ਸਪੀਕਰ ਤੇ ਡੀਸੀ ਵੱਲੋਂ ਓਵਰਲੋਡ ਸਕੂਲ ਵਾਹਨਾਂ ਦੀ ਜਾਂਚ
ਜਸਵੰਤ ਜੱਸ
ਫਰੀਦਕੋਟ, 20 ਦਸੰਬਰ
ਇਥੋਂ ਨੇੜਲੇ ਪਿੰਡ ਕਲੇਰ ਵਿੱਚ ਇਕ ਦਿਨ ਪਹਿਲਾਂ ਹਾਦਸੇ ਦਾ ਸ਼ਿਕਾਰ ਹੋਈ ਸਕੂਲ ਵੈਨ ਵਿੱਚ ਇੱਕ ਵਿਦਿਆਰਥਣ ਦੀ ਮੌਤ ਅਤੇ ਪੰਜ ਜਣਿਆਂ ਦੇ ਜ਼ਖਮੀ ਹੋਣ ਤੋਂ ਬਾਅਦ ਵੀ ਸਕੂਲ ਵੈਨਾਂ ਅਤੇ ਵਾਹਨਾਂ ਨੂੰ ਚਲਾਉਣ ਵਿੱਚ ਕੋਈ ਸੁਧਾਰ ਨਹੀਂ ਹੋਇਆ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਵਨੀਤ ਕੁਮਾਰ ਨੇ ਅੱਜ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ‘ਤੇ ਓਵਰਲੋਡ ਸਕੂਲ ਵਾਹਨਾਂ ਦੀ ਜਾਂਚ ਕੀਤੀ ਅਤੇ ਤੁਰੰਤ ਆਰਟੀਏ ਨੂੰ ਆਦੇਸ਼ ਦਿੱਤੇ ਕਿ ਅਜਿਹੇ ਵਾਹਨਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਫਰੀਦਕੋਟ ਸ਼ਹਿਰ ਵਿੱਚ ਹਰ ਰੋਜ਼ ਲਗਪਗ 15,000 ਵਿਦਿਆਰਥੀ ਵੱਖ-ਵੱਖ ਵਾਹਨਾਂ ਰਾਹੀਂ ਪੜ੍ਹਨ ਆਉਂਦੇ ਹਨ ਅਤੇ ਲਗਭਗ 90 ਫੀਸਦੀ ਵਾਹਨ ਖਸਤਾ ਹਾਲ ਹਨ ਅਤੇ ਇਨ੍ਹਾਂ ਉੱਪਰ ਸਮਰੱਥਾ ਤੋਂ ਵੱਧ ਵਿਦਿਆਰਥੀ ਬਿਠਾਏ ਜਾਂਦੇ ਹਨ ਅਤੇ ਸੁਰੱਖਿਆ ਲਈ ਵਾਹਨਾਂ ਵਿੱਚ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਇਥੋਂ ਤੱਕ ਕਿ ਬਹੁਤੇ ਵਾਹਨਾਂ ਦੇ ਦਸਤਾਵੇਜ਼ ਵੀ ਅਧੂਰੇ ਪਾਏ ਗਏ ਅਤੇ ਇਹ ਵਾਹਨ ਆਪਣੀ ਉਮਰ ਵੀ ਲੰਘਾ ਚੁੱਕੇ ਹਨ। ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸ਼ਹਿਰ ਵਿੱਚ ਸਕੂਲ ਵਾਹਨਾਂ ਦੇ ਪ੍ਰਬੰਧ ਤਸੱਲੀ ਬਖਸ਼ ਨਹੀਂ ਸਨ। ਇਸ ਲਈ ਪ੍ਰਸ਼ਾਸਨ ਨੂੰ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਦੇ ਆਦੇਸ਼ ਦਿੱਤੇ ਗਏ ਹਨ।