ਗਰਮੀਆਂ ਦੀਆਂ ਸਬਜ਼ੀਆਂ ਦੀ ਬਿਜਾਈ ਦਾ ਸਮਾਂ
ਡਾ. ਰਣਜੀਤ ਸਿੰਘ
ਅਸੀਂ ਹਰੇਕ ਵਾਰ ਸਬਜ਼ੀਆਂ ਦੀ ਕਾਸ਼ਤ ਦੀ ਸਿਫਾਰਸ਼ ਕਰਦੇ ਹਾਂ। ਗਰਮੀਆਂ ਦੀਆਂ ਸਬਜ਼ੀਆਂ ਦੀ ਕਾਸ਼ਤ ਦਾ ਹੁਣ ਢੁਕਵਾਂ ਸਮਾਂ ਹੈ। ਪੰਜਾਬ ਦਾ ਕੋਈ ਵੀ ਘਰ ਅਜਿਹਾ ਨਹੀਂ ਹੈ ਜਿੱਥੇ ਟਮਾਟਰ, ਬੈਂਗਣ ਅਤੇ ਮਿਰਚਾਂ ਦੀ ਵਰਤੋਂ ਨਾ ਕੀਤੀ ਜਾਂਦੀ ਹੋਵੇ । ਟਮਾਟਰਾਂ ਨੂੰ ਸਲਾਦ ਦੇ ਰੂਪ ਵਿੱਚ ਵੀ ਵਰਤਿਆ ਜਾਂਦਾ ਹੈ ਤੇ ਇਨ੍ਹਾਂ ਦੇ ਕਈ ਪਦਾਰਥ ਵੀ ਬਣਦੇ ਹਨ। ਕੋਈ ਵੀ ਅਜਿਹੀ ਸਬਜ਼ੀ ਨਹੀਂ ਹੈ ਜਿਸ ਵਿੱਚ ਇਨ੍ਹਾਂ ਦੀ ਵਰਤੋਂ ਨਾ ਕੀਤੀ ਜਾਂਦੀ ਹੋਵੇ। ਬੈਂਗਣ ਦੀ ਸਬਜ਼ੀ ਤਾਂ ਸਾਰਾ ਸਾਲ ਹੀ ਬਣਾਈ ਜਾਂਦੀ ਹੈ ਕਿਉਂਕਿ ਇਸ ਦੀਆਂ ਸਾਲ ਵਿੱਚ ਚਾਰ ਫ਼ਸਲਾਂ ਲਈਆਂ ਜਾ ਸਕਦੀਆਂ ਹਨ। ਮਿਰਚਾਂ ਵੀ ਪੰਜਾਬੀਆਂ ਦੀ ਖ਼ੁਰਾਕ ਦਾ ਅਨਿੱਖੜਵਾਂ ਅੰਗ ਹਨ। ਕੋਈ ਵੀ ਦਾਲ ਸਬਜ਼ੀ ਮਿਰਚਾਂ ਬਗੈਰ ਸੁਆਦੀ ਨਹੀਂ ਬਣਦੀ। ਸ਼ਿਮਲਾ ਮਿਰਚ ਦੀ ਪਨੀਰੀ ਪੁੱਟ ਕੇ ਲਗਾਉਣ ਦਾ ਵੀ ਇਹ ਢੁੱਕਵਾਂ ਸਮਾਂ ਹੈ । ਟਮਾਟਰ, ਬੈਂਗਣ ਅਤੇ ਮਿਰਚਾਂ ਦੀਆਂ ਦੋਗਲੀਆਂ ਕਿਸਮਾਂ ਵੀ ਵਿਕਸਤ ਹੋ ਗਈਆਂ ਹਨ ਜਿਨ੍ਹਾਂ ਦਾ ਝਾੜ ਵੱਧ ਹੈ। ਇਨ੍ਹਾਂ ਦੀ ਲੁਆਈ ਪਨੀਰੀ ਰਾਹੀਂ ਕੀਤੀ ਜਾਂਦੀ ਹੈ।
