ਪੰਜਾਬ ’ਚ ਖਣਿਜਾਂ ਦੀ ਖੋਜ ਵੱਲ ਖ਼ਾਸ ਧਿਆਨ ਦਿੱਤਾ ਜਾਵੇ: ਜੌੜਾਮਾਜਰਾ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 20 ਸਤੰਬਰ
ਖਣਨ ਅਤੇ ਭੂ-ਵਿਗਿਆਨ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਖਣਨ ਤੇ ਭੂ-ਵਿਗਿਆਨ ਦੇ ਖੇਤਰ ਵਿੱਚ ਕੰਮ ਕਰ ਰਹੀਆਂ ਸਰਕਾਰੀ ਤੇ ਪ੍ਰਾਈਵੇਟ ਕੰਪਨੀਆਂ ਨੂੰ ਸੱਦਾ ਦਿੱਤਾ ਕਿ ਸੂਬੇ ਵਿੱਚ ਰੇਤ, ਬਜਰੀ ਤੇ ਗਟਕਾ ਖਣਿਜਾਂ ਤੋਂ ਹਟ ਕੇ ਹੋਰਨਾਂ ਕੀਮਤੀ ਖਣਿਜ ਪਦਾਰਥਾਂ ਦੀ ਖੋਜ ਵੱਲ ਉਚੇਚਾ ਧਿਆਨ ਦਿੱਤਾ ਜਾਵੇ। ਪੰਜਾਬ ਸਰਕਾਰ ਦੇ ਭੂ-ਵਿਗਿਆਨੀਆਂ ਵੱਲੋਂ ਜੁਲਾਈ 2022 ਵਿੱਚ ਸੌਂਪੀ ਗਈ ਰਿਪੋਰਟ ਦਾ ਹਵਾਲਾ ਦਿੰਦਿਆਂ ਜੌੜਾਮਾਜਰਾ ਨੇ ਕਿਹਾ ਕਿ ਵਿਗਿਆਨੀਆਂ ਵੱਲੋਂ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਕਬਰਵਾਲਾ ਵਿੱਚ 6 ਮਿਲੀਅਨ ਟਨ ਪੋਟਾਸ਼ੀਅਮ ਦੀ ਖੋਜ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਪੋਟਾਸ਼ੀਅਮ ਦੀ ਜ਼ਿਆਦਾਤਰ ਵਰਤੋਂ ਖਾਦਾਂ ਲਈ ਹੁੰਦੀ ਹੈ ਅਤੇ ਦੇਸ਼ ਵਿੱਚ 99 ਫ਼ੀਸਦੀ ਪੋਟਾਸ਼ ਦੀ ਦਰਾਮਦਗੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਖੇਤਰ ਵਿੱਚ ਹੋਈਆਂ ਖੋਜਾਂ ਮੁਤਾਬਕ ਪੰਜਾਬ ਦੇਸ਼ ਦਾ ਚੌਥਾ ਅਜਿਹਾ ਸੂਬਾ ਹੈ, ਜਿੱਥੇ ਪੋਟਾਸ਼ੀਅਮ ਮਿਲਿਆ ਹੈ। ਕੈਬਨਿਟ ਮੰਤਰੀ ਨੇ ਖਣਨ ਅਤੇ ਭੂ-ਵਿਗਿਆਨ ਵਿਭਾਗ ਵੱਲੋਂ ਨੈਸ਼ਨਲ ਮਿਨਰਲ ਐਕਸਪਲੋਰੇਸ਼ਨ ਟਰੱਸਟ (ਐੱਨਐੱਮਈਟੀ) ਦੇ ਸਹਿਯੋਗ ਨਾਲ ‘ਖਣਿਜਾਂ ਦੀ ਖੋਜ’ ਵਿਸ਼ੇ ’ਤੇ ਇੱਥੇ ਕਰਵਾਈ ਗਈ ਵਰਕਸ਼ਾਪ ਵਿੱਚ ਹਾਲ ਹੀ ਵਿੱਚ ਕੀਤੀਆਂ ਖੋਜਾਂ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਖੇਤਰ ਵਿੱਚ ਹੋਰ ਖਣਿਜਾਂ ਦੀ ਪ੍ਰਾਪਤੀ ਸਬੰਧੀ ਸੰਭਾਵਨਾ ’ਤੇ ਜ਼ੋਰ ਦਿੱਤਾ। ਉਨ੍ਹਾਂ ਸਰਕਾਰੀ ਅਤੇ ਪ੍ਰਾਈਵੇਟ ਕੰਪਨੀਆਂ ਖੇਤਰ ਦੇ ਭੂ-ਵਿਗਿਆਨੀਆਂ ਨੂੰ ਕਿਹਾ ਕਿ ਉਹ ਕੀਮਤੀ ਖਣਿਜਾਂ ਦੀ ਖੋਜ ਵੱਲ ਉਚੇਚਾ ਧਿਆਨ ਦੇਣ।