ਪਟਿਆਲਾ ਜ਼ਿਲ੍ਹੇ ’ਚ ਵੋਟਰਾਂ ਦੀ ਸਹੂਲਤ ਲਈ ਵਿਸ਼ੇਸ਼ ਕੈਂਪ
ਸਰਬਜੀਤ ਸਿੰਘ ਭੰਗੂ
ਪਟਿਆਲਾ, 23 ਨਵੰਬਰ
ਜ਼ਿਲ੍ਹਾ ਚੋਣ ਅਫ਼ਸਰ -ਕਮ- ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੀ ਅਗਵਾਈ ਵਿੱਚ ਜ਼ਿਲ੍ਹਾ ਪਟਿਆਲਾ ਦੇ ਅੱਠ ਵਿਧਾਨ ਸਭਾ ਹਲਕਿਆਂ ਵਿੱਚ ਅੱਜ ਬੂਥ ਲੈਵਲ ਅਫ਼ਸਰਾਂ ਵੱਲੋਂ ਪੋਲਿੰਗ ਸਟੇਸ਼ਨਾਂ ’ਤੇ ਵਿਸ਼ੇਸ਼ ਕੈਂਪ ਲਗਾਏ ਗਏ। ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਸ਼ੈਡਿਊਲ ਅਨੁਸਾਰ ਯੋਗਤਾ 1 ਜਨਵਰੀ 2025 ਦੇ ਆਧਾਰ ’ਤੇ ਫੋਟੋ ਵੋਟਰ ਸੂਚੀਆਂ ਦੀ ਸੁਧਾਈ ਕਰਨ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਅਤੇ ਇਹ ਕੰਮ 28 ਨਵੰਬਰ ਦੌਰਾਨ ਕੀਤਾ ਜਾਣਾ ਹੈ।
ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਸ਼ੈਡਿਊਲ ਅਨੁਸਾਰ ਵਿਧਾਨ ਸਭਾ ਚੋਣ ਹਲਕਿਆਂ ਵਿੱਚ ਨਿਯੁਕਤ ਕੀਤੇ ਗਏ ਬੂਥ ਲੈਵਲ ਅਫ਼ਸਰਾਂ ਵੱਲੋਂ ਅੱਜ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਆਪਣੇ ਨਿਰਧਾਰਤ ਪੋਲਿੰਗ ਸਟੇਸ਼ਨ ’ਤੇ ਕੈਂਪ ਲਗਾਏ ਗਏ ਹਨ। ਇਹ ਕੈਂਪ ਐਤਵਾਰ ਹੋਣ ਦੇ ਬਾਵਜੂਦ 24 ਨਵੰਬਰ ਨੂੰ ਵੀ ਜਾਰੀ ਰਹਿਣਗੇੇ। ਇੱਕ ਜਨਵਰੀ 2025 ਨੂੰ 18 ਸਾਲ ਦੇ ਹੋਣ ਵਾਲੇ ਵਿਅਕਤੀ ਆਪਣਾ ਨਾਮ ਵੋਟਰ ਸੂਚੀ ਵਿੱਚ ਸ਼ਾਮਲ ਕਰਵਾਉਣ ਲਈ ਫਾਰਮ ਨੰਬਰ 6 ਭਰ ਕੇ ਵੋਟਰ ਵਜੋਂ ਰਜਿਸਟਰ ਹੋ ਸਕਦਾ ਹੈ। ਇਸ ਤੋਂ ਇਲਾਵਾ ਮੌਜੂਦਾ ਵੋਟਰ ਸੂਚੀਆਂ ਨੂੰ ਸ਼ੁੱਧ ਅਤੇ ਤਰੁੱਟੀ ਰਹਿਤ ਵੋਟਰ ਸੂਚੀਆਂ ਤਿਆਰ ਕਰਨ ਦੇ ਮੰਤਵ ਨੂੰ ਪੂਰਾ ਕਰਨ ਲਈ ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਦਾ ਕੰਮ ਵੀ ਕੀਤਾ ਜਾ ਰਿਹਾ ਹੈ। ਇਸ ਮੰਤਵ ਨੂੰ ਪੂਰਾ ਕਰਨ ਲਈ ਚੋਣ ਹਲਕੇ ਦੇ ਬੂਥ ਲੈਵਲ ਅਫ਼ਸਰਾਂ ਵੱਲੋਂ ਵੋਟਰਾਂ ਪਾਸੋਂ ਫਾਰਮ ਨੰਬਰ 6-ਬੀ ਭਰ ਕੇ ਪ੍ਰਾਪਤ ਕੀਤੇ ਜਾ ਰਹੇ ਹਨ।
ਨਗਰ ਪੰਚਾਇਤ ਭਾਦਸੋਂ ਲਈ ਵਿਸ਼ੇਸ਼ ਮੁਹਿੰਮ ਭਲਕ ਤੋਂ
ਪਟਿਆਲਾ ਦੇ ਏਡੀਸੀ (ਦਿਹਾਤੀ ਵਿਕਾਸ)-ਕਮ-ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ ਅਨੁਪ੍ਰਿਤਾ ਜੌਹਲ ਨੇ ਦੱਸਿਆ ਕਿ ਰਾਜ ਚੋਣ ਕਮਿਸ਼ਨ ਨੇ ਨਗਰ ਪੰਚਾਇਤ ਭਾਦਸੋਂ ਦੀਆਂ ਵੋਟਰ ਸੂਚੀਆਂ ਦੀ ਸੁਧਾਈ ਲਈ ਅੱਜ ਡਰਾਫਟ ਪ੍ਰਕਾਸ਼ਨਾ ਕਰਵਾ ਦਿੱਤੀ ਹੈ। ਇਸ ਸਬੰਧੀ ਦਾਅਵੇ ਤੇ ਇਤਰਾਜ 22 ਤੋਂ 28 ਨਵੰਬਰ ਤੱਕ ਲਏ ਜਾਣਗੇ। ਵੋਟਰ ਸੂਚੀਆਂ ਦੀ ਸੁਧਾਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਨਗਰ ਪੰਚਾਇਤ ਭਾਦਸੋਂ ਲਈ ਨਾਭਾ ਦੇ ਐੱਸਡੀਐੱਮ ਡਾ. ਇਸਮਤ ਵਿਜੇ ਸਿੰਘ ਨੂੰ ਈਆਰਓ ਅਤੇ ਨਾਭਾ ਦੇ ਤਹਿਸੀਲਦਾਰ ਸੁਖਵਿੰਦਰ ਸਿੰਘ ਟਿਵਾਣਾ ਨੂੰ ਏਈਆਰਓ ਤਾਇਨਾਤ ਕੀਤਾ ਗਿਆ ਹੈ। ਏਡੀਸੀ ਨੇ ਦੱਸਿਆ ਕਿ ਭਾਦਸੋਂ ਨਗਰ ਪੰਚਾਇਤ ਲਈ ਰਾਜ ਚੋਣ ਕਮਿਸ਼ਨ ਨੇ ਵੱਖਰਾ ਪ੍ਰੋਗਰਾਮ ਦਿੱਤਾ ਹੈ। ਇਸ ਲਈ ਇੱਥੇ 22 ਤੋਂ 28 ਨਵੰਬਰ ਤੱਕ ਦਾਅਵੇ ਤੇ ਇਤਰਾਜ ਦਿੱਤੇ ਜਾ ਸਕਣਗੇ ਜਿਨ੍ਹਾਂ ਦਾ ਨਿਬੇੜਾ 5 ਦਸੰਬਰ ਤੱਕ ਕੀਤਾ ਜਾਣਾ ਲਾਜ਼ਮੀ ਹੋਵੇਗਾ। ਇਸ ਉਪਰੰਤ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾਂ 7 ਦਸੰਬਰ ਨੂੰ ਹੋਵੇਗੀ।