ਜ਼ਿਲ੍ਹਾ ਮਾਲੇਰਕੋਟਲਾ ’ਚ ਵਿਸ਼ੇਸ਼ ਟੀਕਾਕਰਨ ਮੁਹਿੰਮ
ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 27 ਨਵੰਬਰ
ਸਿਵਲ ਸਰਜਨ ਮਾਲੇਰਕੋਟਲਾ ਡਾ. ਸੰਜੇ ਗੋਇਲ ਦੀ ਅਗਵਾਈ ਹੇਠ ਜ਼ਿਲ੍ਹੇ ਭਰ ਦੇ ਬਲਾਕ ਪੰਜਗਰਾਈਆਂ, ਅਮਰਗੜ੍ਹ, ਅਹਿਮਦਗੜ੍ਹ ਤੇ ਮਾਲੇਰਕੋਟਲਾ ਦੇ ਸੀਨੀਅਰ ਮੈਡੀਕਲ ਅਫ਼ਸਰਾਂ ਦੀ ਦੇਖ-ਰੇਖ ਅਧੀਨ 25 ਨਵੰਬਰ ਤੋਂ 30 ਨਵੰਬਰ ਤੱਕ ਚੱਲ ਰਹੀ ਵਿਸ਼ੇਸ਼ ਟੀਕਾਕਰਨ ਮੁਹਿੰਮ ਤਹਿਤ ਅੱਜ ਮਾਲੇਰਕੋਟਲਾ ਜ਼ਿਲ੍ਹੇ ਵਿੱਚ 21 ਟੀਕਾਕਰਨ ਕੈਂਪ ਲਗਾਏ ਗਏ। ਇਨ੍ਹਾਂ ਕੈਂਪਾਂ 268 ਬੱਚਿਆਂ ਅਤੇ ਗਰਭਵਤੀ ਔਰਤਾਂ ਦੇ ਟੀਕੇ ਲਗਾਏ ਗਏ। ਇਸ ਦੌਰਾਨ ਸਹਾਇਕ ਸਿਵਲ ਸਰਜਨ ਡਾ. ਸਜ਼ੀਲਾ ਖ਼ਾਨ ਜ਼ਿਲ੍ਹਾ ਸਿਹਤ ਅਫ਼ਸਰ ਡਾ. ਪੁਨੀਤ ਸਿੱਧੂ ਅਤੇ ਐੱਸਐੱਮਓਜ਼ ਵੱਲੋਂ ਫ਼ੀਲਡ ਵਿੱਚ ਟੀਮਾਂ ਦਾ ਨਰੀਖਣ ਕੀਤਾ ਗਿਆ। ਸਿਵਲ ਸਰਜਨ ਡਾ. ਸੰਜੇ ਗੋਇਲ ਨੇ ਦੱਸਿਆ ਕਿ ਵਿਭਾਗ ਵੱਲੋਂ ਗਰਭਵਤੀ ਔਰਤਾਂ ਅਤੇ ਬੱਚੇ ਦੇ ਜਨਮ ਤੋਂ ਲੈ ਕੇ 16 ਸਾਲ ਦੀ ਉਮਰ ਤੱਕ ਦੇ ਬੱਚਿਆ ਦਾ ਟੀਕਾਕਰਨ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ। ਇਹ ਵੈਕਸੀਨ ਬੱਚਿਆਂ ਨੂੰ ਕਈ ਮਾਰੂ ਰੋਗ ਜਿਵੇਂ ਟੀਬੀ, ਕਾਲਾ ਪੀਲੀਆ, ਦਿਮਾਗੀ ਬੁਖ਼ਾਰ, ਗਲਘੋਟੂ, ਕਾਲੀ ਖੰਘ, ਨਿਮੋਨੀਆ, ਦਸਤ ਰੋਗ, ਖਸਰਾ-ਰੁਬੇਲਾ ਅਤੇ ਟੈਟਨਸ ਤੋਂ ਬਚਾਉਂਦੀ ਹੈ।