ਭਾਈ ਵੀਰ ਸਿੰਘ ਦੇ ਸਿੱਖੀ ਤੇ ਇਤਿਹਾਸ ਬਾਰੇ ਦ੍ਰਿਸ਼ਟੀਕੋਣ ’ਤੇ ਭਾਸ਼ਣ
ਕੁਲਦੀਪ ਸਿੰਘ
ਨਵੀਂ ਦਿੱਲੀ, 26 ਸਤੰਬਰ
ਭਾਈ ਵੀਰ ਸਿੰਘ ਸਾਹਿਤ ਸਦਨ ਵਲੋਂ ‘ਸਿੱਖੀ ਐਂਡ ਹਿਸਟਰੀ: ਭਾਈ ਵੀਰ ਸਿੰਘ ਪ੍ਰਸਪੈਕਟਿਵਸ’ ਵਿਸ਼ੇ ਭਾਸ਼ਣ ਕਰਵਾਇਆ ਗਿਆ, ਜਿਸ ’ਚ ਮੁੱਖ ਵਕਤਾ ਹਰਿੰਦਰ ਸਿੰਘ ਨੇ ਲੈਕਚਰ ਦਿੱਤਾ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਪੰਜਾਬੀ ਐਡਵਾਇਜ਼ਰੀ ਬੋਰਡ ਸਾਹਿਤ ਅਕਾਦਮੀ ਦਿੱਲੀ ਦੇ ਕਨਵੀਨਰ ਡਾ. ਰਵੇਲ ਸਿੰਘ ਨੇ ਕੀਤੀ। ਪ੍ਰੋਗਰਾਮ ਦਾ ਆਗਾਜ਼ ਕਰਦਿਆਂ ਸਦਨ ਦੇ ਡਾਇਰੈਕਟਰ ਡਾ. ਮਹਿੰਦਰ ਸਿੰਘ ਨੇ ਵਕਤਿਆਂ ਬਾਰੇ ਸੰਖੇਪ ਜਾਣ-ਪਛਾਣ ਕਰਵਾਈ। ਉਪਰੰਤ ਹਰਿੰਦਰ ਸਿੰਘ ਨੇ ਮੁਕੱਰਰ ਵਿਸ਼ਾ-ਭਾਈ ਵੀਰ ਸਿੰਘ ਦੇ ਸਿੱਖੀ ਤੇ ਇਤਿਹਾਸ ਬਾਰੇ ਦ੍ਰਿਸ਼ਟੀਕੋਣ ਦਾ ਜ਼ਿਕਰ ਭਾਈ ਸੰਤੋਖ ਸਿੰਘ ਰਚਿਤ ਗੁਰ ਪ੍ਰਤਾਪ ਸੂਰਜ ਗ੍ਰੰਥ ’ਚ ਭਾਈ ਵੀਰ ਸਿੰਘ ਦੀ ਭੂਮਿਕਾ ਨੂੰ ਆਧਾਰ ਬਣਾ ਕੇ ਕੀਤਾ। ਉਨ੍ਹਾਂ ਅਨੁਸਾਰ ਭਾਈ ਵੀਰ ਸਿੰਘ ਨੇ ਇਤਿਹਾਸਕ ਲਿਖਤਾਂ ਲਈ ਗੁਰਬਾਣੀ ਅਤੇ ਪੁਰਾਤਨ ਇਤਿਹਾਸਕ ਗ੍ਰੰਥਾਂ (ਜਨਮਸਾਖੀਆਂ ਤੇ ਹੋਰ ਗ੍ਰੰਥ) ਨੂੰ ਆਧਾਰ ਬਣਾਇਆ। ਇਸ ਦੇ ਨਾਲ ਨਾਲ ਭਾਈ ਸਾਹਿਬ ਨੇ ਪੱਛਮੀ ਲਿਖਾਰੀਆਂ ਦੇ ਇਤਿਹਾਸਕ ਦ੍ਰਿਸ਼ਟੀਕੋਣ ਦਾ ਵੀ ਅਧਿਐਨ ਕੀਤਾ ਅਤੇ ਆਧੁਨਿਕ ਇਤਿਹਾਸਕ ਪਹੁੰਚ ਵਿਧੀਆਂ ਨਾਲ ਇਕ ਸਮਤੋਲ ਬਿਠਾਉਂਦਿਆਂ ਸਿੱਖ ਇਤਿਹਾਸ ਦਾ ਪੁਨਰ-ਸਿਰਜਨ ਕੀਤਾ। ਉਨ੍ਹਾਂ ਦੀ ਵਿਸ਼ੇਸ਼ਤਾ ਸੀ ਕਿ ਇਤਿਹਾਸ ਸਿਰਜਦਿਆਂ ਅਤੇ ਪੁਰਾਤਨ ਇਤਿਹਾਸਕ ਗ੍ਰੰਥਾਂ ਦੀ ਸੰਪਾਦਨਾ ਕਰਦਿਆਂ ਮੁਕਤਲਿਫ਼ ਗੱਲਾਂ ਬਾਰੇ ਮਹੱਤਵਪੂਰਨ ਟਿੱਪਣੀਆਂ ਲਿਖੀਆਂ। ਪੂਰਬੀ ਅਤੇ ਪੱਛਮੀ ਸਾਹਿਤਕ ਤੇ ਇਤਿਹਾਸਕ ਅੰਤਰਦ੍ਰਿਸ਼ਟੀਆਂ ਦਾ ਅਦਭੁਤ ਸੰਜੋਗ ਨਜ਼ਰ ਆਉਂਦਾ ਹੈ। ਉਨ੍ਹਾਂ ਕਿਹਾ ਕਿ ਭਾਈ ਵੀਰ ਸਿੰਘ ਦੇ ਸਮੁੱਚੇ ਸਾਹਿਤ ਅਤੇ ਵਿਸ਼ੇਸ਼ਕਰ ਇਤਿਹਾਸਕ ਲਿਖਤਾਂ ’ਚ ਜਿਸ ਨੂੰ ਅੱਜ ਦੇ ਪ੍ਰਸੰਗ ’ਚ ਅਧਿਐਨ ਜ਼ਰੀਏ ਹੋਰ ਉਜਾਗਰ ਕਰਨ ਦੀ ਲੋੜ ਹੈ। ਇਸ ਤੋਂ ਬਾਅਦ ਡਾ. ਰਵੇਲ ਸਿੰਘ ਨੇ ਹਰਿੰਦਰ ਸਿੰਘ ਦੇ ਲੈਕਚਰ ਨੂੰ ਪ੍ਰੋਗਰਾਮ ਦੀ ਅਜਿਹੀ ਉਪਲਬਧੀ ਕਿਹਾ ਜਿਸ ਵਿਚ ਨਵੀਆਂ ਸੰਭਾਵਨਾਵਾਂ ਦੇ ਰਾਹ ਮੋਕਲੇ ਹੋਏ ਹਨ।
ਉਨ੍ਹਾਂ ਭਾਈ ਵੀਰ ਸਿੰਘ ਨੂੰ ਅਜਿਹਾ ਸਾਹਿਤਕਾਰ ਕਿਹਾ ਜਿਨ੍ਹਾਂ ਵਿਸ਼ੇਸ਼ ਉਦੇਸ਼ ਨੂੰ ਲੈ ਕੇ ਸਿੱਖ ਇਤਿਹਾਸ ਦਾ ਇਸ ਤਰ੍ਹਾਂ ਪੁਨਰ-ਸਿਰਜਨ ਕੀਤਾ, ਜਿਸ ਵਿਚ ਪੱਛਮੀ ਸੋਚ ਤੇ ਸਨਾਤਨੀ ਸੋਚ ਦੋਵਾਂ ਨਾਲ ਸੰਵਾਦ ਕੀਤਾ ਗਿਆ ਹੈ ਅਤੇ ਸਿੱਖ ਫਲਸਫੇ ਦੇ ਮੱਦੇਨਜ਼ਰ ਇਤਿਹਾਸ ਉਸਾਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਅਖੀਰ ’ਚ ਸਰੋਤਿਆਂ ਦੇ ਸਵਾਲ-ਜਵਾਬ ਤੋਂ ਬਾਅਦ ਡਾ. ਮਹਿੰਦਰ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਕਮਲ ਕਿਰਨ ਡਾਂਗ ਅਤੇ ਉਹਨਾਂ ਦਾ ਪਰਿਵਾਰ, ਡਾ. ਯਾਦਵਿੰਦਰ ਸਿੰਘ, ਡਾ. ਹਰਵਿੰਦਰ ਸਿੰਘ ਸਮੇਤ ਵੱਡੇ ਪੱਧਰ ’ਤੇ ਯੂਨੀਵਰਸਿਟੀ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ।