ਅਧਰਮ, ਭ੍ਰਿਸ਼ਟਾਚਾਰ ਤੇ ਝੂਠ ਦੀ ਸ਼ਕਤੀ ਖ਼ਿਲਾਫ਼ ਜੰਗ ਦੀ ਗੱਲ ਕੀਤੀ: ਰਾਹੁਲ
ਨਵੀਂ ਦਿੱਲੀ, 18 ਮਾਰਚ
ਮੁੰਬਈ ’ਚ ਇੱਕ ਰੈਲੀ ਦੌਰਾਨ ਕੀਤੀ ਗਈ ਆਪਣੀ ‘ਸ਼ਕਤੀ ਖ਼ਿਲਾਫ਼ ਜੰਗ’ ਸਬੰਧੀ ਟਿੱਪਣੀ ਲਈ ਆਲੋਚਨਾ ਦਾ ਸਾਹਮਣਾ ਕਰ ਰਹੇ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਸਪੱਸ਼ਟ ਕੀਤਾ ਕਿ ਉਹ ਕਿਸੇ ਧਾਰਮਿਕ ਸ਼ਕਤੀ ਬਾਰੇ ਨਹੀਂ ਬਲਕਿ ਅਧਰਮ, ਭ੍ਰਿਸ਼ਟਾਚਾਰ ਤੇ ਝੂਠ ਦੀ ਸ਼ਕਤੀ ਖ਼ਿਲਾਫ਼ ਜੰਗ ਲੜਨ ਦੀ ਗੱਲ ਕਰ ਰਹੇ ਸਨ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਉਨ੍ਹਾਂ ਦੇ ਸ਼ਬਦਾਂ ਦੇ ਅਰਥ ਬਦਲ ਕੇ ਪੇਸ਼ ਕਰਨ ਦਾ ਦੋਸ਼ ਲਾਇਆ ਅਤੇ ਕਿਹਾ ਕਿ ਉਹ ਉਸ ਸ਼ਕਤੀ ਦੀ ਗੱਲ ਕਰ ਰਹੇ ਸਨ ਜਿਸਦਾ ‘ਮੁਖੌਟਾ’ ਪ੍ਰਧਾਨ ਮੰਤਰੀ ਹਨ।
ਰਾਹੁਲ ਨੇ ਕਿਹਾ, ‘ਮੋਦੀ ਜੀ ਨੂੰ ਮੇਰੇ ਸ਼ਬਦ ਪਸੰਦ ਨਹੀਂ ਹਨ। ਉਹ ਹਮੇਸ਼ਾ ਉਨ੍ਹਾਂ ਦਾ ਅਰਥ ਤੋੜ-ਮਰੋੜ ਕੇ ਪੇਸ਼ ਕਰਦੇ ਹਨ ਕਿਉਂਕਿ ਉਹ ਜਾਣਦੇ ਹਨ ਕਿ ਮੈਂ ਹਮੇਸ਼ਾ ਸੱਚ ਬੋਲਿਆ ਹੈ।’ ਉਨ੍ਹਾਂ ਕਿਹਾ, ‘ਜਿਸ ਸ਼ਕਤੀ ਦਾ ਮੈਂ ਜ਼ਿਕਰ ਕੀਤਾ ਹੈ ਤੇ ਜਿਸ ਨਾਲ ਅਸੀਂ ਲੜ ਰਹੇ ਹਾਂ, ਉਸ ਸ਼ਕਤੀ ਦਾ ‘ਮੁਖੌਟਾ’ ਮੋਦੀ ਜੀ ਹਨ। ਉਹ ਇਕ ਅਜਿਹੀ ਸ਼ਕਤੀ ਹੈ ਜਿਸ ਨੇ ਅੱਜ ਭਾਰਤ ਦੀ ਆਵਾਜ਼ ਨੂੰ, ਭਾਰਤ ਦੀਆਂ ਸੰਸਥਾਵਾਂ ਨੂੰ, ਸੀਬੀਆਈ, ਆਮਦਨ ਘਰ ਵਿਭਾਗ, ਈਡੀ, ਚੋਣ ਕਮਿਸ਼ਨ, ਮੀਡੀਆ, ਭਾਰਤੀ ਸਨਅਤ ਸੰਸਾਰ ਅਤੇ ਭਾਰਤ ਤੇ ਸਮੁੱਚੇ ਸੰਵਿਧਾਨਕ ਢਾਂਚੇ ਨੂੰ ਆਪਣੇ ਕਬਜ਼ੇ ਹੇਠ ਕਰ ਲਿਆ ਹੈ।’
