ਐੱਸਪੀ ਵਿਰਕ ਦਾ ਲਖਮੜੀ ਪੁੱਜਣ ’ਤੇ ਪਿੰਡ ਵਾਸੀਆਂ ਵੱਲੋਂ ਸਨਮਾਨ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 29 ਜਨਵਰੀ
ਇਥੋਂ ਦੇ ਨੇੜਲੇ ਪਿੰਡ ਲਖਮੜੀ ਵਾਸੀ ਨਵਰੀਤ ਸਿੰਘ ਵਿਰਕ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੇ ਐੱਸਪੀ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਪੰਜਾਬ ਸਰਕਾਰ ਵੱਲੋਂ ਗਣਤੰਤਰ ਦਿਵਸ ਮੌਕੇ ਮੁੱਖ ਮੰਤਰੀ ਪੁਲੀਸ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦਾ ਅੱਜ ਆਪਣੇ ਜੱਦੀ ਪਿੰਡ ਲਖਮੜੀ ਪੁੱਜਣ ’ਤੇ ਪੰਚਾਇਤ ਤੇ ਲੋਕਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਉਨ੍ਹਾਂ ਪਿੰਡ ਪਹੁੰਚ ਕੇ ਗੁਰਦੁਆਰੇ ਵਿੱਚ ਮੱਥਾ ਟੇਕਿਆ ਤੇ ਅਰਦਾਸ ਕੀਤੀ। ਪੰਜਾਬ ਪੁਲੀਸ ਵਿਚ ਇਮਾਨਦਾਰੀ ਨਾਲ ਸੇਵਾ ਕਰਨ ਤੇ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਬਦਲੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਗਣਤੰਤਰ ਦਿਵਸ ਮੌਕੇ ਉਨ੍ਹਾਂ ਦਾ ਮੁੱਖ ਮੰਤਰੀ ਮੈਡਲ ਨਾਲ ਸਨਮਾਨ ਕੀਤਾ। ਇਸ ਤੋਂ ਪਹਿਲਾਂ ਵੀ ਨਵਰੀਤ ਸਿੰਘ ਵਿਰਕ ਨੂੰ ਡੀਜੀਪੀ ਪੰਜਾਬ ਵੱਲੋਂ ਚਾਰ ਵਾਰ ਡੀਆਈਜੀ ਡਿਸਕ ਮੈਡਲ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਨਵਰੀਤ ਸਿੰਘ ਵਿਰਕ ਦੇ ਪਿਤਾ ਸ਼ਮਸ਼ੇਰ ਜੀਤ ਸਿੰਘ ਵਿਰਕ ਤੇ ਦਾਦਾ ਫਕੀਰ ਸਿੰਘ ਵਿਰਕ ਨੇ ਦੱਸਿਆ ਕਿ ਜਦੋਂ ਨਵਰੀਤ ਸਿੰਘ ਦੀ ਮੁੱਖ ਮੰਤਰੀ ਪੁਲੀਸ ਮੈਡਲ ਲਈ ਚੋਣ ਹੋਈ ਤਾਂ ਪੰਜਾਬ ਤੇ ਪਿੰਡ ਵਿੱਚ ਵੀ ਜਸ਼ਨ ਦਾ ਮਾਹੌਲ ਸੀ। ਅੱਜ ਉਨ੍ਹਾਂ ਦੇ ਪਿੰਡ ਪੁੱਜਣ ’ਤੇ ਪੰਚਾਇਤ ਤੇ ਲੋਕਾਂ ਵਲੋਂ ਢੋਲ ਵਜਾ ਕੇ ਸਵਾਗਤ ਕੀਤਾ ਗਿਆ। ਇਸ ਮੌਕੇ ਸਰਪੰਚ ਸਤਪਾਲ ਸਿੰਘ, ਸ਼ਿਵ ਕੁਮਾਰ ਸੈਣੀ, ਪ੍ਰਭਜੋਤ ਸਿੰਘ ਵਿਰਕ, ਜਸਵਿੰਦਰ ਸ਼ਿੰਘ ਢਿੱਲੋਂ, ਗਗਨਦੀਪ ਸਿੰਘ ਵਿਰਕ, ਬਲਬੀਰ ਸਿੰਘ, ਸੁਖਬੀਰ ਚਾਹਲ, ਸਤੀਸ਼ ਕੁਮਾਰ, ਨਾਇਬ ਸਿੰਘ, ਰੁਪਿੰਦਰ ਸਿੰਘ,ਜੱਗਾ ਸਿੰਘ,ਵਿਸ਼ਾਲ ਕੁਮਾਰ, ਗੁਰਮੀਤ ਸਿੰਘ ਹਾਜ਼ਰ ਸਨ।