For the best experience, open
https://m.punjabitribuneonline.com
on your mobile browser.
Advertisement

ਸਚਿਨ ਪਾਇਲਟ ਦੀ ਅਗਲੀ ਰਣਨੀਤੀ ਬਾਰੇ ਕਿਆਸ ਤੇਜ਼

10:32 PM Jun 23, 2023 IST
ਸਚਿਨ ਪਾਇਲਟ ਦੀ ਅਗਲੀ ਰਣਨੀਤੀ ਬਾਰੇ ਕਿਆਸ ਤੇਜ਼
Advertisement

ਨਵੀਂ ਦਿੱਲੀ, 6 ਜੂਨ

Advertisement

ਰਾਜਸਥਾਨ ਦਾ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਹਾਲੇ ਵੀ ਆਪਣੀਆਂ ਮੰਗਾਂ ਮਨਵਾਉਣ ਲਈ ਦ੍ਰਿੜ ਹੈ ਤੇ ਉਸ ਦਾ ਅਗਲਾ ਕਦਮ ਕਿਹੜਾ ਹੋਵੇਗਾ, ਇਸ ਬਾਰੇ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਹਨ। ਜ਼ਿਕਰਯੋਗ ਹੈ ਕਿ ਸਚਿਨ ਪਾਇਲਟ ਰਾਜਸਥਾਨ ਵਿੱਚ ਵਸੁੰਧਰਾ ਰਾਜੇ ਦੀ ਅਗਵਾਈ ਵਾਲੀ ਪਿਛਲੀ ਭਾਜਪਾ ਸਰਕਾਰ ਦੌਰਾਨ ਹੋਏ ਭ੍ਰਿਸ਼ਟਾਚਾਰ ਦੇ ਕੇਸਾਂ ਦੀ ਜਾਂਚ ਕਰਵਾਉਣ ਦੀ ਮੰਗ ‘ਤੇ ਅੜਿਆ ਹੋਇਆ ਹੈ ਤੇ ਇਸ ਬਾਰੇ ਕਾਂਗਰਸ ਹਾਈ ਕਮਾਨ ਦੇ ਹਾਂ-ਪੱਖੀ ਹੁੰਗਾਰੇ ਦੀ ਉਡੀਕ ਵਿੱਚ ਹੈ।

ਇਸੇ ਦੌਰਾਨ ਕੁਝ ਰਿਪੋਰਟਾਂ ਵਿੱਚ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਚਿਨ ਨਵੀਂ ਸਿਆਸੀ ਪਾਰਟੀ ਦਾ ਵੀ ਐਲਾਨ ਕਰ ਸਕਦਾ ਹੈ। ਕਰੀਬੀ ਸੂਤਰਾਂ ਅਨੁਸਾਰ ਮੌਜੂਦਾ ਸਮੇਂ ਸਚਿਨ ਆਪਣੀਆਂ ਮੰਗਾਂ ਮਨਵਾਉਣ ‘ਤੇ ਧਿਆਨ ਕੇਂਦਰਿਤ ਕਰ ਰਿਹਾ ਹੈ ਅਤੇ ਚਾਹੁੰਦਾ ਹੈ ਕਿ ਅਸ਼ੋਕ ਗਹਿਲੋਤ ਸਰਕਾਰ ਭਾਜਪਾ ਦੀ ਸੱਤਾ ਦੌਰਾਨ ਹੋਏ ਭ੍ਰਿਸ਼ਟਾਚਾਰ ਖ਼ਿਲਾਫ ਅਤੇ ਸਰਕਾਰੀ ਭਰਤੀ ਪੇਪਰ ਲੀਕ ਮਾਮਲੇ ‘ਚ ਕਾਰਵਾਈ ਕਰੇ ਤੇ ਨੌਜਵਾਨਾਂ ਦੀ ਭਲਾਈ ਲਈ ਕਦਮ ਚੁੱਕੇ ਜਾਣ।

ਕਾਬਿਲੇਗੌਰ ਹੈ ਕਿ ਬੀਤੇ ਹਫਤੇ ਕਾਂਗਰਸ ਪ੍ਰਧਾਨ ਮਲਿਕਾਰੁਜਨ ਖੜਗੇ ਤੇ ਪਾਰਟੀ ਆਗੂ ਰਾਹੁਲ ਗਾਂਧੀ ਨੇ ਅਸ਼ੋਕ ਗਹਿਲੋਤ ਤੇ ਸਚਿਨ ਪਾਇਲਟ ਨਾਲ ਗੱਲਬਾਤ ਕੀਤੀ ਸੀ। ਸੂਤਰਾਂ ਅਨੁਸਾਰ ਇਸ ਦੇ ਬਾਵਜੂਦ ਕੁਝ ਅਹਿਮ ਮੁੱਦਿਆਂ ‘ਤੇ ਸਚਿਨ ਤੇ ਗਹਿਲੋਤ ਵਿਚਾਲੇ ਹਾਲੇ ਵੀ ਮਤਭੇਦ ਹਨ। ਹੁਣ 11 ਜੂਨ ਨੂੰ ਦੌਸਾ ਵਿੱਚ ਸਚਿਨ ਵੱਲੋਂ ਆਪਣੇ ਪਿਤਾ ਰਾਜੇਸ਼ ਪਾਇਲਟ ਦੀ ਬਰਸੀ ਮਨਾਈ ਜਾਵੇਗੀ ਤੇ ਕਿਆਸ ਲਾਏ ਜਾ ਰਹੇ ਹਨ ਕਿ ਇਸ ਮੌਕੇ ਸਚਿਨ ਆਪਣੀ ਭਵਿੱਖੀ ਨੀਤੀ ਬਾਰੇ ਕੋਈ ਸਪਸ਼ਟ ਸੁਨੇਹਾ ਦੇਵੇਗਾ। ਸੂੁਤਰਾਂ ਅਨੁਸਾਰ ਉਹ ਹਾਲੇ ਵੀ ਪਾਰਟੀ ਹਾਈ ਕਮਾਨ ਦੇ ਹੁੰਗਾਰੇ ਦੀ ਉਡੀਕ ਕਰ ਰਿਹਾ ਹੈ। ਸਚਿਨ ਪਾਇਲਟ ਦੀਆਂ ਦੋ ਹੋਰ ਮੰਗਾਂ ਵੀ ਹਨ ਕਿ ਰਾਜਸਥਾਨ ਪਬਲਿਕ ਸਰਵਿਸ ਕਮਿਸ਼ਨ ਦਾ ਮੁੜ ਗਠਨ ਕੀਤਾ ਜਾਵੇ ਅਤੇ ਇਸ ਵਿੱਚ ਨਵੀਂਆਂ ਨਿਯੁਕਤੀਆਂ ਕੀਤੀਆਂ ਜਾਣ ਅਤੇ ਪੇਪਰ ਲੀਕ ਹੋਣ ਕਾਰਨ ਰੱਦ ਹੋਈਆਂ ਭਰਤੀਆਂ ਲਈ ਪ੍ਰਭਾਵਿਤ ਨੌਜਵਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ।

