ਗਤੀ
ਅਮਰਜੀਤ ਸਿੰਘ ਮਾਨ
ਅਸੀਂ ਅਜੇ ਕੱਲ੍ਹ ਹੀ ਕੁਲਦੀਪ ਕੋਲੋਂ ਕੈਨੇਡਾ ਤੋਂ ਵਾਪਸ ਆਏ ਸੀ। ਥਕੇਵਾਂ ਵੀ ਨਹੀਂ ਉਤਰਿਆ ਸੀ, ਜਦੋਂ ਹਾਕਮ ਨੇ ਭੂਆ ਦੀ ਗੰਭੀਰ ਬਿਮਾਰ ਹਾਲਤ ਬਾਰੇ ਫੋਨ ’ਤੇ ਦੱਸ ਦਿੱਤਾ। ਦੂਜੇ ਦਿਨ ਅਸੀਂ ਚਾਹ ਪੀਂਦਿਆਂ ਹੀ ਭੂਆ ਦੇ ਸਹੁਰਿਆਂ ਵੱਲ ਤੁਰ ਪਏ ਸੀ।
‘‘ਮੱਥਾ ਟੇਕਦਾਂ ਭੂਆ!’’ ਕਹਿੰਦਿਆਂ ਮੈਂ ਭੂਆ ਦੇ ਮੰਜੇ ’ਤੇ ਝੁਕਿਆ, ਪਰ ਭੂਆ ਅਹਿਲ ਪਈ ਰਹੀ।
‘‘ਹਫ਼ਤਾ ਹੋ ਗਿਆ ਹੁਣ ਤਾਂ ਕਿਸੇ ਨੂੰ ਪਛਾਣਦੀ ਵੀ ਨਹੀਂ।’’ ਨਾਲ ਦੇ ਮੰਜੇ ’ਤੇ ਬੈਠਾ ਹਾਕਮ ਬੋਲਿਆ।
‘‘ਬਸ ’ਕੱਲਾ ਪਾਣੀ ਦਾ ਚਮਚਾ ਅੰਦਰ ਜਾਂਦਾ...’’ ਹਾਕਮ ਦੀ ਘਰਵਾਲੀ ਜੀਤ ਰਮਨ ਨੂੰ ਦੱਸਣ ਲੱਗੀ, ‘‘... ਨਾ ਕੋਈ ਹਿਲਜੁਲ। ਨਾ ਕੋਈ ਬੋਲ। ਬਸ ਸਾਹ ਚੱਲੀ ਜਾਂਦੇ ਨੇ। ਨਾ ਡਾਕਟਰਾਂ ਨੂੰ ਕੋਈ ਸਮਝ ਆਈ, ਸਾਰੀਆਂ ਰਿਪੋਰਟਾਂ ਸਹੀ ਆਉਂਦੀਆਂ ਰਹੀਆਂ। ਹੁਣ ਕਹਿੰਦੇ ਘਰੇ ਸੇਵਾ ਕਰ ਲਓ।’’
‘‘ਭੂਆ, ਮੈਂ ਰਮਨ।’’ ਉਹ ਥੋੜ੍ਹਾ ਜਿਹਾ ਉੱਚਾ ਬੋਲੀ। ਭੂਆ ਦੀਆਂ ਪੁਤਲੀਆਂ ਹਿੱਲੀਆਂ। ਅਸੀਂ ਚਾਰੇ ਇੱਕ ਦੂਜੇ ਵੱਲ ਝਾਕੇ।
‘‘ਭੂਆ...।’’ ਮੈਂ ਉਹਦੇ ਕੰਨ ਕੋਲ ਝੁਕ ਕੇ ਕਿਹਾ। ਉਸ ਨੇ ਮਾੜੀਆਂ ਜਿਹੀਆਂ ਅੱਖਾਂ ਖੋਲ੍ਹੀਆਂ। ਬੁੱਲ੍ਹ ਫਰਕੇ। ਉਸ ਦਾ ਹੱਥ ਮੇਰੇ ਵੱਲ ਉੱਠਿਆ। ਮੈਂ ਫੜ ਕੇ ਆਪਣੇ ਮੋਢੇ ’ਤੇ ਧਰ ਲਿਆ ਤੇ ਮੈਂ ਕੰਨ ਉਸ ਦੇ ਮੂੰਹ ਕੋਲ ਕਰ ਲਿਆ। ਉਹਨੇ ਦੋ ਕੁ ਬੋਲ ਹੀ ਬੋਲੇ, ਜਿਨ੍ਹਾਂ ਨੂੰ ਸਮਝਣ ਦੀ ਮੈਂ ਕੋਸ਼ਿਸ਼ ਕਰਨ ਲੱਗਿਆ ਪਰ ਰਮਨ ਤੇ ਜੀਤ ਦੇ ਉੱਚੀ ਬੋਲਾਂ ਨੇ ਮੇਰੀ ਕੋਸ਼ਿਸ਼ ਨੂੰ ਅਸਫਲ ਕਰ ਦਿੱਤਾ। ਭੂਆ ਦਾ ਨਿਰਜਿੰਦ ਹੱਥ ਮੇਰੇ ਮੋਢੇ ਤੋਂ ਹੇਠ ਡਿੱਗ ਪਿਆ।
ਉਸ ਦੀਆਂ ਅੱਖਾਂ ਖੁੱਲ੍ਹੀਆਂ ਰਹਿ ਗਈਆਂ ਸਨ। ਮੈਂ ਮਿੰਟ ਕੁ ਲਈ ਉਸ ਦੀਆਂ ਪੁਤਲੀਆਂ ਦੱਬੀ ਰੱਖੀਆਂ ਤੇ ਮੇਰੀ ਧਾਹ ਨਿਕਲਣੋਂ ਮਸਾਂ ਬਚੀ।
ਮੈਨੂੰ ਲੱਗਿਆ ਜਿਵੇਂ ਭੂਆ ਤਾਂ ਇਹ ਬੋਲ ਬੋਲਣ ਲਈ ਹੀ ਸਾਹ ਲੈਂਦੀ, ਮੈਨੂੰ ਉਡੀਕ ਰਹੀ ਸੀ। ਉਹ ਕੀ ਬੋਲਣਾ ਚਾਹੁੰਦੀ ਹੋਣੀ!