ਪੰਜਾਬ ਵਿਚ ਕਾਸ਼ਤ ਲਈ ਪੰਜਾਬ ਰੱਤਾ, ਪੰਜਾਬ ਉਪਮਾ, ਪੀ ਟੀ ਐੱਚ-2, ਪੰਜਾਬ ਵਰਖਾ ਬਹਾਰ-4, ਪੰਜਾਬ ਛੁਹਾਰਾ, ਪੰਜਾਬ ਐਨ ਆਰ 7 ਅਤੇ ਪੰਜਾਬ ਵਰਖਾ ਬਹਾਰ-1 ਟਮਾਟਰਾਂ ਦੀਆਂ ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ। ਪੀ.ਟੀ.ਐੱਚ-2 ਦੋਗਲੀ ਕਿਸਮ ਹੈ ਇਸ ਦਾ ਝਾੜ ਸਭ ਤੋਂ ਵੱਧ ਕੋਈ 270 ਕੁਇੰਟਲ ਪ੍ਰਤੀ ਏਕੜ ਹੈ। ਬੂਟੇ ਲਗਾਉਂਦੇ ਸਮੇਂ ਲਾਈਨਾਂ ਵਿਚਕਾਰ 75 ਸੈਂਟੀਮੀਟਰ ਤੇ ਬੂਟਿਆਂ ਵਿਚਕਾਰ 30 ਸੈਂਟੀਮੀਟਰ ਫ਼ਾਸਲਾ ਰੱਖਿਆ ਜਾਵੇ। ਬੈਂਗਣ ਤਿੰਨ ਸ਼ਕਲਾਂ ਦੇ ਹੁੰਦੇ ਹਨ ਲੰਬੇ, ਗੋਲ ਤੇ ਬੈਂਗਣੀ। ਪੰਜਾਬ ਨੀਲਮ, ਬੀ ਐੱਚ-2, ਪੀ ਬੀ ਐੱਚ ਆਰ-41 ਤੇ ਪੀ ਬੀ ਐੱਚ ਆਰ-42 ਗੋਲ ਬੈਂਗਣਾਂ ਦੀਆਂ ਕਿਸਮਾਂ ਹਨ। ਪੀ ਬੀ ਐੱਚ-5, ਪੰਜਾਬ ਰੌਣਕ, ਪੀ ਬੀ ਐੱਚ-4 ਪੰਜਾਬ ਹਿੰਮਤ ਅਤੇ ਪੀ ਬੀ ਐੱਚ-6 ਲੰਬੇ ਬੈਂਗਣਾਂ ਦੀਆਂ ਤੇ ਪੰਜਾਬ ਨਗੀਨਾ, ਪੰਜਾਬ ਭਰਪੂਰ ਤੇ ਪੀ ਬੀ ਐੱਚ-3 ਬੈਂਗਣੀ ਦੀਆਂ ਕਿਸਮਾਂ ਹਨ। ਬੂਟੇ ਲਗਾਉਣ ਸਮੇਂ ਲਾਈਨਾਂ ਵਿਚਕਾਰ 60 ਸੈਂਟੀਮੀਟਰ ਤੇ ਬੂਟਿਆਂ ਵਿਚਕਾਰ 40 ਸੈਂਟੀਮੀਟਰ ਫ਼ਾਸਲਾ ਰੱਖਿਆ ਜਾਵੇ।
ਸੀ ਐੱਚ-27, ਸੀ ਐੱਚ-3 ਤੇ ਸੀ ਐੱਚ-1 ਮਿਰਚਾਂ ਦੀਆਂ ਦੋਗਲੀਆਂ ਕਿਸਮਾਂ ਹਨ। ਪੰਜਾਬ ਤੇਜ਼, ਪੰਜਾਬ ਗੁੱਛੇਦਾਰ ਤੇ ਪੰਜਾਬ ਸੁਰਖ ਮਿਰਚਾਂ ਦੀਆਂ ਦੂਜੀਆਂ ਉੱਨਤ ਕਿਸਮਾਂ ਹਨ। ਇਨ੍ਹਾਂ ਦੇ ਬੂਟੇ ਲਗਾਉਂਦੇ ਸਮੇਂ ਲਾਈਨਾਂ ਵਿਚਕਾਰ 75 ਅਤੇ ਬੂਟਿਆਂ ਵਿਚਕਾਰ 45 ਸੈਂਟੀਮੀਟਰ ਫ਼ਾਸਲਾ ਰੱਖਿਆ ਜਾਵੇ। ਸ਼ਿਮਲਾ ਮਿਰਚ ਦੀ ਪਨੀਰੀ ਪੁੱਟ ਕੇ ਖੇਤ ਵਿੱਚ ਲਗਾਉਣ ਦਾ ਵੀ ਇਹ ਢੁੱਕਵਾਂ ਸਮਾਂ ਹੈ। ਪਨੀਰੀ ਲਗਾਉਂਦੇ ਸਮੇਂ ਬੂਟਿਆਂ ਵਿਚਕਾਰ 30 ਅਤੇ ਕਤਾਰਾਂ ਵਿਚਕਾਰ 60 ਸੈਂਟੀਮੀਟਰ ਦਾ ਫ਼ਾਸਲਾ ਰੱਖਿਆ ਜਾਵੇ । ਪੀ ਐੱਸ ਐੱਮ-1 ਉੱਨਤ ਕਿਸਮ ਹੈ।
ਸਾਰੀਆਂ ਸਬਜ਼ੀਆਂ ਦੀ ਪਨੀਰੀ ਲਗਾਉਣ ਪਿਛੋਂ ਤੁਰੰਤ ਪਾਣੀ ਦੇਣਾ ਜ਼ਰੂਰੀ ਹੈ। ਖੇਤ ਤਿਆਰ ਕਰਦੇ ਸਮੇਂ 10-15 ਟਨ ਰੂੜੀ ਵੀ ਜ਼ਰੂਰ ਪਾਈ ਜਾਵੇ। ਰਸਾਇਣਕ ਖਾਦਾਂ ਦੀ ਵਰਤੋਂ ਮਿੱਟੀ ਪਰਖ ਦੇ ਅਧਾਰ ਉੱਤੇ ਕੀਤੀ ਜਾ ਸਕਦੀ ਹੈ।
ਭਿੰਡੀ ਗਰਮੀਆਂ ਦੀ ਮਹੱਤਵਪੂਰਨ ਸਬਜ਼ੀ ਹੈ। ਇਸ ਦੀ ਬਿਜਾਈ ਦਾ ਵੀ ਹੁਣ ਢੁੱਕਵਾਂ ਸਮਾਂ ਹੈ। ਪੰਜਾਬ ਸੁਹਾਵਨੀ, ਪੰਜਾਬ-8, ਪੰਜਾਬ-7 ਅਤੇ ਪੰਜਾਬ ਪਦਮਨੀ ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ। ਇਕ ਏਕੜ ਲਈ ਕੋਈ 15 ਕਿਲੋ ਬੀਜ ਚਾਹੀਦਾ ਹੈ। ਬਿਜਾਈ ਤੋਂ ਪਹਿਲਾਂ ਬੀਜ ਨੂੰ 24 ਘੰਟਿਆਂ ਲਈ ਪਾਣੀ ਵਿੱਚ ਭਿਉਂਕੇ ਰੱਖੋ। ਬਿਜਾਈ ਵੱਟਾਂ ਉੱਤੇ ਕਰੋ। ਵੱਟਾਂ ਵਿਚਕਾਰ 45 ਸੈਂਟੀਮੀਟਰ ਅਤੇ ਬੂਟਿਆਂ ਵਿਚਕਾਰ 15 ਸੈਂਟੀਮੀਟਰ ਦਾ ਫ਼ਾਸਲਾ ਰੱਖੋ। ਜਿਵੇਂ ਪਹਿਲਾਂ ਵੀ ਦੱਸਿਆ ਹੈ ਸਬਜ਼ੀਆਂ ਲਈ ਦੇਸੀ ਰੂੜੀ ਬਹੁਤ ਜ਼ਰੂਰੀ ਹੈ। ਘੱਟੋ-ਘੱਟ 15 ਟਨ ਰੂੜੀ ਪ੍ਰਤੀ ਏਕੜ ਜ਼ਰੂਰ ਪਾਵੋ। ਇਸ ਤੋਂ ਇਲਾਵਾ ਬਿਜਾਈ ਵੇਲੇ 40 ਕਿਲੋ ਯੂਰੀਆ ਪ੍ਰਤੀ ਏਕੜ ਪਾਵੋ। ਲੋਬੀਆ ਗਰਮੀਆਂ ਦੀ ਇੱਕ ਹੋਰ ਸਬਜ਼ੀ ਹੈ। ਕਾਉਪੀਜ਼ 263 ਇਸ ਦੀ ਉੱਨਤ ਕਿਸਮ ਹੈ। ਇੱਕ ਏਕੜ ਵਿੱਚ 10 ਕਿਲੋ ਬੀਜ ਪਾਵੋ। ਬਿਜਾਈ ਸਮੇਂ ਲਾਈਨਾਂ ਵਿਚਕਾਰ 45 ਸੈਂਟੀਮੀਟਰ ਅਤੇ ਬੂਟਿਆਂ ਵਿਚਕਾਰ 15 ਸੈਂਟੀਮੀਟਰ ਦਾ ਫ਼ਾਸਲਾ ਰੱਖੋ। ਇੱਕ ਏਕੜ ਵਿਚ 45 ਕਿਲੋ ਯੂਰੀਆ, 100 ਕਿਲੋ ਸੁਪਰਫ਼ਾਸਫ਼ੇਟ ਅਤੇ 16 ਕਿਲੋ ਮਿਊਰੇਟ ਆਫ਼ ਪੋਟਾਸ਼ ਪਾਓ।
ਮੂਲੀ ਦੀ ਬਿਜਾਈ ਸਾਰਾ ਸਾਲ ਹੀ ਕੀਤੀ ਜਾ ਸਕਦੀ ਹੈ। ਹੁਣ ਦੀ ਬਿਜਾਈ ਲਈ ਪੂਸਾ ਹਿਮਾਨੀ ਅਤੇ ਪੰਜਾਬ ਪਸੰਦ ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਪਾਲਕ ਦੀ ਬਿਜਾਈ ਲਈ ਵੀ ਇਹ ਢੁੱਕਵਾਂ ਸਮਾਂ ਹੈ। ਪੰਜਾਬ ਗਰੀਨ ਸਿਫ਼ਾਰਸ਼ ਕੀਤੀ ਕਿਸਮ ਹੈ। ਇੱਕ ਏਕੜ ਲਈ ਘੱਟੋ-ਘੱਟ 10 ਕਿਲੋ ਬੀਜ ਪਾਵੋ। ਬਿਜਾਈ ਸਮੇਂ ਲਾਈਨਾਂ ਵਿਚਕਾਰ 20 ਸੈਂਟੀਮੀਟਰ ਦਾ ਫ਼ਾਸਲਾ ਰੱਖੋ। ਬੀਜ ਨੂੰ 3-4 ਸੈਂਟੀਮੀਟਰ ਡੂੰਘਾ ਬੀਜੋ। ਦਸ ਟਨ ਰੂੜੀ ਪ੍ਰਤੀ ਏਕੜ ਪਾਉਣ ਦੇ ਨਾਲੋ ਨਾਲ 35 ਕਿਲੋ ਯੂਰੀਆ, 75 ਕਿਲੋ ਸੁਪਰਫ਼ਾਸਫ਼ੇਟ ਪਾਵੋ। ਜੇ ਲੋੜ ਹੋਵੇ ਤਾਂ ਪਹਿਲੀ ਕਟਾਈ ਪਿਛੋਂ ਮੁੜ 20 ਕਿਲੋ ਯੂਰੀਆ ਪ੍ਰਤੀ ਏਕੜ ਪਾਵੋ। ਬਿਜਾਈ ਤੋਂ ਤੁਰੰਤ ਪਿੱਛੋਂ ਪਾਣੀ ਦੇਵੋ। ਇਕ ਮਹੀਨੇ ਪਿਛੋਂ ਪਹਿਲੀ ਕਟਾਈ ਕੀਤੀ ਜਾ ਸਕਦੀ ਹੈ। ਸਾਰੀਆਂ ਸਬਜ਼ੀਆਂ ਵਿੱਚ ਨਦੀਨਾਂ ਦੀ ਰੋਕਥਾਮ ਲਈ ਗੋਡੀ ਕਰੋ। ਨਦੀਨ ਨਾਸ਼ਕਾਂ ਦੀ ਵਰਤੋਂ ਘੱਟ ਤੋਂ ਘੱਟ ਕਰਨੀ ਚਾਹੀਦੀ ਹੈ।
ਪੰਜਾਬ ਵਿੱਚ ਸਬਜ਼ੀਆਂ ਹੇਠ ਬਹੁਤ ਘੱਟ ਰਕਬਾ ਹੈ। ਇਹ ਵੇਖਣ ਵਿੱਚ ਆਇਆ ਹੈ ਕਿ ਸਾਡੇ ਕਿਸਾਨ ਵੀਰ ਬਹੁਤ ਘੱਟ ਸਬਜ਼ੀਆਂ ਦੀ ਕਾਸ਼ਤ ਕਰਦੇ ਹਨ। ਜੇਕਰ ਮੰਡੀ ਲਈ ਨਹੀਂ ਤਾਂ ਘੱਟੋ-ਘੱਟ ਘਰ ਦੀ ਲੋੜ ਪੂਰੀ ਕਰਨ ਲਈ ਸਬਜ਼ੀਆਂ ਦੀ ਕਾਸ਼ਤ ਜਰੂਰ ਕੀਤੀ ਜਾਵੇ। ਸਬਜ਼ੀਆਂ ਵਿੱਚ ਬਹੁਤ ਸਾਰੇ ਖ਼ੁਰਾਕੀ ਤੱਤ ਹੁੰਦੇ ਹਨ ਜਿਹੜੇ ਸਰੀਰ ਦੀ ਤੰਦਰੁਸਤੀ ਲਈ ਬਹੁਤ ਜ਼ਰੂਰੀ ਹਨ ਪਰ ਇਹ ਖ਼ੁਰਾਕੀ ਤੱਤ ਜ਼ਹਿਰਾਂ ਰਹਿਤ ਤੇ ਤਾਜ਼ੀਆਂ ਸਬਜ਼ੀਆਂ ਤੋਂ ਹੀ ਪ੍ਰਾਪਤ ਹੋ ਸਕਦੇ ਹਨ । ਇਨ੍ਹਾਂ ਸਬਜ਼ੀਆਂ ਦਾ ਇਹ ਫਾਇਦਾ ਹੈ ਕਿ ਇਕ ਵਾਰ ਲਗਾਈਆਂ ਵੇਲਾਂ ਕਈ ਮਹੀਨੇ ਸਬਜ਼ੀ ਦਿੰਦੀਆਂ ਰਹਿੰਦੀਆਂ ਹਨ। ਕੱਦੂ ਜਾਤੀ ਦੀਆਂ ਸਬਜ਼ੀਆਂ ਵਿਚ ਘੀਆ ਕੱਦੂ, ਚੱਪਣ ਕੱਦੂ, ਹਲਵਾ ਕੱਦੂ, ਕਰੇਲਾ ਅਤੇ ਘੀਆ ਤੋਰੀ ਪ੍ਰਮੁੱਖ ਹਨ। ਪੰਜਾਬ ਚੱਪਣ ਕੱਦੂ-1, ਚੱਪਣ ਕੱਦੂ ਦੀ, ਪੀ ਬੀ ਐੱਚ-1, ਪੀ ਏ ਯੂ ਮਗਜ਼ ਕੱਦੂ-1 ਅਤੇ ਪੰਜਾਬ ਸਮਰਾਟ ਹਲਵਾ ਕੱਦੂ ਦੀਆਂ ਪੰਜਾਬ ਬਰਕਤ, ਪੰਜਾਬ ਬਹਾਰ, ਪੰਜਾਬ ਲੌਂਗ ਤੇ ਪੰਜਾਬ ਕੋਮਲ ਘੀਆ ਕੱਦੂ ਦੀਆਂ ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ। ਪੰਜਾਬ ਕਰੇਲੀ-1, ਪੰਜਾਬ-14, ਪੰਜਾਬ ਕਰੇਲਾ-15, ਕਰੇਲੇ ਦੀਆਂ, ਪੰਜਾਬ ਝਾੜ ਕਰੇਲਾ-1 ਝਾੜ ਕਰੇਲੇ ਦੀ, ਪੰਜਾਬ ਨਿਖਾਰ, ਪੰਜਾਬ ਕਾਲੀ ਤੋਰੀ-9 ਤੇ ਪੂਸਾ ਚਿਕਨੀ ਘੀਆ ਤੋਰੀ ਦੀਆਂ ਕਿਸਮਾਂ ਹਨ । ਸਾਰੀਆਂ ਸਬਜ਼ੀਆਂ ਲਈ ਦੋ ਕਿਲੋ ਬੀਜ ਪ੍ਰਤੀ ਏਕੜ ਪਾਇਆ ਜਾਵੇ ਪਰ ਹਲਵਾ ਕੱਦੂ ਲਈ ਇੱਕ ਕਿਲੋ ਬੀਜ ਹੀ ਕਾਫ਼ੀ ਹੈ। ਕਰੇਲਾ ਅਤੇ ਚੱਪਣ ਕੱਦੂ ਲਈ 1½ ਮੀਟਰ ਚੌੜੀਆਂ, ਘੀਆ ਕੱਦੂ ਲਈ ਦੋ ਮੀਟਰ, ਹਲਵਾ ਕੱਦੂ ਅਤੇ ਘੀਆ ਤੋਰੀ ਲਈ ਤਿੰਨ ਮੀਟਰ ਚੌੜੀਆਂ ਕਿਆਰੀਆਂ ਬਣਾਵੋ। ਕਿਆਰੀਆਂ ਦੇ ਦੋਵੇਂ ਪਾਸੇ ਬੀਜ ਬੀਜੇ ਜਾਣ ਤੇ ਇੱਕ ਥਾਂ ਦੋ ਬੀਜ ਬੀਜੋ । ਖੇਤ ਵਿੱਚ ਰੂੜੀ ਪਾਉਣੀ ਜ਼ਰੂਰੀ ਹੈ। ਰਸਾਇਣਕ ਖਾਦਾਂ ਦੀ ਵਰਤੋਂ ਮਿੱਟੀ ਪਰਖ ਦੀਆਂ ਸਿਫ਼ਾਰਸਾਂ ਅਨੁਸਾਰ ਹੀ ਕਰਨੀ ਚਾਹੀਦੀ ਹੈ ।ਤਰ ਅਤੇ ਖੀਰਾ ਦੋ ਹੋਰ ਵੇਲਾਂ ਵਾਲੀਆਂ ਸਬਜ਼ੀਆਂ ਹਨ ਪਰ ਇਨ੍ਹਾਂ ਦੀ ਵਰਤੋਂ ਸਲਾਦ ਦੇ ਰੂਪ ਵਿੱਚ ਕੀਤੀ ਜਾਂਦੀ ਹੈ। ਪੰਜਾਬ ਲੌਂਗ ਮੈਲਨ-1 ਤਰ ਦੀ ਅਤੇ ਪੰਜਾਬ ਨਵੀਨ ਪੀ ਕੇ ਐੱਚ-11 ਤੇ ਪੰਜਾਬ ਖੀਰਾ-1 ਖੀਰੇ ਦੀਆਂ ਉੱਨਤ ਕਿਸਮਾਂ ਹਨ। ਇੱਕ ਕਿਲੋ ਬੀਜ ਇਕ ਏਕੜ ਦੀ ਬਿਜਾਈ ਲਈ ਕਾਫ਼ੀ ਹੈ। ਇਨ੍ਹਾਂ ਦੀ ਬਿਜਾਈ ਲਈ 2½ ਮੀਟਰ ਚੌੜੀਆਂ ਕਿਆਰੀਆਂ ਬਣਾਵੋ। ਬਿਜਾਈ ਅਤੇ ਖਾਦਾਂ ਦੀ ਵਰਤੋਂ ਦੂਜੀਆਂ ਸਬਜ਼ੀਆਂ ਵਾਂਗ ਹੀ ਕੀਤੀ ਜਾਵੇ । ਟੀਂਡਾ ਇੱਕ ਹੋਰ ਵੇਲਾਂ ਵਾਲੀ ਗਰਮੀਆਂ ਦੀ ਮੁੱਖ ਸਬਜ਼ੀ ਹੈ। ਟੀਂਡਾ 48 ਅਤੇ ਪੰਜਾਬ ਟੀਂਡਾ-1 ਇਸ ਦੀਆਂ ਉੱਨਤ ਕਿਸਮਾਂ ਹਨ। ਇਕ ਏਕੜ ਲਈ 1½ ਕਿਲੋ ਬੀਜ ਚਾਹੀਦਾ ਹੈ। ਟੀਂਡੇ ਲਈ ਖੇਲਾਂ ਵਿਚਕਾਰ 1½ ਮੀਟਰ ਫ਼ਾਸਲਾ ਰੱਖਿਆ ਜਾਵੇ । ਇਸੇ ਲੜੀ ਵਿੱਚ ਪੇਠਾ ਇੱਕ ਹੋਰ ਸਬਜ਼ੀ ਹੈ। ਇਸ ਦੀ ਵਰਤੋਂ ਮਠਿਆਈ ਅਤੇ ਵੜੀਆਂ ਬਣਾਉਣ ਲਈ ਕੀਤੀ ਜਾਂਦੀ ਹੈ । ਪੀ.