ਦੰਗਾਕਾਰੀਆਂ ਤੇ ਅਪਰਾਧੀਆਂ ਨੂੰ ਜਨਮ ਦੇਣ ਵਾਲੀ ਪਾਰਟੀ ਹੈ ਐੱਸਪੀ: ਯੋਗੀ ਆਦਿੱਤਿਆਨਾਥ
ਲਖਨਊ, 10 ਨਵੰਬਰ
SP a production house of rioters, criminals, Akhilesh the CEO: Yogi Adityanath: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅੱਜ ਸਮਾਜਵਾਦੀ ਪਾਰਟੀ (ਐੱਸਪੀ) ਤੇ ਕਾਂਗਰਸ ’ਤੇ ਨਿਸ਼ਾਨੇ ਸੇਧਦਿਆਂ ਸਮਾਜਵਾਦੀ ਪਾਰਟੀ ਨੂੰ ਦੰਗਾਕਾਰੀਆਂ ਤੇ ਅਪਰਾਧੀਆਂ ਨੂੰ ਜਨਮ ਦੇਣ ਵਾਲੀ ਪਾਰਟੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਗੈਂਗਸਟਰਾਂ ਦੀ ਇਸ ਪਾਰਟੀ ਦੇ ਕਰਤਾ ਧਰਤਾ ਅਖਿਲੇਸ਼ ਯਾਦਵ ਹਨ ਜਦਕਿ ਇਨ੍ਹਾਂ ਨੂੰ ਸਿਖਲਾਈ ਦੇਣ ਵਾਲੇ ਸ਼ਿਵਪਾਲ ਯਾਦਵ ਹਨ। ਉਨ੍ਹਾਂ ਕਿਹਾ ਕਿ ਇਸ ਪਾਰਟੀ ਵਿੱਚ ਸਾਰੇ ਅਪਰਾਧੀ ‘ਕਾਰੋਬਾਰੀ ਭਾਈਵਾਲ’ ਹਨ। ਇਹ ਵੀ ਦੱਸਣਾ ਬਣਦਾ ਹੈ ਕਿ ‘ਪੀਡੀਏ’ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸਪਾ ਮੁਖੀ ਅਖਿਲੇਸ਼ ਯਾਦਵ ਵੱਲੋਂ ਪੀ- ਪੱਛੜੇ, ਡੀ -ਦਲਿਤਾਂ ਅਤੇ ਏ- ਅਲਪਸੰਖਿਅਕ (ਘੱਟ ਗਿਣਤੀਆਂ) ਲਈ ਤਿਆਰ ਕੀਤਾ ਗਿਆ ਸੰਖੇਪ ਸ਼ਬਦ ਸੀ।
ਦੂਜੇ ਪਾਸੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਕਿਸਾਨਾਂ ਨੂੰ ਖਾਦ ਦੀ ਸਪਲਾਈ ਨਾ ਹੋਣ ’ਤੇ ਸਰਕਾਰ ਤੋਂ ਜਵਾਬ ਮੰਗਿਆ ਹੈ।
ਇਸ ਤੋਂ ਪਹਿਲਾਂ 20 ਨਵੰਬਰ ਨੂੰ ਹੋਣ ਵਾਲੀਆਂ ਉਪ ਚੋਣਾਂ ਲਈ ਕਟੇਹਾਰੀ (ਅੰਬੇਦਕਰ ਨਗਰ) ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਯੋਗੀ ਆਦਿੱਤਿਆਨਾਥ ਨੇ ਕਿਹਾ, ‘ਸਪਾ ਪੀਡੀਏ ਦੀ ਗੱਲ ਕਰਦੀ ਹੈ...ਪਰ ਤੁਹਾਨੂੰ ਦੱਸਾਂ ਕਿ ਉਨ੍ਹਾਂ ਦਾ ਪੀਡੀਏ ਕੀ ਹੈ? ਇਹ ਦੰਗਾਕਾਰੀਆਂ ਅਤੇ ਅਪਰਾਧੀਆਂ ਦਾ ਪ੍ਰੋਡਕਸ਼ਨ ਹਾਊਸ ਹੈ। ਮੈਂ ਇਸ ਦੀ ਨਵੀਂ ਪਰਿਭਾਸ਼ਾ ਦੇ ਰਿਹਾ ਹਾਂ ... ਕਿਸੇ ਵੀ ਵੱਡੇ ਅਪਰਾਧੀ, ਮਾਫੀਆ ਜਾਂ ਦੰਗਾਕਾਰੀਆਂ ਨੂੰ ਯਾਦ ਕਰੋ ... ਉਹ ਸਪਾ ਨਾਲ ਸਬੰਧਤ ਹਨ, ਹਰ ਖੌਫਨਾਕ ਅਪਰਾਧੀ ਤੇ ਹਰ ਖੌਫਨਾਕ ਮਾਫੀਆ ਇੱਥੇ ਪੈਦਾ ਹੁੰਦਾ ਹੈ, ਇਸ ਦਾ ਸੀਈਓ ਅਖਿਲੇਸ਼ ਯਾਦਵ ਤੇ ਟਰੇਨਰ ਸ਼ਿਵਪਾਲ ਯਾਦਵ ਹਨ।’ ਉਨ੍ਹਾਂ ਦੋਸ਼ ਲਾਇਆ ਕਿ ਸਮਾਜਵਾਦੀ ਪਾਰਟੀ ਦੇ ਰਾਜ ਵਿਚ ਔਰਤਾਂ ਵਿਚ ਡਰ ਦੇਖਿਆ ਗਿਆ ਸੀ। ਉਨ੍ਹਾਂ ਕਾਵਿ ਟਿੱਪਣੀ ਕਰਦਿਆਂ ਕਿਹਾ, ‘ਦੇਖ ਸਪਾ ਈ ਬਿਟਿਆ ਘਬਰਾਈ’।
ਮੁੱਖ ਮੰਤਰੀ ਆਦਿੱਤਿਆਨਾਥ ਨੇ ਇਹ ਵੀ ਦੋਸ਼ ਲਾਇਆ ਕਿ ਸਮਾਜਵਾਦੀ ਪਾਰਟੀ ਨੇ ਅਯੁੱਧਿਆ ਜਬਰ ਜਨਾਹ ਮਾਮਲੇ ਦੇ ਦੋਸ਼ੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਮਾਫੀਆ ਅਤੀਕ ਅਹਿਮਦ ਅਤੇ ਖਾਨ ਮੁਬਾਰਕ ਵੀ ਇਸ ਪਾਰਟੀ ਦੇ ਸਨ ਜਿਨ੍ਹਾਂ ਨੂੰ ਡਬਲ ਇੰਜਣ ਨੇ ਕਾਰੋਬਾਰ ਤੋਂ ਬਾਹਰ ਕਰ ਦਿੱਤਾ ਸੀ। ਪੀਟੀਆਈ