ਭੂਆ ਦੇ ਸਿਰਹਾਣੇ ਪਾਸੇ ਬੈਠਦਿਆਂ ਮੈਂ ਉਸ ਦਾ ਸਿਰ ਆਪਣੇ ਗੋਡੇ ਉਪਰ ਧਰ ਲਿਆ ਤੇ ਮੇਰੀਆਂ ਹੰਝੂ ਭਰੀਆਂ ਅੱਖਾਂ ਉਸ ਦੇ ਚਿਹਰੇ ’ਤੇ ਟਿਕ ਗਈਆਂ।
ਮੈਨੂੰ ਲੱਗਿਆ ਜਿਵੇਂ ਭੂਆ ਹੁਣ ਵੀ ਬੋਲੇਗੀ, ‘‘ਸਾਗਰਾ, ਭਾਈ ਤੂੰ ਐਨਾ ਚਿਰ ਲਾਤਾ! ਮੈਂ ਤਾਂ ਕਦੋਂ ਦੀ ਤੈਨੂੰ ’ਡੀਕੀ ਜਾਂਦੀ ਸੀ। ਕਦੋਂ ਕੀ... ਜਦੋਂ ਦੇ ਤੁਸੀਂ ਗਏ ਸੀ, ਓਸੇ ਦਿਨ ਦੀ ’ਡੀਕ ਸੀ ਸੋਡੀ।’’
‘‘ਕਦੋਂ ਦੀ ’ਡੀਕੀ ਜਾਨੀ ਆਂ...’’ ਇਹੀ ਗੱਲ ਭੂਆ ਉਦੋਂ ਕਹਿੰਦੀ ਹੁੰਦੀ ਸੀ ਜਦੋਂ ਮੈਂ ਚੌਥੀ-ਪੰਜਵੀਂ ’ਚ ਉਨ੍ਹਾਂ ਕੋਲ ਰਹਿ ਕੇ ਪੜ੍ਹਦਾ ਹੁੰਦਾ ਸੀ। ਉਹ ਮੈਨੂੰ ਤੇ ਹਾਕਮ ਨੂੰ ਸਕੂਲੋਂ ਅੱਧੀ ਛੁੱਟੀ ਵੇਲੇ ਬਾਰ ’ਚ ਖੜ੍ਹੀ ਉਡੀਕ ਰਹੀ ਹੁੰਦੀ।
ਤਾਜ਼ੀਆਂ ਪਕਾਈਆਂ ਗੱਦਰ ਗੱਦਰ ਰੋਟੀਆਂ ਦੀ ਬੂਰਾ ਖੰਡ ਤੇ ਦੇਸੀ ਘਿਓ ਵਿੱਚ ਕੁੱਟੀ ਚੂਰੀ ਅਸੀਂ ਜ਼ਿਦ ਜ਼ਿਦ ਖਾਂਦੇ।
ਭੂਆ ਨਾਲ ਮੇਰਾ ਮੋਹ ਬਚਪਨ ਤੋਂ ਹੀ ਸੀ।
ਇਹਦਾ ਇੱਕ ਕਾਰਨ ਮੈਂ ਪ੍ਰਾਇਮਰੀ ਸਕੂਲ ਤੱਕ ਦੀ ਪੜ੍ਹਾਈ ਭੂਆ ਦੇ ਸਹੁਰੇ ਪਿੰਡ ਤੋਂ ਹੀ ਕੀਤੀ ਸੀ। ਭੂਆ ਇੱਕ ਵਾਰ ਸਾਡੇ ਪਿੰਡ ਮਿਲਣ ਆਈ। ਉਦੋਂ ਮੈਂ ਤੇ ਹਾਕਮ ਪੰਜ ਕੁ ਸਾਲਾਂ ਦੇ ਹੋਵਾਂਗੇ।
ਅਸੀਂ ਇਕੱਠੇ ਖੇਡਦੇ। ਮਸਤੀ ਕਰਦੇ। ਪੂਰੇ ਘੁਲ-ਮਿਲ ਗਏ। ਜਦੋਂ ਹਫ਼ਤੇ ਕੁ ਬਾਅਦ ਫੁੱਫੜ ਭੂਆ ਨੂੰ ਲੈਣ ਆਇਆ, ਅਸੀਂ ਦੋਵਾਂ ਨੇ ਜ਼ਿੱਦ ਕਰ ਲਈ।ਹਾਕਮ ਮੇਰੇ ਬਗੈਰ ਆਵਦੇ ਪਿੰਡ ਨਹੀਂ ਜਾ ਰਿਹਾ ਸੀ। ਮੈਂ ਹਾਕਮ ਬਿਨਾਂ ਆਪਣੇ ਘਰ ਨਹੀਂ ਰਹਿਣਾ ਚਾਹੁੰਦਾ ਸੀ। ਇੱਕ ਦੂਜੇ ਨੂੰ ਘੁੱਟ ਕੇ ਫੜੀ, ਅਸੀਂ ਰੋਈਏ, ਭੁੰਜੇ ਲਿਟੀਏ ...ਬੁਰਾ ਹਾਲ। ਮਸਲਾ ਖੜ੍ਹਾ ਹੋ ਗਿਆ।
ਇਸ ਮਸਲੇ ਦਾ ਹੱਲ ਫੁੱਫੜ ਨੇ ਕੱਢ ਲਿਆ ਸੀ। ਹਾਕਮ ਨੂੰ ਸਾਡੇ ਪਿੰਡ ਛੱਡਣ ਦੀ ਬਜਾਏ ਉਨ੍ਹਾਂ ਮੈਨੂੰ ਆਪਣੇ ਨਾਲ ਲਿਜਾਣਾ ਤੈਅ ਕਰ ਲਿਆ। ਬੇਬੇ ਬਾਪੂ ਕੋਲ ਭੈਣ ਰਹਿ ਗਈ ਸੀ।
ਭੂਆ ਦੇ ਸਹੁਰੀਂ ਅਸੀਂ ਇਕੱਠੇ ਸਕੂਲ ਜਾਂਦੇ। ਆਉਂਦੇ। ਖੇਡਦੇ। ਭੂਆ ਸਾਨੂੰ ਇੱਕੋ ਜਿੰਨਾ ਪਿਆਰ ਕਰਦੀ।
‘‘...ਚਾਚਾ, ਥੋਨੂੰ ਚਾਚੀ ਬੁਲਾਉਂਦੀ ਐ।’’ ਹਾਕਮ ਦੇ ਮੁੰਡੇ ਹਿਰਦੇਪਾਲ ਦੀ ਆਵਾਜ਼ ਨੇ ਮੇਰੀ ਪੀਨਕ ਤੋੜ ਦਿੱਤੀ।
