ਹੁੰਦੇ-ਹੁੰਦੇ ਟਲ ਗਿਆ। ਇਹ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਆਲੇ-ਦੁਆਲੇ ਦੇ ਖੇਤਰ ਵਿੱਚ ਕਿਸੇ ਆਤਿਸ਼ਬਾਜੀ ਦੇ ਅਚਾਨਕ ਮੈਡੀਕਲ ਸਟੋਰ ਦੀ ਛੱਤ ’ਤੇ ਡਿੱਗਣ ਨਾਲ ਅੱਗ ਦੀ ਘਟਨਾ ਵਾਪਰੀ ਹੈ। ਹਾਲਾਂਕਿ ਇਸ ਦਾ ਪਤਾ ਲੱਗਦੇ ਸਾਰ ਹੀ ਤੁਰੰਤ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ ’ਤੇ ਪੁੱਜ ਗਈ ਅਤੇ ਅੱਗ ’ਤੇ ਕਾਬੂ ਪਾ ਲਿਆ ਗਿਆ। ਫਾਇਰ ਬ੍ਰਿਗੇਡ ਅਫਸਰ ਭੁਪਿੰਦਰ ਨਾਥ ਨੇ ਦੱਸਿਆ ਕਿ ਜਿਉਂ ਹੀ ਫਾਇਰ ਟੀਮ ਨੂੰ ਇਸ ਅੱਗ ਲੱਗਣ ਦਾ ਪਤਾ ਲੱਗਾ ਤਾਂ ਤੁਰੰਤ ਉਹ ਟੀਮ ਸਮੇਤ ਮੌਕੇ ’ਤੇ ਪੁੱਜੇ ਅਤੇ ਅੱਗ ’ਤੇ ਕਾਬੂ ਪਾ ਲਿਆ।