ਸੁੱਚਾ ਸਿੰਘ ਕਲੇਰ ਨਾਲ ਵਿਸ਼ੇਸ਼ ਮਿਲਣੀ
ਹਰਦਮ ਮਾਨ
ਸਰੀ: ਵੈਨਕੂਵਰ ਵਿਚਾਰ ਮੰਚ ਵੱਲੋਂ ਬੀਤੇ ਦਿਨੀਂ ਕਾਲਮ ਨਵੀਸ ਅਤੇ ਸਾਹਿਤਕਾਰ ਸੁੱਚਾ ਸਿੰਘ ਕਲੇਰ ਨਾਲ ਵਿਸ਼ੇਸ਼ ਮਿਲਣੀ ਕੀਤੀ ਗਈ। ਇਸ ਮਿਲਣੀ ਤਹਿਤ ਸੁੱਚਾ ਸਿੰਘ ਕਲੇਰ ਦੇ ਜੀਵਨ, ਕੈਨੇਡਾ ਵਿੱਚ ਸੈਟਲ ਹੋਣ, ਵੈਨਕੂਵਰ ਵਿੱਚ ਪੰਜਾਬੀ ਮਾਰਕੀਟ ਸਥਾਪਿਤ ਕਰਨ ਅਤੇ ਪੰਜਾਬੀ ਭਾਸ਼ਾ, ਸੱਭਿਆਚਾਰ, ਸਾਹਿਤ ਅਤੇ ਸਮਾਜ ਲਈ ਕੀਤੇ ਕੰਮਾਂ ਸਬੰਧੀ ਵਿਸ਼ੇਸ਼ ਗੱਲਬਾਤ ਹੋਈ।
ਗੱਲਬਾਤ ਦੀ ਸ਼ੁਰੂਆਤ ਕਰਦਿਆਂ ਮੋਹਨ ਗਿੱਲ ਨੇ ਸ. ਕਲੇਰ ਨਾਲ ਆਪਣੀ ਲੰਮੇਰੀ ਸਾਂਝ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਅਸਲ ਵਿੱਚ ਸੁੱਚਾ ਸਿੰਘ ਕਲੇਰ ਨੂੰ ਮਾਣ ਸਨਮਾਨ ਦੇਣ ਵਾਲਾ ਖ਼ੁਦ ਸਨਮਾਨਿਤ ਹੋ ਰਿਹਾ ਹੁੰਦਾ ਹੈ। ਉਹ ਬਹੁਤ ਹੀ ਨਿਮਰ, ਮਿਲਣਸਾਰ, ਮਦਦਗਾਰ ਅਤੇ ਭਾਈਚਾਰੇ ਦੀ ਅਜਿਹੀ ਸ਼ਖ਼ਸੀਅਤ ਹਨ ਜਿਨ੍ਹਾਂ ਵੱਲੋਂ ਪੰਜਾਬੀ ਭਾਈਚਾਰੇ ਲਈ ਵਿਸ਼ੇਸ਼ ਤੌਰ ’ਤੇ ਕੀਤੇ ਕਾਰਜ ਕਦੇ ਵੀ ਵਿਸਾਰੇ ਨਹੀਂ ਜਾ ਸਕਣਗੇ। ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਸੁੱਚਾ ਸਿੰਘ ਕਲੇਰ ਵੱਲੋਂ ਪੰਜਾਬੀ ਬੋਲੀ, ਭਾਸ਼ਾ ਅਤੇ ਸਾਹਿਤ ਵਿੱਚ ਪਾਏ ਯੋਗਦਾਨ ਦੀ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਇੰਡੋ-ਕੈਨੇਡੀਅਨ ਅਖ਼ਬਾਰ ਰਾਹੀਂ ਉਨ੍ਹਾਂ ਭਾਈਚਾਰੇ ਦੇ ਮਸਲਿਆਂ, ਮੁਸ਼ਕਿਲਾਂ, ਲੋੜਾਂ-ਥੋੜਾਂ ਅਤੇ ਕੀਤੇ ਜਾਣ ਵਾਲੇ ਭਾਈਚਾਰਕ ਕਾਰਜਾਂ ਨੂੰ ਉਭਾਰ ਕੇ ਭਾਈਚਾਰੇ ਨੂੰ ਚੰਗੇਰੀ ਜ਼ਿੰਦਗੀ ਜਿਊਣ ਲਈ ਪ੍ਰੇਰਿਆ ਹੈ। ਅੰਗਰੇਜ਼ ਬਰਾੜ, ਸਤੀਸ਼ ਗੁਲਾਟੀ, ਅਸ਼ੋਕ ਭਾਰਗਵ, ਜਰਨੈਲ ਸਿੰਘ ਆਰਟਿਸਟ, ਸੁਖਵਿੰਦਰ ਚੋਹਲਾ ਅਤੇ ਅੰਮ੍ਰਿਤ ਦੀਵਾਨਾ ਨੇ ਕਿਹਾ ਕਿ ਸੁੱਚਾ ਸਿੰਘ ਕਲੇਰ ਨੇ ਵੈਨਕੂਵਰ ਖੇਤਰ ਵਿੱਚ ਪੰਜਾਬੀ ਭਾਸ਼ਾ ਦੀ ਸਥਾਪਤੀ ਲਈ ਬਹੁਤ ਘਾਲਣਾ ਘਾਲੀ ਹੈ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਵਿੱਚ ਲੰਬਾ ਸਮਾਂ ਕਾਰਜ ਕਰਦਿਆਂ ਨਵੇਂ ਲੇਖਕਾਂ ਦੀ ਯੋਗ ਅਗਵਾਈ ਕੀਤੀ ਹੈ। ਸਮਾਜਿਕ ਖੇਤਰ ਵਿੱਚ ਉਨ੍ਹਾਂ ਦਾ ਬੇਹੱਦ ਯੋਗਦਾਨ ਹੈ। ਸੀਨੀਅਰ ਸਿਟੀਜ਼ਨ ਵਿੱਚ ਉਨ੍ਹਾਂ ਦਾ ਬਹੁਤ ਮਾਣ ਸਤਿਕਾਰ ਹੈ ਅਤੇ ਕਈ ਸੰਸਥਾਵਾਂ ਵੱਲੋਂ ਉਨ੍ਹਾਂ ਨੂੰ ਵਡੇਰੇ ਸਨਮਾਨਾਂ ਨਾਲ ਨਿਵਾਜਿਆ ਜਾ ਚੁੱਕਾ ਹੈ। ਅੰਤ ਵਿੱਚ ਸੁੱਚਾ ਸਿੰਘ ਕਲੇਰ ਨੇ ਵੈਨਕੂਵਰ ਵਿਚਾਰ ਮੰਚ ਦੇ ਸਾਰੇ ਮੈਂਬਰਾਂ, ਅਹੁਦੇਦਾਰਾਂ ਅਤੇ ਹਾਜਰ ਸ਼ਖ਼ਸੀਅਤਾਂ ਵੱਲੋਂ ਪ੍ਰਗਟਾਏ ਮਾਣ ਸਨਮਾਨ ਲਈ ਸਭ ਦਾ ਧੰਨਵਾਦ ਕੀਤਾ।
ਸਤਿਕਾਰ ਕਮੇਟੀ ਵੱਲੋਂ ਕਿਸਾਨਾਂ, ਮਜ਼ਦੂਰਾਂ ਦੇ ਹੱਕ ਵਿੱਚ ਮੁਜ਼ਾਹਰਾ