ਭੂਆ ਦੇ ਸਿਰ ਹੇਠੋਂ ਗੋਡਾ ਕੱਢਦਿਆਂ ਮੈਂ ਚੁਫ਼ੇਰੇ ਦੇਖਿਆ। ਆਂਢ-ਗੁਆਂਢ ਭੂਆ ਦੇ ਘਰ ਇਕੱਠਾ ਹੋਣ ਲੱਗ ਗਿਆ ਸੀ।
‘‘ਬੁੜ੍ਹੀਆਂ ਕਹਿੰਦੀਆਂ, ਅੰਤਿਮ ’ਸ਼ਨਾਨ ਵੇਲੇ ਸਾਰਾ ਕੁਸ਼ ਪੇਕਿਆਂ ਦਾ ਹੁੰਦੈ... ਸਾਬਣ, ਤੇਲ, ਦਹੀਂ... ਕਫ਼ਨ ਵੀ। ਕਿਵੇਂ ਕਰਨੈ?’’ ਰਮਨ ਮੇਰੀ ਸਲਾਹ ਲੈ ਰਹੀ ਸੀ।
‘‘ਜਦੋਂ ਔਰਤ ਆਵਦਾ ਸਾਰਾ ਜੀਵਨ ਸਹੁਰੇ ਘਰ ਦੇ ਲੇਖੇ ਲਾ ਦਿੰਦੀ ਐ, ਫੇਰ ਅਖੀਰਲਾ ਪਹਿਰਾਵਾ ਉਹਦੇ ਸਹੁਰੇ ਘਰੋਂ ਕਿਉਂ ਨਹੀਂ? ਇਹੀ ਘਰ ਤਾਂ ਉਸ ਦਾ ਆਵਦਾ ਹੁੰਦੈ।’’ ਮੇਰੀ ਮਾਂ ਪੂਰੀ ਹੋਈ ਤੋਂ ਮੈਂ ਆਵਦੀਆਂ ਮਾਮੀਆਂ ਸਾਹਮਣੇ ਅੜ ਗਿਆ ਸੀ।
‘‘ਐਂ ਕਿਮੇਂ... ਤੇਰੇ ਕਹਿਣ ਨਾਲ ਕਿਤੇ ਰਿਵਾਜ ਬਦਲਣ ਲੱਗੇ ਨੇ ਭਲਾ। ਹੈਂ... ਕਮਲਾ ਨਾ ਹੋਵੇ!’’ ਭੂਆ ਮੇਰੀਆਂ ਮਾਮੀਆਂ ਦੇ ਪੱਖ ਵਿੱਚ ਡਟ ਗਈ ਸੀ।
ਤੇ ਉਹ ਹੀ ਹੋਇਆ ਸੀ ਜੋ ਉਹ ਚਾਹੁੰਦੀਆਂ ਸਨ। ਮੈਂ ਚਾਹੁੰਦਾ ਹੋਇਆ ਵੀ ਮਾਂ ਦਾ ਕਫ਼ਨ ਘਰੋਂ ਨਹੀਂ ਪਾ ਸਕਿਆ ਸੀ।
‘‘ਜੀਤ ਤੇ ਹਾਕਮ ਕੀ ਕਹਿੰਦੇ ਨੇ?’’ ਮੈਂ ਰਮਨ ਨੂੰ ਪੁੱਛਿਆ।
‘‘ਉਹ ਵੀ ਪਿੰਡ ਵਾਲੀਆਂ ਦੀ ਬੋਲੀ ਬੋਲਦੇ ਨੇ।’’
ਮੈਂ ਬਟੂਏ ’ਚੋਂ ਦੋ ਹਜ਼ਾਰ ਰੁਪਏ ਕੱਢ ਕੇ ਰਮਨ ਨੂੰ ਫੜਾ ਦਿੱਤੇ। ਉਹ ਹਿਰਦੇਪਾਲ ਨਾਲ ਮੋਟਰਸਾਈਕਲ ’ਤੇ ਭੂਆ ਦੇ ਕਫ਼ਨ ਲਈ ਨਵੇਂ ਕੱਪੜੇ ਤੇ ਹੋਰ ਨਿੱਕ-ਸੁੱਕ ਲੈਣ ਲਈ ਚਲੀ ਗਈ।
‘‘ਵੇ ਨਵੇਂ ਕੱਪੜੇ ਐ... ਦਸ ਵੀਹ ਦਿਨ ਤਾਂ ਰੱਖ ਲਓ... ਨਵਿਆਂ ਵਾਂਗੂੰ।’’ ਹਾਕਮ ਤੇ ਮੈਨੂੰ ਕਹੇ ਭੂਆ ਦੇ ਬੋਲ ਮੈਨੂੰ ਚੇਤੇ ਆ ਗਏ।
ਭੂਆ-ਫੁੱਫੜ ਨੇ ਮੇਰੇ ਤੇ ਹਾਕਮ ’ਚ ਕਦੇ ਦਰਿਆਤ ਨਹੀਂ ਰੱਖੀ ਸੀ। ਉਨ੍ਹਾਂ ਲਈ ਜਿਹੋ ਜਿਹਾ ਹਾਕਮ ਸੀ ਓਹੋ ਜਿਹਾ ਮੈਂ ਸੀ। ਜਦੋਂ ਉਹ ਹਾਕਮ ਲਈ ਕੋਈ ਚੀਜ਼ ਲਿਆਉਂਦੇ, ਮੇਰਾ ਵੀ ਬਰਾਬਰ ਹੱਕ ਰੱਖਦੇ।
ਇੱਕ ਵਾਰ ਭੂਆ ਨੇ ਨਵੇਂ ਕੱਪੜੇ ਲਿਆਂਦੇ। ਉਹ ਸਾਡੇ ਪੁਆ ਕੇ ਨਾਪ ਮਾਪਣ ਲੱਗ ਪਈ। ਅਸੀਂ ਉਨ੍ਹਾਂ ਕੱਪੜਿਆਂ ਨਾਲ ਹੀ ਮਿੱਟੀ-ਘੱਟੇ ’ਚ ਖੇਡਣ ਲੱਗ ਪਏ। ਭੂਆ ਕਲਪਦੀ ਰਹੀ ਸੀ, ਪਰ ਅਸੀਂ ਮੰਨਣ ਵਾਲੇ ਕਿੱਥੇ ਸੀ!
