ਵਿਸ਼ੇਸ਼ ਇਜਲਾਸ: ਵਿਧਾਨ ਸਭਾ ’ਚ ‘ਅਪਰੇਸ਼ਨ ਲੋਟਸ’ ਦਾ ਮੁੱਦਾ ਛਾਇਆ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 1 ਅਪਰੈਲ
ਵਿਧਾਨ ਸਭਾ ਦਿੱਲੀ ਦੇ ਵਿਸ਼ੇਸ਼ ਇਜਲਾਸ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਇਕ ਰਿਤੂਰਾਜ ਗੋਵਿੰਦ ਨੇ ਸਦਨ ’ਚ ਖੁਲਾਸਾ ਕਰਦੇ ਹੋਏ ਦਾਅਵਾ ਕੀਤਾ ਕਿ ਐਤਵਾਰ ਰਾਤ ਨੂੰ ਇਕ ਵਿਆਹ ਸਮਾਗਮ ’ਚ ਤਿੰਨ-ਚਾਰ ਲੋਕ ਉਨ੍ਹਾਂ ਨੂੰ ਮਿਲੇ ਸਨ। ਇਸ ਖੁਲਾਸੇ ਮਗਰੋਂ ਦਿੱਲੀ ਵਿਧਾਨ ਸਭਾ ਵਿੱਚ ਕਥਿਤ ‘ਅਪਰੇਸ਼ਨ ਲੋਟਸ’ ਦਾ ਮੁੱਦਾ ਛਾ ਗਿਆ।
‘ਆਪ’ ਨੇ ਦੋਸ਼ ਲਾਇਆ ਕਿ ਭਾਜਪਾ ਨੇ ਇੱਕ ਵਾਰ ਫਿਰ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਖਰੀਦ ਕੇ ਆਪਣੀ ਸਰਕਾਰ ਬਣਾਉਣ ਲਈ ਅਪਰੇਸ਼ਨ ਲੋਟਸ ਸ਼ੁਰੂ ਕਰ ਦਿੱਤਾ ਹੈ। ਝੂਠੇ ਦੋਸ਼ਾਂ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਭਾਜਪਾ ਦਿੱਲੀ ਵਿੱਚ ‘ਆਪ’ ਸਰਕਾਰ ਨੂੰ ਕਮਜ਼ੋਰ ਕਰਨ ਵਿੱਚ ਲੱਗੀ ਹੋਈ ਹੈ। ਦੋਸ਼ ਹੈ ਕਿ ‘ਆਪ’ ਦੇ 10 ਹੋਰ ਵਿਧਾਇਕਾਂ ਨੂੰ ਆਪਣੇ ਨਾਲ ਲਿਆ ਅਤੇ ਉਨ੍ਹਾਂ ਨੂੰ ਪੂਰਵਾਂਚਲ ਕੋਟੇ ਤੋਂ ਮੰਤਰੀ ਬਣਾਉਣ ਦਾ ਲਾਲਚ ਦਿੱਤਾ ਜਾ ਰਿਹਾ ਅਤੇ ਸਾਰੇ ਵਿਧਾਇਕਾਂ ਨੂੰ 25-25 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ। ਰਿਤੂਰਾਜ ਝਾਅ ਨੇ ਦੱਸਿਆ, ‘‘ਸੋਮਵਾਰ ਸਵੇਰੇ 9.14 ਵਜੇ ਮੈਨੂੰ ਇੰਟਰਨੈੱਟ ਕਾਲ ਰਾਹੀਂ ਧਮਕੀ ਦਿੱਤੀ ਗਈ ਕਿ ਰਾਤ ਨੂੰ ਹੋਈ ਗੱਲਬਾਤ ਬਾਰੇ ਕਿਸੇ ਨੂੰ ਦੱਸਿਆ ਤਾਂ ਚੰਗਾ ਨਹੀਂ ਹੋਵੇਗਾ।’’