ਸਰੀ: ਸਤਿਕਾਰ ਕਮੇਟੀ ਕੈਨੇਡਾ ਵੱਲੋਂ ਬੀਤੇ ਦਿਨ ਸਰੀ ਵਿਖੇ ਬੀਅਰ ਕਰੀਕ ਪਾਰਕ ਦੇ ਨਜ਼ਦੀਕ 88 ਐਵੀਨਿਊ ਅਤੇ ਕਿੰਗ ਜਾਰਜ ਸਟਰੀਟ ਦੇ ਇੰਟਰਸੈਕਸ਼ਨ ’ਤੇ ਪੰਜਾਬ ਦੇ ਕਿਸਾਨਾਂ ਅਤੇ ਮਜ਼ਦੂਰਾਂ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਮੁਜ਼ਾਹਰਾ ਕੀਤਾ ਗਿਆ ਅਤੇ ਭਾਰਤ ਸਰਕਾਰ ਦੀ ਨਿਖੇਧੀ ਕਰਦਿਆਂ ਕਿਸਾਨਾਂ ਦੀਆਂ ਮੰਗਾਂ ਤੁਰੰਤ ਮੰਨਣ ਦੀ ਅਪੀਲ ਕੀਤੀ।
ਸਤਿਕਾਰ ਕਮੇਟੀ ਦੇ ਮੁੱਖ ਬੁਲਾਰੇ ਕੁਲਦੀਪ ਸਿੰਘ ਸੇਖੋ ਨੇ ਕਿਹਾ ਕਿ ਕਿਸਾਨ ਜਥੇਬੰਦੀ ਅਤੇ ਮਜ਼ਦੂਰ ਜਥੇਬੰਦੀਆਂ ਸ਼ੰਭੂ ਘਨੌਰੀ ਬਾਰਡਰ ’ਤੇ ਧਰਨੇ ਉੱਪਰ ਬੈਠੀਆਂ ਹੋਈਆਂ ਹਨ ਪਰ ਸਰਕਾਰ ਕਿਸਾਨਾਂ ਦੀ ਗੱਲ ਸੁਣਨ ਦੀ ਬਜਾਏ ਉਨ੍ਹਾਂ ਨੂੰ ਜ਼ਲੀਲ ਕਰ ਰਹੀ ਹੈ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਵੀ ਕਿਸਾਨਾਂ ਦੀ ਬਾਂਹ ਨਾ ਫੜਨ ਦੀ ਸਖ਼ਤ ਨਿੰਦਾ ਕੀਤੀ। ਉਨ੍ਹਾਂ ਨੇ ਕਿਹਾ ਕਿ ਪੰਜਾਬੀ ਬਾਹਰ ਬੈਠੇ ਵੀ ਪੰਜਾਬੀ ਕਿਸਾਨੀ ਸੰਘਰਸ਼ ਦੇ ਨਾਲ ਖੜ੍ਹੇ ਹਨ ਅਤੇ ਉਦੋਂ ਤੱਕ ਸਾਥ ਦਿੰਦੇ ਰਹਿਣਗੇ ਜਦੋਂ ਤੱਕ ਕਿਸਾਨਾਂ ਮਜ਼ਦੂਰਾਂ ਨੂੰ ਭਾਰਤ ਸਰਕਾਰ ਵੱਲੋਂ ਇਨਸਾਫ ਨਹੀਂ ਮਿਲਦਾ।
ਜਸਵਿੰਦਰ ਹੇਅਰ ਬਣੇ ਤਰਕਸ਼ੀਲ ਸੁਸਾਇਟੀ ਸਰੀ ਯੂਨਿਟ ਦੇ ਪ੍ਰਧਾਨ