ਜ਼ਿਕਰਯੋਗ ਹੈ ਕਿ ਰਾਜੇਸ਼ ਪਾਇਲਟ ਦੀ ਬਰਸੀ ਮਨਾਉਣ ਲਈ ਦੌਸਾ ਵਿੱਚ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਤੇ ਇਨ੍ਹਾਂ ਤਿਆਰੀਆਂ ਦੀ ਨਿਗਰਾਨੀ ਖੇਤੀਬਾੜੀ ਮਾਰਕੀਟਿੰਗ ਦੇ ਸੂਬਾਈ ਮੰਤਰੀ ਮੁਰਾਰੀ ਲਾਲ ਮੀਨਾ ਵੱਲੋਂ ਕੀਤੀ ਜਾ ਰਹੀ ਹੈ। ਸ੍ਰੀ ਮੀਨਾ ਨੇ ਕਿਹਾ ਕਿ ਸਚਿਨ ਵੱਲੋਂ ਨਵੀਂ ਪਾਰਟੀ ਬਣਾੲੇ ਜਾਣ ਬਾਰੇ ਜੋ ਕਿਆਸਅਰਾਈਆਂ ਲੱਗ ਰਹੀਆਂ ਹਨ, ਉਨ੍ਹਾਂ ਵਿੱਚ ਕੋਈ ਦਮ ਨਹੀਂ ਹੈ। -ਪੀਟੀਆਈ

ਰੰਧਾਵਾ ਨੇ ਸਚਿਨ ਵੱਲੋਂ ਨਵੀਂ ਪਾਰਟੀ ਬਣਾਉਣ ਦੀਆਂ ਸੰਭਾਵਨਾਵਾਂ ਨੂੰ ਨਕਾਰਿਆ

ਜੈਪੁਰ: ਰਾਜਸਥਾਨ ਕਾਂਗਰਸ ਮਾਮਲਿਆਂ ਦੇ ਜਨਰਲ-ਸਕੱਤਰ ਸੁਖਜਿੰਦਰ ਸਿੰਘ ਰੰਧਾਵਾ ਨੇ ਪਾਰਟੀ ਆਗੂ ਸਚਿਨ ਵੱਲੋਂ ਨਵੀਂ ਸਿਆਸੀ ਪਾਰਟੀ ਬਣਾਉਣ ਸਬੰਧੀ ਸੰਭਾਵਨਾਵਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਉਹ ਅੱਜ ਸ਼ਾਮ ਇਥੇ ਪਹੁੰਚੇ ਤੇ ਕਿਹਾ ਕਿ ਪਾਰਟੀ ਆਗੂਆਂ ਨੂੰ ਉਨ੍ਹਾਂ ਦੇ ਰੁਤਬੇ ਮੁਤਾਬਕ ਜ਼ਿੰਮੇਵਾਰੀ ਸੌਂਪੀ ਜਾਵੇਗੀ। ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, ”ਸਚਿਨ ਪਾਇਲਨ ਦੇ ਮਨ ਵਿੱਚ ਨਵੀਂ ਪਾਰਟੀ ਬਣਾਉਣ ਬਾਰੇ ਕੋਈ ਵਿਚਾਰ ਨਹੀਂ ਹੈ ਤੇ ਨਾ ਹੀ ਅਜਿਹਾ ਵਿਚਾਰ ਉਸ ਦੇ ਮਨ ‘ਚ ਆਏਗਾ।” ਉਨ੍ਹਾਂ ਕਿਹਾ ਕਿ ਮੀਡੀਆ ਹੀ ਇਸ ਮੁੱਦੇ ਨੂੰ ਉਭਾਰ ਰਿਹਾ ਹੈ। ਰੰਧਾਵਾ ਅਨੁਸਾਰ ਖੜਗੇ ਤੇ ਰਾਹੁਲ ਗਾਂਧੀ ਨੇ ਗਹਿਲੋਤ ਤੇ ਸਚਿਨ ਨਾਲ ਗੱਲਬਾਤ ਕੀਤੀ ਸੀ ਤੇ ਦੋਹਾਂ ਆਗੂਆਂ ਨੇ ਇਕਜੁੱਟ ਹੋ ਕੇ ਕੰਮ ਕਰਨ ਲਈ ਰਜ਼ਾਮੰਦੀ ਜਤਾਈ ਸੀ। -ਪੀਟੀਆਈ

Advertisement
Advertisement
Advertisement
×