ਭੱਠੀ ’ਚ ਨਸ਼ੀਲੇ ਪਦਾਰਥ ਨਸ਼ਟ ਕਰਦਿਆਂ ਐੱਸਪੀ ਤੇ ਡੀਐੱਸਪੀ ਜ਼ਖ਼ਮੀ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 23 ਜਨਵਰੀ
ਇਥੇ ਖੰਨਾ ਪੇਪਰ ਮਿੱਲ ਵਿੱਚ ਅੱਜ ਨਸ਼ੀਲੇ ਪਦਾਰਥਾਂ ਨੂੰ ਭੱਠੀ ਵਿੱਚ ਨਸ਼ਟ ਕਰਦਿਆਂ ਖੰਨਾ ਪੁਲੀਸ ਦੇ ਦੋ ਅਧਿਕਾਰੀ ਜ਼ਖ਼ਮੀ ਹੋ ਗਏ। ਜ਼ਖਮੀ ਅਧਿਕਾਰੀਆਂ ਦੀ ਪਛਾਣ ਐੱਸਪੀ ਤਰੁਣ ਰਤਨ ਅਤੇ ਡੀਐੱਸਪੀ ਸੁੱਖ ਅੰਮ੍ਰਿਤ ਸਿੰਘ ਵਜੋਂ ਦੱਸੀ ਗਈ ਹੈ। ਪੁਲੀਸ ਦੀ ਇਹ ਟੀਮ ਐੱਸਐੱਸਪੀ ਅਸ਼ਵਨੀ ਗੋਟਿਆਲ ਦੀ ਅਗਵਾਈ ਹੇਠ ਖੰਨਾ ਪੁਲੀਸ ਵੱਲੋਂ ਵੱਖ-ਵੱਖ ਕੇਸਾਂ ਵਿੱਚ ਬਰਾਮਦ ਕੀਤੇ ਗਏ ਨਸ਼ੀਲੇ ਪਦਾਰਥ ਨਸ਼ਟ ਕਰਨ ਪੁੱਜੀ ਸੀ। ਮਿਲੇ ਵੇਰਵਿਆਂ ਮੁਤਾਬਕ ਪੁਲੀਸ ਅਧਿਕਾਰੀ ਜਦੋਂ ਅੱਗ ਦੀ ਭੱਠੀ ਵਿੱਚ ਇਹ ਨਸ਼ੀਲੇ ਪਦਾਰਥ ਸੁੱਟ ਰਹੇ ਸਨ ਤਾਂ ਦੋ ਅਧਿਕਾਰੀ ਅਚਾਨਕ ਭੱਠੀ ’ਚੋਂ ਨਿਕਲੀਆਂ ਲਾਟਾਂ ਦੇ ਲਪੇਟ ਵਿੱਚ ਆ ਗਏ। ਇਨ੍ਹਾਂ ਨੂੰ ਜ਼ਖ਼ਮੀ ਹਾਲਤ ਵਿੱਚ ਸਥਾਨਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਐੱਸਐੱਸਪੀ ਦੇ ਹੱਥ ’ਤੇ ਵੀ ਹਲਕੀ ਸੱਟ ਲੱਗੀ ਹੈ।
ਸ਼ਾਮ ਵੇਲੇ ਡੀਐੱਸਪੀ ਸੁੱਖ ਅੰਮ੍ਰਿਤ ਸਿੰਘ ਨੂੰ ਹਸਪਤਾਲ ’ਚੋਂ ਛੁੱਟੀ ਦੇ ਦਿੱਤੀ ਗਈ, ਜਦਕਿ ਦੂਜੇ ਪੁਲੀਸ ਅਧਿਕਾਰੀ ਦਾ ਇਲਾਜ ਚੱਲ ਰਿਹਾ ਹੈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲੀਸ ਦੇ ਸੀਨੀਅਰ ਅਧਿਕਾਰੀ ਵੀ ਇਨ੍ਹਾਂ ਜ਼ਖ਼ਮੀ ਪੁਲੀਸ ਅਧਿਕਾਰੀਆਂ ਦਾ ਪਤਾ ਲੈਣ ਹਸਪਤਾਲ ਪੁੱਜੇ ਸਨ। ਜ਼ਿਕਰਯੋਗ ਹੈ ਕਿ ਖੰਨਾ ਪੇਪਰ ਮਿੱਲ ਵਿੱਚ ਪਹਿਲਾਂ ਵੀ ਵੱਖ-ਵੱਖ ਜ਼ਿਲ੍ਹਿਆਂ ਦੀ ਪੁਲੀਸ ਵੱਲੋਂ ਵੱਖ-ਵੱਖ ਕੇਸਾਂ ਵਿੱਚ ਬਰਾਮਦ ਕੀਤੇ ਗਏ ਨਸ਼ੀਲੇ ਪਦਾਰਥ ਇੱਥੇ ਲਿਆ ਕੇ ਨਸ਼ਟ ਕੀਤੇ ਜਾਂਦੇ ਹਨ। ਨਸ਼ੀਲੇ ਪਦਾਰਥ ਨਸ਼ਟ ਕਰਨ ਸਮੇਂ ਅਜਿਹਾ ਹਾਦਸਾ ਪਹਿਲੀ ਵਾਰ ਵਾਪਰਿਆ ਹੈ।