ਇਸ ਮਾਮਲੇ ਵਿੱਚ ਦਲੀਪ ਪਾਂਡੇ ਨੇ ਕਿਹਾ ਕਿ ਭਾਜਪਾ ਕਹਿ ਰਹੀ ਹੈ ਕੇਜਰੀਵਾਲ ਨੂੰ ਬਿਨਾਂ ਸਬੂਤਾਂ ਦੇ ਗ੍ਰਿਫਤਾਰ ਕੀਤਾ ਗਿਆ, ਹੁਣ ਉਹ ਦਿੱਲੀ ’ਚ ਰਾਸ਼ਟਰਪਤੀ ਸ਼ਾਸਨ ਲਗਾ ਕੇ ‘ਆਪ’ ਨੂੰ ਤੋੜਨਗੇ। ਰਿਤੂਰਾਜ ਨੇ ਕਿਹਾ ਕਿ ਬਵਾਨਾ ਦੇ ਦਰਿਆਪੁਰ ਵਿੱਚ ਵਿਆਹ ਸਮਾਗਮ ਦੌਰਾਨ ਤਿੰਨ-ਚਾਰ ਲੋਕਾਂ ਨੇ ਉਸ ’ਤੇ ‘ਆਪ’ ਛੱਡ ਕੇ ਭਾਜਪਾ ’ਚ ਸ਼ਾਮਲ ਹੋਣ ਲਈ ਦਬਾਅ ਪਾਇਆ। ਰਿਤੂਰਾਜ ਨੇ ਦਾਅਵਾ ਕੀਤਾ ਕਿ ਉਨ੍ਹਾਂ ਬੰਦਿਆਂ ਨੇ ਉਸ ਨੂੰ ਕਿਹਾ ਕਿ ਭਾਜਪਾ ਵਿੱਚ ਸ਼ਾਮਲ ਹੋਵੋ, ਨਹੀਂ ਤਾਂ ਦਿੱਲੀ ਵਿੱਚ ਰਾਸ਼ਟਰਪਤੀ ਰਾਜ ਲਗਾਇਆ ਜਾਵੇਗਾ। ਵਿਧਾਇਕ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿੱਚ ਮੋਦੀ ਜੀ ਨੂੰ ਚਾਰ ਵਾਰ ਹਰਾਇਆ, ਇਸ ਲਈ ਭਾਜਪਾ ਆਮ ਆਦਮੀ ਪਾਰਟੀ ਨੂੰ ਕੁਚਲਣਾ ਚਾਹੁੰਦੀ ਹੈ। ਉਨ੍ਹਾਂ ਕਿਹਾ, ‘‘ਅਸੀਂ ਡਰਦੇ ਨਹੀਂ, ਅਸੀਂ ਮਰ ਜਾਵਾਂਗੇ ਜਾਂ ਕੱਟੇ ਜਾਵਾਂਗੇ ਪਰ ਅਸੀਂ ਅਰਵਿੰਦ ਕੇਰਜੀਵਾਲ ਨੂੰ ਕਦੇ ਧੋਖਾ ਨਹੀਂ ਦੇਵਾਂਗੇ।’’
ਦਲੀਪ ਪਾਂਡੇ ਨੇ ਕਿਹਾ ਕਿ ਵਿਧਾਨ ਸਭਾ ਵਿੱਚ ਅਪਰੇਸ਼ਨ ਲੋਟਸ ਦੇ ਖੁਲਾਸਿਆਂ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਭਾਜਪਾ ਲੋਕਤੰਤਰ ਲਈ ਖਤਰਾ ਹੈ। ਭਾਜਪਾ ਅਪਰੇਸ਼ਨ ਲੋਟਸ ਚਲਾ ਕੇ ਦਿੱਲੀ ਅਤੇ ਪੰਜਾਬ ਵਿਚ ਲੋਕਤੰਤਰ ਨੂੰ ਕਮਜ਼ੋਰ ਕਰਨ ਦੀ ਲਗਾਤਾਰ ਕੋਸ਼ਿਸ਼ ਕਰ ਰਹੀ ਹੈ। ਵਿਧਾਨ ਸਭਾ ਵਿੱਚ ਵਿਰੋਧੀ ਧਿਰ ਵੱਲੋਂ ਦੋਸ਼ਾਂ ਦਾ ਵਿਰੋਧ ਕੀਤਾ ਗਿਆ।