ਪਿੰਡ ਵਾਲੇ ਲੋਕ ਸੱਥਰ ’ਤੇ ਇਕੱਠੇ ਹੋ ਰਹੇ ਸੀ। ਸਕੇ-ਸੰਬੰਧੀ ਵਿਹੜੇ ਦੇ ਇੱਕ ਖੂੰਜੇ ਪਈਆਂ ਮੋਟੀਆਂ ਲੱਕੜਾਂ ਛਾਂਟ ਛਾਂਟ ਟਰਾਲੀ ’ਚ ਰੱਖਣ ਲੱਗ ਪਏ ਸੀ। ਸਭ ਰਿਸ਼ਤੇਦਾਰਾਂ-ਸਕੀਰੀਆਂ ’ਚ ਭੂਆ ਦੇ ਚਲਾਣੇ ਬਾਰੇ ਫੋਨ ਖੜਕ ਚੁੱਕੇ ਸਨ।
‘‘ਜਦੋਂ ਦੇ ਤੁਸੀਂ ਗਏ ਸੀ, ਓਸੇ ਦਿਨ ਤੋਂ ਬੇਬੇ ਥਿਵਨ ਲੱਗ ਪਈ ਸੀ। ਪਹਿਲਾਂ ਹਫ਼ਤਾ ਦਸ ਦਿਨ ਤਾਂ ਚਾਹ ਰੋਟੀ ਵੀ ਚੱਜ ਨਾਲ ਨਹੀਂ ਖਾਧੀ...’’ ਮੇਰੇ ਕੋਲ ਬੈਠਦਿਆਂ ਹਾਕਮ ਨੇ ਗੱਲ ਚਲਾਈ ਸੀ, ‘‘...ਕਹਿੰਦੀ ਰਹਿੰਦੀ ਸੀ ਮੇਰਾ ਪੇਕਾ ਘਰ ਸੁੰਨਾ ਹੋ ਗਿਆ। ਬਸ ਹਰ ਵੇਲੇ ਥੋਨੂੰ ਈ ਯਾਦ ਕਰਦੀ ਰਹਿੰਦੀ।’’
... ਹਾਂ, ਭੂਆ ਦਾ ਪੇਕਾ ਘਰ ਸੱਚਮੁੱਚ ਸੁੰਨਾ ਹੋ ਗਿਆ ਸੀ।
ਬਾਪੂ ਤਾਂ ਬਹੁਤ ਸਾਲ ਪਹਿਲਾਂ ਹੀ ਰੱਬ ਨੂੰ ਪਿਆਰਾ ਹੋ ਗਿਆ ਸੀ। ਜਦੋਂ ਕੁਲਦੀਪ ਆਇਲਜ਼ ਕਰ ਕੇ ਕੈਨੇਡਾ ਦਾ ਜਹਾਜ਼ ਚੜ੍ਹਿਆ ਸੀ, ਬੇਬੇ ਉਹਦੇ ਫ਼ਿਕਰ ਤੇ ਵਿਛੋੜੇ ਕਾਰਨ ਹੀ ਜਾਂਦੇ ਰਾਹੀਆਂ ਨਾਲ ਰਲ ਗਈ ਸੀ। ਭੈਣ ਆਵਦੇ ਸਹੁਰੀਂ ਰੰਗੀਂ ਵਸਦੀ ਸੀ। ਪਿੱਛੇ ਰਹਿ ਗਏ ਸਾਂ ਮੈਂ ਤੇ ਰਮਨ।
ਫੇਰ ਮੈਂ ਖੇਤ ਠੇਕੇ ’ਤੇ ਦੇਣ ਲੱਗ ਪਿਆ ਸੀ। ਖੇਤੀਬਾੜੀ ਦੇ ਸੰਦ, ਮਾਲ-ਡੰਗਰ ਵੀ ਵੇਚ ਵੱਟ ਦਿੱਤੇ। ਦੋ ਕਨਾਲਾਂ ’ਚ ਪਾਇਆ ਘਰ ਸਾਡੇ ਦੋਵਾਂ ਜੀਆਂ ਦੇ ਹੁੰਦਿਆਂ ਵੀ ਭਾਂ-ਭਾਂ ਕਰਦਾ।
ਹਾਕਮ ਬੋਲੀ ਜਾ ਰਿਹਾ ਸੀ, ‘‘ਹੁਣ ਮਹੀਨੇ ਕੁ ਦਾ ਤਾਂ ਬਸ ਬੌੜ ਫੁੱਟ ਗਿਆ ਸੀ। ‘ਸਾਗਰ ਕਦੋਂ ਆਊ’ ਦਿਨ ਵਿੱਚ ਕਿੰਨੇ ਵਾਰੀ ਪੁੱਛਦੀ।’’
ਹਾਕਮ ਦੀਆਂ ਗੱਲਾਂ ਸੁਣ ਕੇ ਮੈਨੂੰ ਭੂਆ ਦੇ ਕਹੇ ਆਖ਼ਰੀ ਬੋਲ ਕੁਝ-ਕੁਝ ਸਮਝ ਆਉਣ ਲੱਗੇ। ਉਨ੍ਹਾਂ ਟੁੱਟਵੇਂ ਜਿਹੇ ਬੋਲਾਂ ਦੇ ਭਾਵ ਨੂੰ ਮੈਂ ਸਮਝਣ ਦਾ ਯਤਨ ਕਰਨ ਲੱਗ ਪਿਆ।
‘‘ਹਾਕਮ, ਬਾਈ ਇੱਕ ਮਿੰਟ ਗੱਲ ਸੁਣੀਂ!’’ ਇੱਕ ਮੁੰਡੇ ਨੇ ਉਸ ਨੂੰ ਬੋਲ ਮਾਰ ਲਿਆ।
ਮੈਂ ਇਕੱਲਾ ਰਹਿ ਗਿਆ। ਮੇਰੀ ਸੁਰਤ ਮੇਰੀ ਭੈਣ ਦੇ ਵਿਆਹ ਵਾਲੇ ਦਿਨ ’ਤੇ ਜਾ ਕੇ ਅਟਕ ਗਈ।
‘ਪੁੱਤ ਵੀਰ ਦਾ ਭਤੀਜਾ ਮੇਰਾ ... ਨਿਉਂ ਜੜ ਪੇਕਿਆਂ ਦੀ।’