ਸਰੀ: ਤਰਕਸ਼ੀਲ (ਰੈਸ਼ਨੇਲਿਸਟ) ਸੁਸਾਇਟੀ ਕੈਨੇਡਾ ਦੇ ਸਰੀ ਯੂਨਿਟ ਦੀ ਜਨਰਲ ਬਾਡੀ ਦੀ ਮੀਟਿੰਗ ਬੀਤੇ ਦਿਨ ਸੁਸਾਇਟੀ ਦੇ ਕੌਮੀ ਪ੍ਰਧਾਨ ਅਵਤਾਰ ਬਾਈ ਦੀ ਪ੍ਰਧਾਨਗੀ ਹੇਠ ਪ੍ਰੋਗਰੈਸਿਵ ਕਲਚਰਲ ਸੈਂਟਰ ਸਰੀ ਵਿਖੇ ਹੋਈ। ਇਸ ਵਿੱਚ ਕਈ ਨਵੇਂ ਮੈਂਬਰਾਂ ਸਮੇਤ ਕਰੀਬ ਦੋ ਦਰਜਨ ਮੈਂਬਰਾਂ ਨੇ ਹਿੱਸਾ ਲਿਆ।
ਮੀਟਿੰਗ ਦੀ ਸ਼ੁਰੂਆਤ ਅਵਤਾਰ ਬਾਈ ਦੇ ਸਵਾਗਤੀ ਸ਼ਬਦਾਂ ਨਾਲ ਹੋਈ। ਉਪਰੰਤ ਸਕੱਤਰ ਗੁਰਮੇਲ ਗਿੱਲ ਨੇ ਪਿਛਲੇ ਸੈਸ਼ਨ ਦੀਆਂ ਸਰਗਰਮੀਆਂ ਦੀ ਰਿਪੋਰਟ ਪੇਸ਼ ਕੀਤੀ ਜਿਸ ਨੂੰ ਕੁਝ ਸੋਧਾਂ ਸਮੇਤ ਸਰਬਸੰਮਤੀ ਨਾਲ ਪਾਸ ਕਰ ਲਿਆ ਗਿਆ। ਇਸ ਤੋਂ ਬਾਅਦ ਨਵੇਂ ਅਹੁਦੇਦਾਰਾਂ ਅਤੇ ਕਾਰਜਕਾਰੀ ਕਮੇਟੀ ਮੈਂਬਰਾਂ ਦੀ ਚੋਣ ਸਰਬਸੰਮਤੀ ਨਾਲ ਹੋਈ ਜਿਸ ਵਿੱਚ ਜਸਵਿੰਦਰ ਹੇਅਰ ਨੂੰ ਪ੍ਰਧਾਨ, ਅਨੁਜ ਸੂਦ ਨੂੰ ਮੀਤ ਪ੍ਰਧਾਨ, ਗੁਰਮੇਲ ਗਿੱਲ ਨੂੰ ਸਕੱਤਰ, ਨਿਰਮਲ ਕਿੰਗਰਾ ਨੂੰ ਸਹਾਇਕ ਸਕੱਤਰ, ਹਰਪਾਲ ਗਰੇਵਾਲ ਨੂੰ ਖਜ਼ਾਨਚੀ ਅਤੇ ਰਾਮਜੀਤ ਤਰਕ, ਇਕਬਾਲ ਬਰਾੜ, ਸੁੱਖੀ ਗਰਚਾ, ਠਾਣਾ ਸਿੰਘ ਤੇ ਪਰਮਜੀਤ ਸਿੱਧੂ ਨੂੰ ਕਾਰਜਕਾਰੀ ਕਮੇਟੀ ਦੇ ਮੈਂਬਰ ਚੁਣਿਆ ਗਿਆ।
ਇਸ ਉਪਰੰਤ 19 ਮਈ ਨੂੰ ਤਰਕਸ਼ੀਲ ਸੁਸਾਇਟੀ ਦੇ ਹੋ ਰਹੇ ਕੌਮੀ ਡੈਲੀਗੇਟ ਇਜਲਾਸ ਲਈ 6 ਡੈਲੀਗੇਟਾਂ ਦੀ ਚੋਣ ਵੀ ਸਰਬਸੰਮਤੀ ਨਾਲ ਹੋਈ। ਅੰਤ ਵਿੱਚ ਧੰਨਵਾਦੀ ਮਤਾ ਪੇਸ਼ ਕੀਤਾ ਗਿਆ ਅਤੇ ਸਾਰੇ ਮੈਂਬਰਾਂ ਵੱਲੋਂ ਅੰਧਵਿਸ਼ਵਾਸਾਂ ਦੇ ਹਨੇਰੇ ਨੂੰ ਦੂਰ ਕਰਨ ਲਈ ਨਿੱਠ ਕੇ ਕੰਮ ਕਰਨ ਦੇ ਅਹਿਦ ਕੀਤਾ ਗਿਆ।
ਸੰਪਰਕ: +1 604 308 6663