ਏ.ਜੀ-3 ਉੱਨਤ ਕਿਸਮ ਹੈ। ਇਸ ਤੋਂ ਕੋਈ 120 ਕੁਇੰਟਲ ਪੇਠੇ ਪ੍ਰਤੀ ਏਕੜ ਪ੍ਰਾਪਤ ਹੋ ਜਾਂਦੇ ਹਨ । ਇੱਕ ਏਕੜ ਲਈ ਦੋ ਕਿਲੋ ਬੀਜ ਜਿਸ ਦੀ ਬਿਜਾਈ ਤਿੰਨ ਮੀਟਰ ਫ਼ਾਸਲੇ ਤੇ ਬਣਾਈਆਂ ਖੇਲਾਂ ਦੇ ਦੋਵੇਂ ਪਾਸੇ ਕਰੋ । ਇਕ ਥਾਂ ਦੋ ਬੀਜ ਬੀਜੋ । ਨਦੀਨਾਂ ਦੀ ਰੋਕਥਾਮ ਲਈ ਗੋਡੀ ਕਰਨੀ ਜ਼ਰੂਰੀ ਹੈ । ਖੇਤ ਵਿੱਚ ਰੋਜ਼ ਗੇੜਾ ਜ਼ਰੂਰ ਮਾਰਿਆ ਜਾਵੇ। ਜੇਕਰ ਕਿਸੇ ਕੀੜੇ ਜਾਂ ਬਿਮਾਰੀ ਦਾ ਹਮਲਾ ਨਜ਼ਰ ਆਵੇ ਤਾਂ ਸ਼ੁਰੂ ਵਿੱਚ ਹੀ ਇਨ੍ਹਾਂ ਨੂੰ ਕਾਬੂ ਕਰੋ। ਸਬਜ਼ੀਆਂ ਉੱਤੇ ਜ਼ਹਿਰਾਂ ਦੀ ਵਰਤੋਂ ਘੱਟ ਤੋਂ ਘੱਟ ਕੀਤੀ ਜਾਵੇ। ਜੇਕਰ ਲੋੜ ਪਵੇ ਤਾਂ ਕੇਵਲ ਸਿਫ਼ਾਰਸ਼ ਕੀਤੀ ਜ਼ਹਿਰ ਅਤੇ ਸਿਫ਼ਾਰਸ਼ ਕੀਤੀ ਮਾਤਰਾ ਵਿੱਚ ਹੀ ਵਰਤੋਂ ਕੀਤੀ ਜਾਵੇ। ਜ਼ਹਿਰਾਂ ਦੀ ਵਰਤੋਂ ਪਿਛੋਂ ਉਤਨੇ ਦਿਨ ਸਬਜ਼ੀ ਨਾ ਤੋੜੀ ਜਾਵੇ ਜਿਤਨੇ ਦਿਨਾਂ ਦੀ ਹਿਦਾਇਤ ਕੀਤੀ ਗਈ ਹੋਵੇ। ਅਸੀਂ ਉਮੀਦ ਕਰਦੇ ਹਾਂ ਕਿ ਇਸ ਵਾਰ ਤੁਸੀਂ ਘੱਟੋ-ਘੱਟ ਘਰ ਦੀ ਵਰਤੋਂ ਲਈ ਸਬਜ਼ੀਆਂ ਦੀ ਕਾਸ਼ਤ ਜ਼ਰੂਰ ਕਰੋਗੇ । ਇਸ ਤਰ੍ਹਾਂ ਤੁਸੀਂ ਸੰਤੁਲਿਤ ਭੋਜਨ ਖਾ ਸਕੋਗੇ ਕਿਉਂਕਿ ਹੁਣ ਪੰਜਾਬੀਆਂ ਵਿੱਚ ਵੀ ਕਈ ਕਮੀਆਂ ਸਾਹਮਣੇ ਆਉਣ ਲੱਗ ਪਈਆਂ ਹਨ।