ਸੈਕਟਰ 26 ਦੀ ਮੰਡੀ 39 ਵਿੱਚ ਭੇਜਣ ਲਈ ਪ੍ਰਕਿਰਿਆ ਤੇਜ਼
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 3 ਜੂਨ
ਯੂਟੀ ਪ੍ਰਸ਼ਾਸਨ ਨੇ ਅਨਾਜ, ਫਲ ਤੇ ਸਬਜ਼ੀ ਮੰਡੀ ਨੂੰ ਸੈਕਟਰ 26 ਤੋਂ ਸੈਕਟਰ 39 ‘ਚ ਤਬਦੀਲ ਕਰਨ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਹੈ। ਨਵੀਂ ਅਨਾਜ ਮੰਡੀ ਲਈ ਖਾਕਾ ਤਿਆਰ ਕਰਕੇ ਖੇਤੀਬਾੜੀ ਵਿਭਾਗ ਨੂੰ ਸੌਂਪ ਦਿੱਤਾ ਹੈ, ਜਿਸ ਤੋਂ ਪ੍ਰਵਾਨਗੀ ਮਿਲਣ ਉਪਰੰਤ ਤੇਜ਼ੀ ਨਾਲ ਸਾਰੇ ਪ੍ਰੀਕਿਰਿਆ ਨੂੰ ਨੇਪਰੇ ਚਾੜ੍ਹਿਆ ਜਾਵੇਗਾ। ਯੂਟੀ ਪ੍ਰਸ਼ਾਸਨ ਦੇ ਅਧਿਕਾਰੀ ਨੇ ਕਿਹਾ ਕਿ ਇਹ ਪ੍ਰਵਾਨਗੀ 15 ਦਿਨਾਂ ਵਿੱਚ ਮਿਲਣ ਦੀ ਸੰਭਾਵਨਾ ਹੈ। ਉਸ ਤੋਂ ਬਾਅਦ ਹੀ ਸੈਕਟਰ-39 ਦੀ ਨਵੀਂ ਮੰਡੀ ‘ਚ 92 ਦੁਕਾਨਾਂ ਦੀ ਨਿਲਾਮੀ ਪ੍ਰੀਕਿਰਿਆ ਸ਼ੁਰੂ ਕੀਤੀ ਜਾਵੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਯੂਟੀ ਪ੍ਰਸ਼ਾਸਕ ਦੇ ਸਲਾਹਕਾਰ ਨੇ ਇੰਜਨੀਅਰਿੰਗ ਵਿਭਾਗ ਤੇ ਆਰਕੀਟੈਕਟ ਵਿਭਾਗ ਨੂੰ ਮੰਡੀ ਨੂੰ ਤਬਦੀਲ ਕਰਨ ਦੇ ਕੰਮ ਨੂੰ ਜਲਦ ਮੁਕੰਮਲ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਪ੍ਰਸ਼ਾਸਨਿਕ ਅਧਿਕਾਰੀ ਨੇ ਕਿਹਾ ਕਿ ਨਵੀਂ ਮੰਡੀ ‘ਚ ਦੁਕਾਨਾਂ ਦੀ ਅਲਾਟਮੈਂਟ ਦੀ ਪ੍ਰਕਿਰਿਆ ਦੋ ਮਹੀਨਿਆਂ ‘ਚ ਪੂਰੀ ਕਰ ਦਿੱਤੀ ਜਾਵੇਗੀ, ਜਿਸ ਲਈ ਥਾਵਾਂ ਦੀ ਨਿਲਾਮੀ ਅਗਲੇ ਮਹੀਨੇ ਹੋਣ ਦੀ ਸੰਭਾਵਨਾ ਹੈ।