ਉਨ੍ਹਾਂ ਦਾਅਵਾ ਕੀਤਾ, ‘ਉਸੇ ਸ਼ਕਤੀ ਲਈ ਨਰਿੰਦਰ ਮੋਦੀ ਜੀ ਭਾਰਤ ਦੇ ਬੈਂਕਾਂ ਤੋਂ ਹਜ਼ਾਰਾਂ ਕਰੋੜ ਰੁਪਏ ਦੇ ਕਰਜ਼ੇ ਮੁਆਫ਼ ਕਰਾਉਂਦੇ ਹਨ ਜਦਕਿ ਭਾਰਤ ਦਾ ਕਿਸਾਨ ਕੁਝ ਹਜ਼ਾਰ ਰੁਪਏ ਦਾ ਕਰਜ਼ ਨਾ ਮੋੜ ਸਕਣ ਕਾਰਨ ਖੁਦਕੁਸ਼ੀ ਕਰਦਾ ਹੈ। ਉਸੇ ਸ਼ਕਤੀ ਨੂੰ ਭਾਰਤ ਦੀਆਂ ਬੰਦਰਗਾਹਾਂ ਤੇ ਹਵਾਈ ਅੱਡੇ ਦਿੱਤੇ ਜਾਂਦੇ ਹਨ ਜਦਕਿ ਭਾਰਤ ਦੇ ਨੌਜਵਾਨਾਂ ਨੂੰ ਅਗਨੀਵੀਰ ਦਾ ਤੋਹਫਾ ਦਿੱਤਾ ਜਾਂਦਾ ਹੈ ਜਿਸ ਨਾਲ ਉਨ੍ਹਾਂ ਦੀ ਹਿੰਮਤ ਟੁੱਟ ਜਾਂਦੀ ਹੈ।’
ਰਾਹੁਲ ਗਾਂਧੀ ਨੇ ਦੋਸ਼ ਲਾਇਆ, ‘ਉਸੇ ਸ਼ਕਤੀ ਨੂੰ ਦਿਨ ਰਾਤ ਸਲਾਮੀ ਠੋਕਦੇ ਹੋਏ ਦੇਸ਼ ਦਾ ਮੀਡੀਆ ਸਚਾਈ ਨੂੰ ਦਬਾ ਦਿੰਦਾ ਹੈ। ਉਸੇ ਸ਼ਕਤੀ ਦੇ ਗੁਲਾਮ ਨਰਿੰਦਰ ਮੋਦੀ ਜੀ ਦੇਸ਼ ਦੇ ਗਰੀਬਾਂ ’ਤੇ ਜੀਐੱਸਟੀ ਥੋਪਦੇ ਹਨ, ਮਹਿੰਗਾਈ ਨੂੰ ਕੰਟਰੋਲ ਨਾ ਕਰਦੇ ਹੋਏ ਉਸ ਸ਼ਕਤੀ ਨੂੰ ਵਧਾਉਣ ਲਈ ਦੇਸ਼ ਦੀ ਜਾਇਦਾਦ ਨਿਲਾਮ ਕਰਦੇ ਹਨ।’
ਰਾਹੁਲ ਗਾਂਧੀ ਨੇ ਕਿਹਾ, ‘ਉਸ ਸ਼ਕਤੀ ਨੂੰ ਮੈਂ ਪਛਾਣਦਾ ਹਾਂ। ਉਸ ਸ਼ਕਤੀ ਨੂੰ ਨਰਿੰਦਰ ਮੋਦੀ ਜੀ ਵੀ ਪਛਾਣਦੇ ਹਨ। ਉਹ ਕਿਸੇ ਤਰ੍ਹਾਂ ਦੀ ਕੋਈ ਧਾਰਮਿਕ ਸ਼ਕਤੀ ਨਹੀਂ ਹੈ, ਉਹ ਅਧਰਮ, ਭ੍ਰਿਸ਼ਟਾਚਾਰ ਤੇ ਝੂਠ ਦੀ ਸ਼ਕਤੀ ਹੈ। ਇਸ ਲਈ ਮੈਂ ਜਦੋਂ ਵੀ ਉਸ ਖ਼ਿਲਾਫ਼ ਆਵਾਜ਼ ਚੁੱਕਦਾ ਹਾਂ, ਮੋਦੀ ਜੀ ਅਤੇ ਉਨ੍ਹਾਂ ਦੀ ਝੂਠਾਂ ਦੀ ਮਸ਼ੀਨ ਬੁਖਲਾਉਂਦੀ ਹੋਈ ਭੜਕ ਜਾਂਦੀ ਹੈ।’
ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਨੇ ਬੀਤੇ ਦਿਨ ‘ਭਾਰਤ ਜੋੜੋ ਨਿਆਏ ਯਾਤਰਾ’ ਦੀ ਸਮਾਪਤੀ ਮੌਕੇ ਮੁੰਬਈ ’ਚ ਰੈਲੀ ਦੌਰਾਨ ਕਿਹਾ ਸੀ ਕਿ ਹਿੰਦੂ ਧਰਮ ’ਚ ਸ਼ਕਤੀ ਸ਼ਬਦ ਹੁੰਦਾ ਹੈ। ਅਸੀਂ ਇੱਕ ਸ਼ਕਤੀ ਨਾਲ ਲੜ ਰਹੇ ਹਾਂ। ਹੁਣ ਸਵਾਲ ਇਹ ਉੱਠਦਾ ਹੈ ਕਿ ਉਹ ਸ਼ਕਤੀ ਕੀ ਹੈ। ਕਾਂਗਰਸੀ ਨੇਤਾ ਵੱਲੋਂ ਬੀਤੇ ਦਿਨ ਕੀਤੀ ਗਈ ਇਸ ਟਿੱਪਣੀ ਤੋਂ ਬਾਅਦ ਭਾਜਪਾ ਵੱਲੋਂ ਰਾਹੁਲ ਗਾਂਧੀ ’ਤੇ ਸਿਆਸੀ ਹਮਲੇ ਕੀਤੇ ਜਾ ਰਹੇ ਹਨ। -ਪੀਟੀਆਈ
ਮਹਿਲਾਵਾਂ ’ਤੇ ਤਸ਼ੱਦਦ ਸਮੇਂ ‘ਸ਼ਕਤੀ’ ਦੇ ਉਪਾਸ਼ਕ ਕਿੱਥੇ ਸਨ: ਕਾਂਗਰਸ
ਨਵੀਂ ਦਿੱਲੀ: ਕਾਂਗਰਸ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਚੋਣਾਂ ਤੈਅ ਕਰਨਗੀਆਂ ਕਿ ਦੇਸ਼ ਨੂੰ ‘ਰਾਕਸ਼ਸੀ ਸ਼ਕਤੀਆਂ’ ਚਲਾਉਣਗੀਆਂ ਜਾਂ ‘ਦੈਵੀ ਸ਼ਕਤੀਆਂ’। ਕਾਂਗਰਸ ਦੇ ਕੌਮੀ ਬੁਲਾਰੇ ਪਵਨ ਖੇੜਾ ਨੇ ਕਿਹਾ, ‘ਰਾਹੁਲ ਗਾਂਧੀ ਨੇ ਜਦੋਂ ਰਾਕਸ਼ਸੀ ਸ਼ਕਤੀਆਂ ਖ਼ਿਲਾਫ਼ ਹੱਲਾ ਬੋਲਿਆ ਤਾਂ ਪ੍ਰਧਾਨ ਮੰਤਰੀ ਪ੍ਰੇਸ਼ਾਨ ਹੋ ਗਏ ਅਤੇ ਸਾਰੀ ਭਾਜਪਾ ਬੇਬੁਨਿਆਦੀ ਗੱਲਾਂ ਕਰ ਰਹੀ ਹੈ।’ ਉਨ੍ਹਾਂ ਦਾਅਵਾ ਕੀਤਾ ਕਿ ਕਿਸਾਨਾਂ, ਨੌਜਵਾਨਾਂ, ਮਹਿਲਾਵਾਂ ਤੇ ਗਰੀਬਾਂ ਸਮੇਤ ਦੇਸ਼ ਦੇ ਸਾਰੇ ਲੋਕ ਰਾਹੁਲ ਗਾਂਧੀ ਨਾਲ ਖੜ੍ਹੇ ਹਨ ਅਤੇ ਉਹ ਇਨ੍ਹਾਂ ਚੋਣਾਂ ਵਿੱਚ ਜਿੱਤ ਦਰਜ ਕਰਨਗੇ। ਖੇੜਾ ਨੇ ਸਵਾਲ ਕੀਤਾ, ‘ਸ਼ਕਤੀ ਦੇ ਉਪਾਸ਼ਕ ਪ੍ਰਧਾਨ ਮੰਤਰੀ ਉਸ ਸਮੇਂ ਕਿੱਥੇ ਸਨ ਜਦੋਂ ਮਹਿਲਾ ਪਹਿਲਵਾਨਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਸੀ ਅਤੇ ਬ੍ਰਿਜ ਭੂਸ਼ਨ ਸ਼ਰਨ ਸਿੰਘ ਉਨ੍ਹਾਂ ਦੇ ਘਰਾਂ ਵਿੱਚ ਬੈਠਾ ਸੀ? ਉਸ ਸਮੇਂ ਤੁਹਾਡੀ ਸ਼ਕਤੀ ਦੀ ਉਪਾਸਨਾ ਕਿੱਥੇ ਗਈ ਸੀ।’ ਉਨ੍ਹਾਂ ਕਿਹਾ, ‘ਜਦੋਂ ਭਾਜਪਾ ਕਠੂਆ, ਉਨਾਓ ਤੇ ਹਾਥਰਸ ਦੇ ਜਬਰ ਜਨਾਹ ਦੇ ਮੁਲਜ਼ਮਾਂ ਦੇ ਹੱਕ ’ਚ ਮੋਰਚੇ ਲਗਾ ਰਹੀ ਸੀ ਤਾਂ ਉਦੋਂ ਤੁਹਾਨੂੰ ਸ਼ਕਤੀ ਦੀ ਪੂਜਾ ਯਾਦ ਨਹੀਂ ਆਈ। ਜਦੋਂ ਮਨੀਪੁਰ ’ਚ ਮਹਿਲਾਵਾਂ ਨੂੰ ਨਗਨ ਕਰਕੇ ਘੁਮਾਇਆ ਗਿਆ ਤਾਂ ਉਦੋਂ ਤੁਹਾਨੂੰ ਕਿਹੜੀ ਤਾਕਤ ਨੇ ਚੁੱਪ ਕਰਵਾਇਆ ਹੋਇਆ ਸੀ।’ ਉਨ੍ਹਾਂ ਐਕਸ ’ਤੇ ਲਿਖਿਆ ਕਿ ਇਨ੍ਹਾਂ ਚੋਣਾਂ ਵਿੱਚ ਦੈਵੀ ਤਾਕਤਾਂ ਜਿੱਤਣਗੀਆਂ। ਉਨ੍ਹਾਂ ਕਿਹਾ, ‘ਰਾਹੁਲ ਗਾਂਧੀ ਜਿੱਤਣਗੇ। ਇੰਡੀਆ ਗੱਠਜੋੜ ਜਿੱਤੇਗਾ। ਦੇਸ਼ ਦੇ ਨੌਜਵਾਨ ਜਿੱਤਣਗੇ। ਦੇਸ਼ ਦੇ ਕਿਸਾਨ ਜਿੱਤਣਗੇ। ਭਾਰਤ ਮਾਤਾ ਜਿੱਤੇਗੀ।’ ਕਾਂਗਰਸ ਦੀ ਤਰਜਮਾਨ ਸੁਪ੍ਰਿਆ ਸ੍ਰੀਨੇਤ ਨੇ ਕਿਹਾ, ‘ਹਿੰਦੂ ਧਰਮ ਤੇ ਸ਼ਕਤੀ ਬਾਰੇ ਉਹ ਬੋਲ ਰਹੇ ਹਨ ਜੋ ਮਨੀਪੁਰ ’ਚ ਆਦਮਖੋਰਾਂ ਦੀ ਭੀੜ ਦੀ ਦਰਿੰਦਗੀ ਦੇਖ ਕੇ ਚੁੱਪ ਰਹੇ, ਦਿੱਲੀ ’ਚ ਹੋਣਹਾਰ ਧੀਆਂ ਨੂੰ ਬੂਟਾਂ ਹੇਠਾਂ ਦਰੜੇ ਜਾਣ ’ਤੇ ਵੀ ਚੁੱਪ ਰਹੇ।’ -ਪੀਟੀਆਈ