ਜੀਐੱਚਜੀ ਅਕੈਡਮੀ ’ਚ ਖੇਡ ਦਿਵਸ ਮਨਾਇਆ
ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 1 ਨਵੰਬਰ
ਪਰਵਾਸੀ ਪੰਜਾਬੀ ਮੱਲ੍ਹੀ ਭਰਾਵਾਂ ਵੱਲੋਂ ਚਲਾਏ ਜਾਂਦੇ ਸਥਾਨਕ ਸੀਨੀਅਰ ਸੈਕੰਡਰੀ ਸਕੂਲ ਜੀਐੱਚਜੀ ਅਕੈਡਮੀ ਦਾ ਸਾਲਾਨਾ ਖੇਡ ਦਿਵਸ ਯਾਦਗਾਰੀ ਹੋ ਨਬਿੜਿਆ। ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਚੇਅਰਮੈਨ ਗੁਰਮੇਲ ਸਿੰਘ ਮੱਲ੍ਹੀ ਨੇ ਖੇਡਾਂ ਸ਼ੁਰੂ ਕਰਵਾਈਆਂ ਅਤੇ ਪ੍ਰਿੰਸੀਪਲ ਰਮਨਜੋਤ ਕੌਰ ਗਰੇਵਾਲ ਦੀ ਅਗਵਾਈ ਹੇਠ ਵਿਦਿਆਰਥਆਂ ਨੇ ਵੱਖ-ਵੱਖ ਖੇਡਾਂ ’ਚ ਹਿੱਸਾ ਲਿਆ। ਸਭ ਤੋਂ ਪਹਿਲਾਂ ਸਕੂਲ ਦੇ ਅਜੀਤ, ਜੁਝਾਰ, ਜ਼ੋਰਾਵਰ ਅਤੇ ਫਤਿਹ ਹਾਊਸਾਂ ਵੱਲੋਂ ਮਾਰਚ ਪਾਸਟ ਕੀਤਾ ਗਿਆ।
ਖੇਡ ਕੈਪਟਨ ਅਨਮੋਲਦੀਪ ਕੌਰ ਨੇ ਸਹੁੰ ਚੁੱਕਣ ਦੀ ਰਸਮ ਅਦਾ ਕੀਤੀ ਗਈ। ਮੈਨੇਜਰ ਗੁਰਦੀਪ, ਸੁਪਰਵਾਈਜ਼ਰ ਮਨਦੀਪ ਸਿੰਘ, ਪ੍ਰਿੰਸੀਪਲ ਗਰੇਵਾਲ ਤੇ ਅਮਰੀਕ ਸਿੰਘ ਨੇ ਅਸਮਾਨ ’ਚ ਗੁਬਾਰੇ ਉਡਾ ਕੇ ਸਪੋਰਟਸ ਮੀਟ ਦਾ ਆਗਾਜ਼ ਕੀਤਾ।
ਵਿਦਿਆਰਥੀਆਂ ਨੂੰ ਦੋ ਭਾਗਾਂ ਜੂਨੀਅਰ ਵਿੰਗ ਅਤੇ ਸੀਨੀਅਰ ਵਿੰਗ ’ਚ ਵੰਡ ਕੇ ਮੁਕਾਬਲੇ ਕਰਵਾਏ ਗਏ। ਜੂਨੀਅਰ ਵਿੰਗ ਦੇ ਵਿਦਿਆਰਥੀਆਂ ਲਈ ਬੋਤਲ ਭਰਨਾ ਅਤੇ ਭੱਜਣਾ, ਮਲਟੀ ਡਰਿਲ, ਟਚ ਦਾ ਕੋਨ, ਜੈਮਜ਼ ਈਟਿੰਗ ਗੇਮ, ਸਪਰਿੰਟ 80 ਮੀਟਰ, ਸਾਈਕਲ ਰੇਸ, ਮਟੀਰੀਅਲ ਕਲੈਕਸ਼ਨ ਖੇਡਾਂ ਕਰਵਾਈਆਂ ਗਈਆਂ। ਸੀਨੀਅਰ ਵਿੰਗ ਦੇ ਵਿਦਿਆਰਥੀਆਂ ਲਈ ਲੜਕਿਆਂ ਦੀ ਰਿਲੇਅ ਦੌੜ, ਰੁਕਾਵਟ ਦੌੜ, ਮਟੀਰੀਅਲ ਕਲੈਕਸ਼ਨ ਰੇਸ, ਸਪਰਿੰਟ ਰੇਸ, 100, 200 ਅਤੇ 400 ਮੀਟਰ ਦੌੜ ਕਰਵਾਈ ਗਈ। ਇਸ ਦੇ ਨਾਲ ਹੀ ਫੁੱਟਬਾਲ ਮੈਚ, ਖੋ-ਖੋ ਮੈਚ, ਹੈਂਡਬਾਲ ਮੈਚ, ਵਾਲੀਬਾਲ ਮੈਚ, ਲੰਬੀ ਛਾਲ ਅਤੇ ਰੱਸਾ ਖਿੱਚਣ ਦੇ ਮੁਕਾਬਲੇ ਵੀ ਕਰਵਾਏ ਗਏ। ਅਧਿਆਪਕਾਂ ਦੀ ਵੀ 50 ਮੀਟਰ ਦੀ ਮਟੀਰੀਅਲ ਕਲੈਕਸ਼ਨ ਰੇਸ ਕਰਵਾਈ ਗਈ ਜਿਸ ਦਾ ਅਧਿਆਪਕਾਂ ਨੇ ਆਨੰਦ ਮਾਣਿਆ। ਸਹਾਇਕ ਕਰਮਚਾਰੀਆਂ ਦੀ ਵੀ ਦੌੜ ਲਗਵਾਈ ਗਈ ਅਤੇ ਸਕੂਲ ਦੇ ਡਰਾਈਵਰਾਂ ਲਈ ਰੱਸਾਕਸ਼ੀ ਦਾ ਮੁਕਾਬਲਾ ਕਰਵਾਇਆ ਗਿਆ।
ਜੁਝਾਰ ਹਾਊਸ ਨੇ ਸਭ ਤੋਂ ਵੱਧ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ। ਪ੍ਰਿੰਸੀਪਲ ਗਰੇਵਾਲ ਨੇ ਹਾਊਸ ਦੇ ਇੰਚਾਰਜ ਅਧਿਆਪਕ ਪ੍ਰੀਤੀ ਸ਼ਰਮਾ ਅਤੇ ਕੈਪਟਨ ਓਮਨਪ੍ਰੀਤ ਸਿੰਘ ਅਤੇ ਪਰਮਿੰਦਰ ਕੌਰ ਨੂੰ ਟਰਾਫ਼ੀ ਦੇ ਕੇ ਸਨਮਾਨਤਿ ਕੀਤਾ।