‘ਪੰਜ ਪੌੜੀਆਂ ਚੁਬਾਰਾ ਟੱਪ ਜਾਮਾ... ਚੱਕ ਕੇ ਭਤੀਜੇ ਨੂੰ।’
ਭੂਆ ਬੋਲੀ ਤੇ ਬੋਲੀ ਪਾਉਂਦੀ ਮੇਰੀ ਬਾਂਹ ਫੜ ਕੇ ਗਿੱਧੇ ਵਿੱਚ ਧਮਾਲਾਂ ਪਾ ਰਹੀ ਸੀ।
ਉਹ ’ਕੱਲੀ ਹੀ ਨਾਨਕੇ ਮੇਲ ਨਾਲ ਮਡਿੱਕਦੀ ਮੇਰੀਆਂ ਮਾਮੀਆਂ ਨੂੰ ਦਬੱਲੀ ਫਿਰਦੀ ਸੀ।
‘‘ਜਿਉਂਦਾ ਰਹੇ ਸੁੱਖ ਨਾਲ... ਕੀ ਹੋਇਆ ਬਾਈ ਮੁੱਕ ਗਿਆ। ਇਹ ਹੈਗਾ ਮੇਰੀ ਸਾਰੀ ਉਮਰ ਦਾ ਪੇਕਾ।’’ ਗਿੱਧੇ ਮਗਰੋਂ ਨਾਨੀ ਨਾਲ ਗੱਲਾਂ ਕਰਦੀ ਭੂਆ ਦੀ ਆਵਾਜ਼ ਮੈਨੂੰ ਸੁਣੀ ਸੀ।
‘‘ਹਾਂ ਭਾਈ, ਪੇਕੇ ਤਾਂ ਪੇਕੇ ਹੁੰਦੇ ਐ। ਮਰਨ ਮਗਰੋਂ ਸਿਵਾ ਢਕਣ ਤੱਕ ਵੀ ਧੀਆਂ ਆਵਦੇ ਪੇਕਿਆਂ ਨੂੰ ’ਡੀਕਦੀਆਂ ਨੇ।’’
ਨਾਨੀ ਦਾ ਉਸ ਸਮੇਂ ਭੂਆ ਨੂੰ ਭਰਿਆ ਹੁੰਗਾਰਾ ਮੇਰੇ ਦਿਮਾਗ਼ ਵਿੱਚ ਘੰਟੀ ਵਾਂਗ ਵੱਜਿਆ। ਭੂਆ ਦੇ ਕਹੇ ਆਖ਼ਰੀ ਬੋਲ ਮੈਨੂੰ ਸਮਝ ਆਉਣ ਲੱਗ ਪਏ ਸਨ।
ਕੁਲਦੀਪ ਨੂੰ ਕੈਨੇਡਾ ਦੀ ਪੀ ਆਰ ਮਿਲ ਗਈ ਸੀ। ਉਸ ਨੇ ਮੈਨੂੰ ਤੇ ਰਮਨ ਨੂੰ ਕੈਨੇਡਾ ਘੁਮਾਉਣ ਲਈ ਸਪੌਂਸਰ ਕਰ ਦਿੱਤਾ ਸੀ। ਅਸੀਂ ਕੈਨੇਡਾ ਜਾਣ ਤੋਂ ਪਹਿਲਾਂ ਹੋਰ ਸਕੀਰੀਆਂ ਦੇ ਨਾਲ ਨਾਲ ਭੂਆ ਕੋਲ ਵੀ ਗਏ ਸੀ।
ਭੂਆ ਖ਼ੁਸ਼ ਨਹੀਂ ਸੀ।
‘‘ਮੈਨੂੰ ਸਮਝ ਨਹੀਂ ਆਉਂਦੀ... ਮੁਲਖ ਉੱਠ ਉੱਠ ਕਨੇਡਾ ਕਿਉਂ ਤੁਰੀ ਜਾਂਦੈ? ਤੁਸੀਂ ਆਵਦੇ ਕਨੀਂ ਦੇਖ ਲੋ। ਰੰਗ ਭਾਗ ਲੱਗੇ ਸੀ... ਰੱਬ ਦਾ ਦਿੱਤਾ ਸਾਰਾ ਕੁਸ਼ ਸੀ ਆਵਦੇ ਘਰ। ਕੱਲ੍ਹ ਦਾ ਜੁਆਕ... ’ਕੱਲੀ ’ਕਹਿਰੀ ਜਾਨ... ਚੜ੍ਹਾਤਾ ਜਹਾਜ਼। ਹੁਣ ਮਗਰੇ ਆਪ ’ਡਾਰੀ ਮਾਰਨ ਨੂੰ ਤਿਆਰ ਹੋਏ ਫਿਰਦੇ ਓਂ।’’
ਭੂਆ ਨੇ ਖਾਸਾ ਵੱਡਾ ਨਿਹੋਰਾ ਮਾਰਿਆ ਸੀ।
‘‘ਭੂਆ ਜ਼ਮਾਨੇ ਮੁਤਾਬਕ ਚੱਲਣਾ ਪੈਂਦੈ। ਨਿਆਣੇ ਮੰਨਦੇ ਨੀਂ ਮਾਂ ਬਾਪ ਦੀ।ਜਿਮੇ ਹਾਣੀ ਕਹਿੰਦੇ ਨੇ, ਓਵੇਂ ਤਿਆਰ ਹੋ ਜਾਂਦੇ ਐ।’’ ਮੈਂ ਸਫ਼ਾਈ ਦੇਣ ਦੀ ਕੋਸ਼ਿਸ਼ ਕੀਤੀ।
‘‘ਆਹੋ! ਮੰਨਦੇ ਨੀ ਇਨ੍ਹਾਂ ਦੇ ਨਿਆਣੇ...!’’ ਰੋਸ ਜਿਹੇ ਵਿੱਚ ਭੂਆ ਨੇ ਗੱਲ ਅਧੂਰੀ ਛੱਡ ਦਿੱਤੀ।
