ਚਾਈਨਾ ਡੋਰ ਖ਼ਿਲਾਫ਼ ਚਲਾਈ ਵਿਸ਼ੇਸ਼ ਮੁਹਿੰਮ
ਪੱਤਰ ਪ੍ਰੇਰਕ
ਜਲੰਧਰ/ਜੰਡਿਆਲਾ ਮੰਜਕੀ, 1 ਫਰਵਰੀ
ਖੇਤਰੀ ਦਫ਼ਤਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਚਾਈਨਾ ਡੋਰ ਦੀ ਵਿਕਰੀ, ਵਰਤੋਂ ਅਤੇ ਭੰਡਾਰਨ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਚਲਾਈ ਗਈ, ਜਿਸ ਤਹਿਤ ਸ਼ਹਿਰ ਵਿੱਚ ਡੋਰ ਤੇ ਪਤੰਗ ਵੇਚਣ ਵਾਲੇ ਦੁਕਾਨਦਾਰਾਂ ਦੀਆਂ ਦੁਕਾਨਾਂ ਦੀ ਅਚਨਚੇਤ ਚੈਕਿੰਗ ਤੋਂ ਇਲਾਵਾ ਲੋਕਾਂ ਨੂੰ ਚਾਈਨਾ ਡੋਰ ਦੀ ਵਰਤੋਂ ਦੇ ਖਤਰਿਆਂ ਬਾਰੇ ਜਾਗੂਰਕ ਵੀ ਕੀਤਾ ਗਿਆ। ਪੀਪੀਸੀਬੀ ਜਲੰਧਰ ਦੇ ਐਕਸੀਅਨ ਇੰਜ. ਸੰਦੀਪ ਕੁਮਾਰ ਨੇ ਦੱਸਿਆ ਕਿ ਬਸੰਤ ਪੰਚਮੀ ਦੇ ਤਿਉਹਾਰ ਦੇ ਮੱਦੇਨਜ਼ਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜਲੰਧਰ ਵਿੱਚ ਪਾਬੰਦੀਸ਼ੁਦਾ ਚਾਈਨਾ ਡੋਰ ਦੀ ਵਿਕਰੀ, ਭੰਡਾਰਨ ਅਤੇ ਵਰਤੋਂ ਖ਼ਿਲਾਫ਼ ਚਲਾਈ ਗਈ। ਮੁਹਿੰਮ ਤਹਿਤ ਜਲੰਧਰ ਸ਼ਹਿਰ ਵਿੱਚ ਡੋਰ ਤੇ ਪਤੰਗ ਵੇਚਣ ਵਾਲੀਆਂ ਦੁਕਾਨਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਦੌਰਾਨ ਦੁਕਾਨਦਾਰ ਕੋਲੋਂ ਚਾਈਨਾ ਡੋਰ ਨਹੀਂ ਮਿਲੀ। ਉਨ੍ਹਾਂ ਅੱਗੇ ਦੱਸਿਆ ਕਿ ਲੋਕਾਂ ਨੂੰ ਪਾਬੰਦੀਸ਼ੁਦਾ ਚਾਈਨਾ ਡੋਰ ਦੇ ਖਤਰਿਆਂ ਤੋਂ ਜਾਣੂ ਕਰਵਾਉਣ ਲਈ ਦਫ਼ਤਰ ਵੱਲੋਂ ਪ੍ਰਮੁੱਖ ਅਖ਼ਬਾਰਾਂ ਦੇ ਵੈਂਡਰਾਂ ਜ਼ਰੀਏ ਸਵੇਰ ਸਮੇਂ ਪੈਂਫਲੇਟਾਂ ਦੀ ਵੰਡ ਕਰਨ ਤੋਂ ਇਲਾਵਾ ਜਲੰਧਰ ਸ਼ਹਿਰ, ਕਰਤਾਰਪੁਰ, ਭੋਗਪੁਰ ਅਤੇ ਆਦਮਪੁਰ ਵਿੱਚ ਅਹਿਮ ਥਾਵਾਂ ਨੇੜੇ ਪੈਂਫਲੇਟ ਚਿਪਕਾਏ ਗਏ।