‘ਸਾਹਿਤ: ਜਗਤ ਤੇ ਜੁਗਤ’ ਵਿਸ਼ੇ ਉੱਤੇ ਭਾਸ਼ਣ
ਕੁਲਦੀਪ ਸਿੰਘ
ਨਵੀਂ ਦਿੱਲੀ, 13 ਨਵੰਬਰ
ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਭਾਸ਼ਾ ਵਿਗਿਆਨੀ ਤੇ ਚਿੰਤਕ ਪ੍ਰੋ. ਹਰਜੀਤ ਸਿੰਘ ਗਿੱਲ ਦਾ ‘ਸਾਹਿਤ : ਜਗਤ ਤੇ ਜੁਗਤ’ ਵਿਸ਼ੇ ’ਤੇ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। ਵਿਭਾਗ ਦੇ ਮੁਖੀ ਪ੍ਰੋ. ਕੁਲਵੀਰ ਗੋਜਰਾ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਸਮਾਗਮ ਦੇ ਕੋਆਰਡੀਨੇਟਰ ਡਾ. ਯਾਦਵਿੰਦਰ ਸਿੰਘ ਨੇ ਪ੍ਰੋ. ਗਿੱਲ ਦੀਆਂ ਲਿਖਤਾਂ ਬਾਰੇ ਜਾਣੂ ਕਰਵਾਇਆ। ਇਸ ਮੌਕੇ ਪ੍ਰੋ. ਹਰਜੀਤ ਸਿੰਘ ਗਿੱਲ ਨੇ ਕਿਹਾ ਕਿ ਸਾਹਿਤ ਅਜਿਹਾ ਵਰਤਾਰਾ ਹੈ ਜੋ ਜੀਵਨ ਦੀ ਅਖਬਾਰ ਰੂਪੀ ਪੇਸ਼ਕਾਰੀ ਨਹੀਂ ਕਰਦਾ ਹੈ। ਅਖ਼ਬਾਰ ਸਿਰਫ਼ ਬਿਆਨ ਕਰਦਾ ਹੈ ਅਤੇ ਸਾਹਿਤ ਵਿੱਚ ਜਗਬੀਤੀ ਅਤੇ ਹੱਡਬੀਤੀ ਦੀ ਗੱਲ ਹੁੰਦੀ ਹੈ। ਉਨ੍ਹਾਂ ਲਿਖਤ ਦੇ ਬਹੁਤ ਮਹੱਤਵਪੂਰਨ ਨੁਕਤੇ ਦੀ ਗੱਲ ਕਰਦਿਆਂ ਕਿਹਾ ਕਿ ਲੇਖਕ ਲਿਖਤ ਦੇ ਪਹਿਲੇ ਵਾਕ ਨੂੰ ਲਿਖਦੇ ਸਮੇਂ ਆਜ਼ਾਦ ਹੁੰਦਾ ਹੈ, ਪਰ ਪਹਿਲਾ ਵਾਕ ਲੇਖਕ ਦੀ ਆਜ਼ਾਦੀ ਨੂੰ ਆਪਣੇ ਵਿਚ ਬੰਨ੍ਹ ਲੈਂਦਾ ਹੈ।
ਉਨ੍ਹਾਂ ਕਿਹਾ ਕਿ ਸਿਧਾਂਤਾਂ ਨੂੰ ਸਮਝਾਉਣ ਲਈ ਔਖੇ ਸ਼ਬਦਾਂ ਦੀ ਲੋੜ ਨਹੀਂ ਹੈ। ਉਨ੍ਹਾਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚੋਂ ਸ਼ਬਦ ਲੈ ਕੇ ਸੁਰਤ, ਮਤ, ਮਨ, ਬੁੱਧ ਨੂੰ ਚਿੰਤਨ ਅਤੇ ਫਿਲਾਸਫੀ ਦੇ ਵਿਸ਼ਾਲ ਅਰਥਾਂ ਵਿਚ ਪਾਠਕਾਂ ਨਾਲ ਵਿਚਾਰ ਸਾਂਝੇ ਕੀਤੇ। ਅੰਤ ਵਿਚ ਉਨ੍ਹਾਂ ਨੇ ਕਿਹਾ ਕਿ ਸਿੱਖਣ ਦੀ ਪ੍ਰਕਿਰਿਆ ਦਾ ਕੋਈ ਅੰਤ ਨਹੀਂ ਹੈ, ਇਹ ਲਗਨ ਹੈ ਜਿਸ ਦੀ ਕੇਵਲ ਸ਼ੁਰੂਆਤ ਹੁੰਦੀ ਹੈ ਅੰਤ ਨਹੀਂ। ਅੰਤ ਵਿਚ ਪ੍ਰੋ. ਰਵੀ ਰਵਿੰਦਰ ਸਭ ਦਾ ਰਸਮੀ ਧੰਨਵਾਦ ਕੀਤਾ। ਇਸ ਮੌਕੇ ਈਸ਼ਵਰ ਦਿਆਲ ਗੌੜ, ਡਾ. ਬਲਜਿੰਦਰ ਨਸਰਾਲੀ, ਡਾ. ਨਛੱਤਰ ਸਿੰਘ, ਡਾ. ਰਜਨੀ ਬਾਲਾ, ਡਾ. ਰੰਜੂ ਬਾਲਾ ਹਾਜ਼ਰ ਸਨ।