‘‘ਅਸੀਂ ਤਾਂ ਭੂਆ ਬੱਸ ਘੁੰਮਣ ਫਿਰਨ ਈ ਜਾਣੈ। ਕੋਈ ਪੱਕਾ ਥੋੜ੍ਹੀ ਨਾ ਰਹਿਣੈ। ਛੇ ਮਹੀਨਿਆਂ ਨੂੰ ਮੁੜ ਆਉਣੈ।’’ ਰਮਨ ਨੇ ਭੂਆ ਦਾ ਰੋਸਾ ਠੀਕ ਕਰਨ ਦੀ ਇੱਛਾ ਨਾਲ ਸੱਚ ਬੋਲਿਆ।
‘‘ਨਾ ਅੱਗੇ ਕੋਈ ਮੁੜਿਐ... ਮੁੜ ਆਉਣਗੇ ਇਹੇ!’’ ਭੂਆ ਕਾਫ਼ੀ ਗੁੱਸੇ ਵਿੱਚ ਬੋਲੀ ਸੀ।
ਭੂਆ ਦੇ ਰੁੱਖੇ ਬੋਲਾਂ ਨਾਲ ਸਾਡੇ ਵਿਚਕਾਰ ਚੁੱਪੀ ਤਣ ਗਈ ਸੀ।
ਤੇ ਕੁਝ ਸਮੇਂ ਬਾਅਦ ਭੂਆ ਨੇ ਆਪ ਹੀ ਚੁੱਪ ਤੋੜੀ ਸੀ, ‘‘ਚਲੋ ਦੇਖ ਲਓ ਭਾਈ। ਮੈਂ ਕੌਣ ਹੁੰਨੀ ਆਂ... ਨੰਨਾ ਪੌਣ ਆਲੀ। ਫਿਰ ਵੀ, ਮੈਂ ਤਾਂ ਚਾਹੁੰਦੀ ਸੀ ਮੇਰੇ ਜਿਉਂਦੇ ਜੀਅ ਤੱਕ ਤੁਸੀਂ ਰੁਕ ਜਾਂਦੇ। ਬੁੜ੍ਹੀਆਂ ਤਾਂ...”
ਪਤਾ ਨਹੀਂ ‘ਬੁੜ੍ਹੀਆਂ ਤਾਂ’ ਤੋਂ ਅਗਲੀ ਗੱਲ ਕੀ ਸੀ ਜੋ ਭੂਆ ਨੇ ਪੂਰੀ ਨਹੀਂ ਕੀਤੀ ਸੀ।
ਅਖੀਰ ਸਾਨੂੰ ਦੋਵਾਂ ਨੂੰ 100-100 ਦੇ ਦੋ ਨੋਟ ਫੜਾਉਂਦੀ ਬੋਲੀ ਸੀ, ‘‘ਖ਼ੈਰ ਸੁਖ ਨਾਲ ਜਾਉ ਭਾਈ... ਰੰਗੀਂ ਵਸੋ। ਮੈਂ ਤਾਂ ਖਵਨੀਂ ਇੱਕ ਚੁੰਨੀ ਦੀ ਹਾਂ ’ਗੀ ਖਵਨੀਂ ਨਾ।’’
ਤੇ ਭੂਆ ਨੇ ਛੇਤੀ ਦੇਣੇ ਮੂੰਹ ਦੂਜੇ ਪਾਸੇ ਕਰ ਲਿਆ ਸੀ। ਫੇਰ ਵੀ ਅੱਖਾਂ ਰਾਹੀਂ ਛਲਕ ਆਇਆ ਮਨ ਸਾਡੇ ਤੋਂ ਲੁਕਾਉਣ ’ਚ ਅਸਫਲ ਰਹੀ ਸੀ।
‘‘ਨੀਂ ਸਾਨੂੰ ’ਕੱਲੇ ਛੱਡ ਕੇ ਕਿੱਥੇ ਵਾ’ਗੀ ਨੀਂ, ਆਈਆਂ ਨੂੰ ਗਲ਼ ਲਾਉਣ ਆਲੀਏ ਅੰਮੜੀਏ...!’’ ਭੈਣ ਹੋਰਾਂ ਦੇ ਅੰਬਰਾਂ ਨੂੰ ਪਾੜ ਦੇਣ ਵਾਲੇ ਵੈਣਾਂ ਨੇ ਮੇਰੀ ਸੁਰਤ ਫੇਰ ਭੂਆ ਦੇ ਸੱਥਰ ’ਤੇ ਲੈ ਆਂਦੀ ਸੀ।
ਭੈਣ ਨੂੰ ਦੋ ਔਰਤਾਂ ਖੱਬੇ ਸੱਜੇ ਬਾਹਾਂ ਤੋਂ ਫੜੀ ਭੂਆ ਦੇ ਮੰਜੇ ਤੱਕ ਲੈ ਆਈਆਂ।
* * *
ਸਸਕਾਰ ਮਗਰੋਂ ਰਾਤ ਨੂੰ ਭੂਆ ਬਾਰੇ, ਉਹਦੇ ਸੁਭਾਅ ਬਾਰੇ ਗੱਲਾਂ ਚੱਲ ਪਈਆਂ।
‘‘ਕਦੇ ਸਿਰ ਵੀ ਨਈਂ ਸੀ ਦੁਖਿਆ ਬੇਬੇ ਦਾ, ਬੀ ਕਿਮੇ ਦੁਖਦਾ ਹੁੰਦੈ।’’ ਜੀਤ ਬੋਲ ਰਹੀ ਸੀ।
‘‘ਚੰਗੀ ਖੁਰਾਕ ਸੀ... ਕੋਈ ਫਿਕਰ-ਫਾਕਾ ਨੀ ਸੀ। ਪੋਤੇ-ਪੋਤੀ ਨਾਲ ਦੋਸਤਾਂ ਵਾਂਗੂੰ ਰਹਿੰਦੀ...।’’ ਹਾਕਮ ਨੇ ਹੁੰਗਾਰਾ ਭਰਿਆ ਸੀ।
