For the best experience, open
https://m.punjabitribuneonline.com
on your mobile browser.
Advertisement

ਨਰਮੇ ਅਤੇ ਕਪਾਹ ਦੀ ਬਿਜਾਈ ਦਾ ਸਮਾਂ

07:53 AM May 04, 2024 IST
ਨਰਮੇ ਅਤੇ ਕਪਾਹ ਦੀ ਬਿਜਾਈ ਦਾ ਸਮਾਂ
Advertisement

ਡਾ. ਰਣਜੀਤ ਸਿੰਘ

Advertisement

ਰਕਬੇ ਦੇ ਹਿਸਾਬ ਨਾਲ ਕਣਕ ਝੋਨੇ ਪਿਛੋਂ ਨਰਮੇ ਦਾ ਤੀਜਾ ਸਥਾਨ ਹੈ। ਪਿਛਲੇ ਸਾਲ ਇਸ ਦੀ ਕਾਸ਼ਤ ਕਰੀਬ 2.50 ਲੱਖ ਹੈਕਟੇਅਰ ਵਿਚ ਕੀਤੀ ਗਈ ਸੀ। ਕਣਕ ਵੱਢ ਕੇ ਨਰਮੇ ਦੀ ਬਿਜਾਈ ਸ਼ੁਰੂ ਹੋ ਜਾਂਦੀ ਹੈ। ਕਣਕ ਦੀ ਵਾਢੀ ਪਿੱਛੋਂ ਖੇਤ ਨੂੰ ਭਰਵੀਂ ਰੌਣੀ ਦੇ ਕੇ ਤਿਆਰ ਕਰੋ। ਅਮਰੀਕਨ ਕਪਾਹ ਜਿਸ ਨੂੰ ਨਰਮਾ ਆਖਦੇ ਹਾਂ, ਇਸ ਦੀ ਕਾਸ਼ਤ ਪੱਛਮੀ ਜ਼ਿਲ੍ਹਿਆਂ ਵਿੱਚ ਹੁੰਦੀ ਹੈ ਜਦੋਂਕਿ ਕਪਾਹ ਤਾਂ ਥੋੜ੍ਹੀ ਬਹੁਤ ਸਾਰੇ ਪੰਜਾਬ ਵਿਚ ਹੀ ਬੀਜੀ ਜਾਂਦੀ ਹੈ। ਅਮਰੀਕਨ ਸੁੰਡੀ ਦੇ ਹਮਲੇ ਤੋਂ ਡਰਦੇ ਹੁਣ ਬਹੁਤੇ ਕਿਸਾਨ ਬੀਟੀ ਨਰਮੇ ਦੀਆਂ ਕਿਸਮਾਂ ਹੀ ਬੀਜਦੇ ਹਨ। ਇਹ ਬੀਜ ਹਰ ਸਾਲ ਨਵਾਂ ਲੈਣਾ ਪੈਂਦਾ ਹੈ। ਬੀਜ ਹਮੇਸ਼ਾਂ ਭਰੋਸੇਯੋਗ ਵਸੀਲੇ ਤੋਂ ਪ੍ਰਾਪਤ ਕਰੋ ਤਾਂ ਜੋ ਨਕਲੀ ਬੀਜ ਦੀ ਮਾਰ ਤੋਂ ਬਚਿਆ ਜਾ ਸਕੇ। ਹਮੇਸ਼ਾਂ ਪੰਜਾਬ ਵਿੱਚ ਕਾਸ਼ਤ ਲਈ ਸਿਫ਼ਾਰਸ਼ ਕੀਤੀਆਂ ਕਿਸਮਾਂ ਦੀ ਹੀ ਕਾਸ਼ਤ ਕਰੋ। ਇਹ ਜਾਣ ਕੇ ਖ਼ੁਸ਼ੀ ਹੋਵੇਗੀ ਕਿ ਤੁਹਾਡੀ ਆਪਣੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀਏਯੂ) ਨੇ ਬੀਟੀ ਨਰਮੇ ਦੀਆਂ ਕਿਸਮਾਂ ਤਿਆਰ ਕਰ ਲਈਆਂ ਹਨ। ਪੀ ਏ ਯੂ ਬੀਟੀ-2, ਪੀ ਏ ਯੂ ਬੀਟੀ-3 ਕਿਸਮਾਂ ਕਾਸ਼ਤ ਲਈ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਕੁਝ ਹੋਰ ਬੀਟੀ ਕਿਸਮਾਂ ਦੀ ਸਿਫ਼ਾਰਸ਼ ਵੀ ਕੀਤੀ ਜਾ ਰਹੀ ਹੈ। ਇਨ੍ਹਾਂ ਦਾ ਪ੍ਰਤੀ ਏਕੜ ਕੇਵਲ 900 ਗ੍ਰਾਮ ਬੀਜ ਚਾਹੀਦਾ ਹੈ। ਪਰ ਪੀਏਯੂ ਬੀਟੀ ਦਾ ਚਾਰ ਕਿਲੋ ਪ੍ਰਤੀ ਏਕੜ ਚਾਹੀਦਾ ਹੈ। ਇਨ੍ਹਾਂ ਤੋਂ ਬਗੈਰ ਐਫ਼ 2228, ਐਲ ਐਚ 2108 ਕਿਸਮਾਂ ਦੀ ਵੀ ਸਿਫ਼ਾਰਸ਼ ਕੀਤੀ ਗਈ ਹੈ। ਇਨ੍ਹਾਂ ਕਿਸਮਾਂ ਪ੍ਰਤੀ ਏਕੜ 3.5 ਕਿਲੋ ਬੀਜ ਚਾਹੀਦਾ ਹੈ।
ਨਰਮੇ ਉਤੇ ਕੀੜੇ ਅਤੇ ਬਿਮਾਰੀਆਂ ਦਾ ਹਮਲਾ ਵਧੇਰੇ ਹੁੰਦਾ ਹੈ। ਇਸ ਕਰ ਕੇ ਖੇਤ ਵਿਚ ਗੇੜਾ ਮਾਰਦੇ ਰਹਿਣਾ ਚਾਹੀਦਾ ਹੈ। ਜਦੋਂ ਕਿਸੇ ਕੀੜੇ ਜਾਂ ਬਿਮਾਰੀ ਦਾ ਹਮਲਾ ਨਜ਼ਰ ਆਵੇ ਤਾਂ ਤੁਰੰਤ ਮਾਹਿਰਾਂ ਨਾਲ ਸੰਪਰਕ ਕਰੋ। ਉਨ੍ਹਾਂ ਵੱਲੋਂ ਸਿਫ਼ਾਰਸ਼ ਕੀਤੀ ਜ਼ਹਿਰ ਅਤੇ ਛਿੜਕਾਅ ਦੇ ਢੰਗ-ਤਰੀਕੇ ਅਨੁਸਾਰ ਹੀ ਛਿੜਕਾਅ ਕੀਤਾ ਜਾਵੇ।
ਦੇਸੀ ਕਪਾਹ ਦੀ ਕਾਸ਼ਤ ਦਾ ਵੀ ਹੁਣ ਸਮਾਂ ਹੈ। ਘਰ ਦੀ ਵਰਤੋਂ ਲਈ ਇਸ ਨੂੰ ਵਧੇਰੇ ਪਸੰਦ ਕੀਤਾ ਜਾਂਦਾ ਹੈ। ਇਸ ਉੱਤੇ ਕੀੜਿਆਂ ਦਾ ਹਮਲਾ ਵੀ ਘੱਟ ਹੁੰਦਾ ਹੈ। ਐਫ ਡੀ ਕੇ 124, ਐਲ ਡੀ 1019, ਐਲ ਡੀ 949 ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ। ਇਨ੍ਹਾਂ ਦਾ ਤਿੰਨ ਕਿਲੋ ਬੀਜ ਪ੍ਰਤੀ ਏਕੜ ਪਾਇਆ ਜਾਂਦਾ ਹੈ। ਨਰਮੇ ਅਤੇ ਕਪਾਹ ਦੀ ਬਿਜਾਈ 15 ਮਈ ਤਕ ਪੂਰੀ ਕਰ ਲੈਣੀ ਚਾਹੀਦੀ ਹੈ। ਬਿਜਾਈ ਕਰਦੇ ਸਮੇਂ ਕਤਾਰਾਂ ਵਿਚਕਾਰ 67.7 ਸੈਂਟੀਮੀਟਰ ਫ਼ਾਸਲਾ ਰੱਖਿਆ ਜਾਵੇ। ਬਿਜਾਈ ਸਮੇਂ 27 ਕਿਲੋ ਡੀ ਏ ਪੀ ਜਾਂ 75 ਕਿਲੋ ਸਿੰਗਲ ਸੁਪਰਫਾਸਫੇਟ ਪ੍ਰਤੀ ਏਕੜ ਪਾਵੋ। ਆਮ ਕਿਸਮਾਂ ਲਈ 65 ਕਿਲੋ ਯੂਰੀਆ ਅਤੇ ਬੀਟੀ ਕਿਸਮਾਂ ਲਈ 90 ਕਿਲੋ ਯੂਰੀਆ ਪ੍ਰਤੀ ਏਕੜ ਦੀ ਸਿਫ਼ਾਰਸ਼ ਕੀਤੀ ਗਈ ਹੈ। ਅੱਧਾ ਯੂਰੀਆ ਬੂਟੇ ਵਿਰਲੇ ਕਰਮ ਸਮੇਂ ਅਤੇ ਬਾਕੀ ਦਾ ਹਿੱਸਾ ਫੁੱਲ ਖਿੜਨ ਸਮੇਂ ਪਾਵੋ। ਸਿਫ਼ਾਰਸ਼ ਤੋਂ ਵੱਧ ਨਾਈਟ੍ਰੋਜਨ ਵਾਲੀ ਖਾਦ ਨਹੀਂ ਪਾਉਣੀ ਚਾਹੀਦੀ ਹੈ। ਨਦੀਨਾਂ ਦੀ ਰੋਕਥਾਮ ਲਈ ਲੋੜ ਅਨੁਸਾਰ ਦੋ ਜਾਂ ਤਿੰਨ ਗੋਡੀਆਂ ਕਰੋ। ਬਾਗਾਂ ਦੇ ਅੰਦਰ ਜਾਂ ਨੇੜੇ ਨਰਮੇ ਦੀ ਬਿਜਾਈ ਨਹੀਂ ਕਰਨੀ ਚਾਹੀਦੀ।
ਨਰਮੇ ਉੱਤੇ ਕੀੜਿਆਂ ਅਤੇ ਬਿਮਾਰੀਆਂ ਦਾ ਵਧੇਰੇ ਹਮਲਾ ਹੁੰਦਾ ਹੈ। ਜੇ ਕੁਝ ਸਾਵਧਾਨੀਆਂ ਵਰਤੀਆਂ ਜਾਣ ਤਾਂ ਇਨ੍ਹਾਂ ਹਮਲਿਆਂ ਨੂੰ ਘੱਟ ਕੀਤਾ ਜਾ ਸਕਦਾ ਹੈ। ਪੀਏਯੂ ਵੱਲੋਂ ਇਸ ਸਬੰਧੀ ਕੁਝ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
* ਸਿਫ਼ਾਰਸ਼ ਕੀਤੀਆਂ ਬੀਟੀ ਨਰਮੇ ਦੀਆਂ ਕਿਸਮਾਂ ਦੀ ਹੀ ਬਿਜਾਈ ਕਰੋ।
* ਦੇਸੀ ਕਪਾਹ ਉੱਪਰ ਪੱਤਾ ਮਰੋੜ ਬਿਮਾਰੀ ਦਾ ਹਮਲਾ ਨਹੀਂ ਹੁੰਦਾ ਅਤੇ ਰਸ ਚੂਸਣ ਵਾਲੇ ਕੀੜੇ ਜਿਵੇਂ ਕਿ ਹਰਾ ਤੇਲਾ ਅਤੇ ਚਿੱਟੀ ਮੱਖੀ ਦਾ ਹਮਲਾ ਵੀ ਘੱਟ ਹੁੰਦਾ ਹੈ।
* ਨਰਮੇ ਵਾਲੇ ਖੇਤ ਨੂੰ ਡੂੰਘਾ ਵਾਹੁਣਾ ਅਤੇ ਬਿਜਾਈ ਤੋਂ ਪਹਿਲਾਂ ਭਰਵੀਂ ਰੌਣੀ ਕਰਨੀ ਜ਼ਰੂਰੀ ਹੈ।
* ਬੀਟੀ ਨਰਮੇ ਦਾ ਬੀਜ ਭਰੋਸੇਯੋਗ ਵਸੀਲਿਆਂ ਤੋਂ ਖ਼ਰੀਦੋ ਅਤੇ ਨਾਲ ਪੱਕਾ ਬਿੱਲ ਲਵੋ ਜਿਸ ਉੱਪਰ ਬੀਜ ਦਾ ਲਾਟ ਨੰਬਰ ਜ਼ਰੂਰ ਹੋਵੇ। ਬਿਜਾਈ ਤੋਂ ਬਾਅਦ ਪੱਕਾ ਬਿੱਲ ਅਤੇ ਬੀਜ ਦੀ ਖਾਲੀ ਥੈਲੀ ਸੰਭਾਲ ਕੇ ਰੱਖੋ।
* ਬਿਜਾਈ ਹਰ ਹਾਲਤ ਵਿੱਚ 15 ਮਈ ਤੋਂ ਪਹਿਲਾਂ ਕਰੋ।
* ਨਾਈਟ੍ਰੋਜਨ ਖਾਦ ਸਿਫ਼ਾਰਸ਼ ਕੀਤੀ ਮਾਤਰਾ ਤੋਂ ਵੱਧ ਨਾ ਪਾਓ ਕਿਉਂਕਿ ਜ਼ਿਆਦਾ ਖਾਦ ਪਾਉਣ ਨਾਲ ਰਸ ਚੂਸਣ ਵਾਲੇ ਕੀੜਿਆਂ ਵਿਚ ਵਾਧਾ ਹੁੰਦਾ ਹੈ।
* ਜ਼ਮੀਨ ਦੀ ਕਿਸਮ ਅਨੁਸਾਰ ਨਰਮੇ ਨੂੰ ਪਹਿਲਾ ਪਾਣੀ 4-6 ਹਫ਼ਤੇ ਮਗਰੋਂ ਲਾਓ। ਨਰਮੇ ਨੂੰ ਆਖ਼ਰੀ ਪਾਣੀ ਸਤੰਬਰ ਦੇ ਅਖ਼ੀਰ ਵਿੱਚ ਲਾਓ।
* ਕੀੜਿਆਂ ਦੀ ਰੋਕਥਾਮ ਲਈ ਸਿਫ਼ਾਰਸ਼ ਕੀਤੀਆਂ ਗਈਆਂ ਕੀਟਨਾਸ਼ਕਾਂ ਦਾ ਛਿੜਕਾਅ 125-150 ਲਿਟਰ ਪਾਣੀ ਪ੍ਰਤੀ ਏਕੜ ਵਿਚ ਮਿਲਾ ਕੇ ਨੈੱਪਸੈਕ ਪੰਪ ਨਾਲ ਕਰੋ।
* ਸਿਫ਼ਾਰਸ਼ ਕੀਤੀਆਂ ਕੀੜੇਮਾਰ ਜ਼ਹਿਰਾਂ ਸਹੀ ਸਮੇਂ ’ਤੇ ਸਹੀ ਮਾਤਰਾ ਵਿੱਚ ਹੀ ਵਰਤੋ। ਕੀੜਿਆਂ ਦੀ ਅਸਰਦਾਰ ਰੋਕਥਾਮ ਲਈ ਬੂਟੇ ਦੇ ਉੱਪਰ ਤੋਂ ਹੇਠਾਂ ਤਕ ਸਾਰੇ ਪੱਤਿਆਂ ’ਤੇ ਛਿੜਕਾਅ ਪਹੁੰਚਣਾ ਬਹੁਤ ਜ਼ਰੂਰੀ ਹੈ।
* ਕੀਟਨਾਸ਼ਕਾਂ ਦੇ ਮਿਸ਼ਰਨ ਖ਼ੁਦ ਨਾ ਤਿਆਰ ਕਰੋ।
* ਚਿੱਟੀ ਮੱਖੀ ਦੇ ਫੈਲਾਅ ਨੂੰ ਰੋਕਣ ਲਈ ਬਿਜਾਈ ਤੋਂ ਪਹਿਲਾਂ ਖਾਲੀ ਥਾਵਾਂ, ਸੜਕਾਂ ਦੇ ਕਿਨਾਰਿਆਂ ਅਤੇ ਖਾਲਿਆਂ ਦੀਆਂ ਵੱਟਾਂ ਅਤੇ ਬੇਕਾਰ ਪਈ ਭੂਮੀ ਵਿੱਚੋਂ ਚਿੱਟੀ ਮੱਖੀ ਅਤੇ ਅਤੇ ਲੀਫ ਕਰਲ (ਪੱਤਾ ਮਰੋੜ) ਬਿਮਾਰੀ ਦੇ ਬਦਲਵੇਂ ਨਦੀਨ ਜਿਵੇਂ ਕਿ ਕੰਘੀ ਬੂਟੀ, ਪੀਲੀ ਬੂਟੀ, ਪੁੱਟਕੰਡਾ, ਧਤੂਰਾ, ਭੰਗ ਆਦਿ ਨੂੰ ਨਸ਼ਟ ਕਰੋ।
* ਨਰਮੇ ਤੋਂ ਇਲਾਵਾ ਚਿੱਟੀ ਮੱਖੀ ਦਾ ਹਮਲਾ ਹੋਰ ਫ਼ਸਲਾਂ ਜਿਵੇਂ ਕਿ ਬੈਂਗਣ, ਆਲੂ, ਟਮਾਟਰ, ਮਿਰਚਾਂ, ਮੂੰਗੀ ਆਦਿ ’ਤੇ ਵੀ ਪਾਇਆ ਜਾਂਦਾ ਹੈ। ਇਨ੍ਹਾਂ ਫ਼ਸਲਾਂ ਦਾ ਲਗਾਤਾਰ ਸਰਵੇਖਣ ਕਰੋ ਅਤੇ ਲੋੜ ਮੁਤਾਬਿਕ ਇਸ ਦੀ ਰੋਕਥਾਮ ਕਰੋ।
* ਘੱਟ ਲਾਗਤ ਵਾਲੇ ਪੀਲੇ ਕਾਰਡ 40 ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤਾਂ ਵਿਚ ਲਗਾਓ ਜੋ ਕਿ ਸ਼ੁਰੂਆਤੀ ਅਵਸਥਾ ਵਿਚ ਚਿੱਟੀ ਮੱਖੀ ਦੇ ਵਾਧੇ ਨੂੰ ਰੋਕਣ ਵਿਚ ਸਹਾਇਕ ਹਨ।
* ਚਿੱਟੀ ਮੱਖੀ ਦੀ ਰੋਕਥਾਮ ਲਈ ਛਿੜਕਾਅ ਉਸ ਸਮੇਂ ਸ਼ੁਰੂ ਕਰੋ ਜਦੋਂ ਬੂਟੇ ਦੇ ਉਪਰਲੇ ਹਿੱਸੇ ਵਿੱਚ ਸਵੇਰ ਨੂੰ 10 ਵਜੇ ਤੋਂ ਪਹਿਲਾਂ ਇਸ ਦੀ ਗਿਣਤੀ ਪ੍ਰਤੀ ਪੱਤਾ 6 ਹੋ ਜਾਵੇ।

Advertisement
Author Image

joginder kumar

View all posts

Advertisement
Advertisement
×