‘‘ਇਕੇਰਾਂ ਗੁਆਂਢੀਆਂ ਦੀ ਭੂਆ ਆ’ਗੀ, ਬੇਬੇ ਨੂੰ ਮਿਲਣ...’’ ਹਿਰਦੇਪਾਲ ਨੇ ਵੀ ਆਪਣੀ ਗੱਲ ਸੁਣਾਉਣੀ ਸ਼ੁਰੂ ਕਰ ਦਿੱਤੀ, ‘‘ਉਹ ਸੀ ਤਾਂ ਬੇਬੇ ਤੋਂ ਛੋਟੀ... ਪਰ ਬੇਬੇ ਨੇ ਉਹਦੇ ਪੈਰੀਂ ਹੱਥ ਲਾਏ... ਫੇਰ ਜੱਫੀ ਪਾ ਕੇ ਮਿਲੀ ਜਾਣ ਤੇ ਫੇਰ ਬੇਬੇ ਉਹਦਾ ਮੋਢਾ ਪਲੋਸੀ ਜਾਵੇ। ਮੈਂ ਤੇ ਨਿੱਕੀ ਨੇ ਤਾਂ ਮਸਾਂ ਹਾਸੀ ਰੋਕੀ।’’
ਹਿਰਦੇਪਾਲ ਦੀ ਗੱਲ ਸੁਣ ਕੇ ਸਾਰਿਆਂ ਦੇ ਚਿਹਰਿਆਂ ’ਤੇ ਥੋੜ੍ਹੀ ਥੋੜ੍ਹੀ ਮੁਸਕੁਰਾਹਟ ਆ ਗਈ।
‘‘ਇਸ ਗੱਲ ਦੇ ਅਰਥ ਬਹੁਤ ਵੱਡੇ ਨੇ ਪੁੱਤ। ਮੈਂ ਸਮਝਦੈਂ। ਪਰ ਥੋਡੀ ਪੀੜ੍ਹੀ ਲਈ ਇਹ ਗੱਲ ਸਮਝੋਂ ਪਰ੍ਹੇ ਐ।’’
‘‘ਹੈਂ...’’ ਹਿਰਦੇਪਾਲ ਤੇ ਨਿੱਕੀ ਇੱਕ ਦੂਜੇ ਵੱਲ ਹੈਰਾਨੀ ਨਾਲ ਝਾਕੇ।
‘‘ਚਾਚਾ ਜੀ, ਸਾਨੂੰ ਵੀ ਸਮਝਾਓ।’’ ਨਿੱਕੀ ਬੋਲੀ।
‘‘ਨਹੀਂ ਪੁੱਤ, ਕਦੇ ਫੇਰ...’’ ਮਾਹੌਲ ਦੇਖ ਕੇ ਮੈਂ ਟਾਲਾ ਵੱਟਣਾ ਚਾਹਿਆ।
‘‘ਫੇਰ ਭੁੱਲ ਜਾਵਾਂਗੇ ਚਾਚਾ, ਸਾਨੂੰ ਤਾਂ ਹੁਣੇ ਦੱਸੋ।’’ ਹੁਣ ਹਿਰਦੇਪਾਲ ਨੇ ਜ਼ੋਰ ਪਾਇਆ।
‘‘ਕਿਉਂ ਜਵਾਕਾਂ ਤੋਂ ਹਾੜੇ ਕਢਾਏ ਐ। ਜੇ ਕੁਸ਼ ਪਤਾ ਤਾਂ ਦੱਸ ਦਿਓ।’’ ਰਮਨ ਵੀ ਬੱਚਿਆਂ ਵੱਲ ਹੋ ਗਈ।
ਹੁਣ ਤਾਂ ਦੱਸਣਾ ਹੀ ਪੈਣਾ ਸੀ।
‘‘ਦੇਖੋ ਬਈ, ਥੋਡੇ ਗੁਆਂਢੀਆਂ ਦੀ ਭੂਆ ਤੇ ਸਾਡੀ ਭੂਆ ਦਾ ਰਿਸ਼ਤਾ ਸੀ, ਨਣਦ ਭਰਜਾਈ ਦਾ ਰਿਸ਼ਤਾ। ਨਣਦ ਜਾਣੀ ਪਤੀ ਦੀ ਭੈਣ, ਆਵਦੀ ਭਰਜਾਈ ਤੋਂ ਰਿਸ਼ਤੇ ’ਚ ਵੱਡੀ ਥਾਂ ਲੱਗਦੀ ਐ ਤਾਂ ਕਰਕੇ ਥੋਡੀ ਦਾਦੀ ਨੇ ਉਹਦੇ ਪੈਰੀਂ ਹੱਥ ਲਾਏ।’’ ਮੈਂ ਪਹਿਲੀ ਗੱਲ ਕੀਤੀ।
‘‘ਤੇ ਗਲਵੱਕੜੀ?’’ ਨਿੱਕੀ ਬੋਲੀ।
‘‘ਜਦੋਂ ਥੋਡੀ ਦਾਦੀ ਏਸ ਘਰੇ ਵਿਆਹੀ ਆਈ ਹੋਣੀ ਤਾਂ ਉਸ ਦੀ ਸਭ ਤੋਂ ਨੇੜਲੀ ਸਹੇਲੀ ਇਹੀ ਭੂਆ ਬਣੀ ਹੋਊ। ਦੋ ਸਹੇਲੀਆਂ ਗਲਵੱਕੜੀ ਪਾ ਕੇ ਮਿਲਦੀਆਂ ਨੇ। ਇਹ ਨਣਦ ਭਰਜਾਈ ਵੀ ਸੀ ਤੇ ਸਹੇਲੀਆਂ ਵੀ।’’
‘‘ਚਾਚਾ ਜਦੋਂ ਪੈਰੀਂ ਪੈਣਾ ਹੋ ਗਿਆ... ਗਲਵੱਕੜੀ ਪੈ ਗਈ। ਫੇਰ ਸਿਰ ਪਲੋਸਣਾ...?’’ ਹਿਰਦੇਪਾਲ ਨੇ ਆਵਦੀ ਗੱਲ ਅੱਧ ਵਿਚਾਲੇ ਛੱਡ ਦਿੱਤੀ।
‘‘ਸਿਰ ਪਲੋਸਣਾ... ਹਾਂ! ਚੰਗੀਆਂ ਭਰਜਾਈਆਂ ਉਮਰੋਂ ਛੋਟੀ ਨਣਦ ਨੂੰ ਆਵਦੀ ਧੀ ਦੀ ਥਾਂ ਸਮਝਦੀਆਂ ਨੇ। ਭਾਵੇਂ ਕੁਸ਼ ਮਹੀਨੇ ਈ ਸਹੀ... ਉਹ ਭੂਆ ਥੋਡੀ ਦਾਦੀ ਨਾਲੋਂ ਛੋਟੀ ਹੋਣੀ ਐ।’’
‘‘ਹੂੰ... ਤਾਂ ਵਿਚਲੀ ਗੱਲ ਆਹ ਸੀ।’’
ਮੇਰੇ ਜਵਾਬ ਸੁਣ ਕੇ ਬੱਚੇ ਸੰਤੁਸ਼ਟ ਹੋ ਗਏ।
‘‘ਏਡੀ ਛੇਤੀ ਜਾਣ ਵਾਲੀ ਹੈ ਨੀਂ ਸੀ ਭੂਆ... ਜਦੋਂ ਅਸੀਂ ਗਏ ਸੀ ਜਮਾਂ ਨੌਂ ਬਰ ਨੌਂ ਸੀ।’’ ਸਾਡੀ ਗੱਲ ਮੁੱਕੀ ਤੋਂ ਰਮਨ , ਜੀਤ ਤੇ ਭੈਣ ਵੱਲ ਝਾਕੀ।
‘‘ਮੈਨੂੰ ਤਾਂ ਲੱਗਦੈ, ਬੱਸ ਥੋਡੇ ਜਾਣ ਦੀ ਗੱਲ ਈ ਦਿਲ ’ਤੇ ਲਾ ’ਗੀ। ਖਾਣ-ਪੀਣ ਘਟ ਗਿਆ। ਚੁੱਪਚਾਪ ਰਹਿਣ ਲੱਗ ’ਗੀ। ਜੁਆਕ ਬਥੇਰਾ ਛੇੜਦੇ। ਪਰ ਨਾ... ਅਖੇ, ਮੈਨੂੰ ਤੰਗ ਨਾ ਕਰੋ। ਮਹੀਨੇ ਡੇਢ ਮਹੀਨੇ ’ਚ ਤਾਂ ਮੰਜੇ ’ਤੇ ਬਹਿ’ਗੀ...।’’ ਜੀਤ ਸਾਹ ਲੈਣ ਲਈ ਰੁਕੀ।
ਉਸ ਦੀਆਂ ਗੱਲਾਂ ਤੋਂ ਮੈਨੂੰ ਭੂਆ ਦੇ ਆਖ਼ਰੀ ਬੋਲ ਕੁਝ ਨਾ ਕੁਝ ਸਪਸ਼ਟ ਹੋਣ ਲੱਗ ਪਏ।
ਜੀਤ ਬੋਲੀ ਗਈ, ‘‘...ਹੁਣ ਤਾਂ ਮਹੀਨੇ ਕੁ ਦੀ ਨੇ ਇੱਕੋ ਰਟਨ ਫੜ ਲਿਆ ਸੀ... ਮੇਰੇ ਤਾਂ ਪੇਕਿਆਂ ਦਾ ਬਾਰ ਬੰਦ ਹੋ ਗਿਆ। ਮੇਰੇ ਤਾਂ ਮਰੀ ਤੋਂ ਵੀ ਨ੍ਹੀਂ ਕੋਈ ਆਉਣ ਵਾਲਾ। ਬਿੰਦੇ ਬਿੰਦੇ ਥੋਡਾ ਨਾਂ ਲੈ ਲੈ ਕੇ ਝੋਰਾ ਕਰਦੀ ਪੁੱਛੀ ਜਾਂਦੀ, ਸਾਗਰ ਤਾਂ ਨੀ ਮੁੜਦਾ ਹੁਣ ਕਨੇਡਿਓ...?’’
‘‘ਆਪਣੇ ਰਿਵਾਜ ਐ ਨਾ, ਬਈ ਕਿਸੇ ਬੁੜ੍ਹੀ ਦੇ ਮਰਨ ’ਤੇ ਕਫ਼ਨ ਪੇਕਿਆਂ ਦਾ ਹੁੰਦੈ। ਨਹੀਂ ਤਾਂ ਕਹਿੰਦੇ ਐ ਬੀ ਰੂਹ ਦੀ ਗਤੀ ਨ੍ਹੀਂ ਹੁੰਦੀ ਮਰਨ ਮਗਰੋਂ। ਬੀਬੀ ਨੂੰ ਸੋਡੇ ਜਾਣ ਤੋਂ ਇਹੀ ਝੋਰਾ ਖਾ ਗਿਆ... ਬੀ ਮੇਰੇ ਤਾਂ ਕੋਈ ਕਫ਼ਨ ਪਾਉਣ ਆਲਾ ਵੀ ਪੇਕੀਂ ਨੀਂ ਰਿਹਾ। ਮੇਰੀ ਤਾਂ ਰੂਹ ਭਟਕਦੀ ਰਹੂ।’’ ਭੈਣ ਦੀ ਇਸ ਗੱਲ ਨਾਲ ਭੂਆ ਦੇ ਆਖ਼ਰੀ ਬੋਲਾਂ ਦੇ ਅਰਥ ਮੇਰੇ ਮਨ ਵਿੱਚ ਚਿੱਟੇ ਦਿਨ ਵਾਂਗ ਸਾਫ਼ ਹੋ ਗਏ।
ਮੈਨੂੰ ਲੱਗਿਆ ਜਿਵੇਂ ਭੂਆ ਦੁਬਾਰਾ ਮੇਰੇ ਕੰਨ ਵਿੱਚ ਬੋਲੀ ਹੋਵੇ, ‘‘ਤੁਸੀਂ ਆ ’ਗੇ ਭਾਈ, ਮੇਰਾ ਸਿਵਾ ਢ..ਕ..ਣ ...।’’ ਤੇ ਪੂਰੀ ਗੱਲ ਕੀਤੇ ਬਿਨਾਂ ਹੀ ਭੂਆ ਦੀ ਆਤਮਾ ਦੀ ਗਤੀ ਹੋ ਗਈ ਹੋਵੇ।
ਸੰਪਰਕ: 94634-45092