ਇਜ਼ਰਾਈਲ ਦੀ ਜ਼ੋਰਦਾਰ ਬੰਬਾਰੀ ਨਾਲ ਕੰਬਿਆ ਦੱਖਣੀ ਗਾਜ਼ਾ
ਗਾਜ਼ਾ, 2 ਦਸੰਬਰ
ਇਜ਼ਰਾਇਲੀ ਜੈੱਟਾਂ ਅਤੇ ਤੋਪਾਂ ਵੱਲੋਂ ਗਾਜ਼ਾ ਪੱਟੀ ਦੇ ਦੱਖਣੀ ਖ਼ਾਨ ਯੂਨਿਸ ’ਚ ਜ਼ੋਰਦਾਰ ਬੰਬਾਰੀ ਕੀਤੀ ਗਈ। ਇਜ਼ਰਾਇਲੀ ਫ਼ੌਜ ਦੇ ਨਿਸ਼ਾਨੇ ’ਤੇ ਮਸਜਿਦਾਂ ਅਤੇ ਘਰ ਆਏ ਅਤੇ ਇਕ ਹਸਪਤਾਲ ਨੇੜੇ ਵੀ ਹਮਲਾ ਹੋਇਆ। ਇਜ਼ਰਾਈਲ ਅਤੇ ਹਮਾਸ ਵਿਚਕਾਰ ਸ਼ੁੱਕਰਵਾਰ ਨੂੰ ਜੰਗਬੰਦੀ ਦੀ ਮਿਆਦ ਖ਼ਤਮ ਹੋਣ ਮਗਰੋਂ ਇਜ਼ਰਾਈਲ ਨੇ ਗਾਜ਼ਾ ’ਚ ਮੁੜ ਹਮਲੇ ਸ਼ੁਰੂ ਕਰ ਦਿੱਤੇ ਹਨ। ਗਾਜ਼ਾ ਸਿਹਤ ਮੰਤਰਾਲੇ ਨੇ ਕਿਹਾ ਕਿ ਸ਼ੁੱਕਰਵਾਰ ਸਵੇਰੇ ਜੰਗਬੰਦੀ ਖ਼ਤਮ ਹੋਣ ਮਗਰੋਂ ਇਜ਼ਰਾਈਲ ਵੱਲੋਂ ਕੀਤੇ ਗਏ ਹਮਲਿਆਂ ’ਚ 193 ਫਲਸਤੀਨੀ ਹਲਾਕ ਅਤੇ 650 ਤੋਂ ਜ਼ਿਆਦਾ ਜ਼ਖ਼ਮੀ ਹੋ ਗਏ ਹਨ। ਉਨ੍ਹਾਂ ਕਿਹਾ ਕਿ ਜੰਗ ਸ਼ੁਰੂ ਹੋਣ ਤੋਂ ਬਾਅਦ 15,200 ਤੋਂ ਵਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਿਨ੍ਹਾਂ ’ਚੋਂ 70 ਫ਼ੀਸਦੀ ਬੱਚੇ ਅਤੇ ਔਰਤਾਂ ਸ਼ਾਮਲ ਹਨ। ਇੰਟਰਨੈਸ਼ਨਲ ਰੈੱਡ ਕਰਾਸ ਦੇ ਮੁਖੀ ਰੌਬਰਟ ਮਾਰਦੀਨੀ ਨੇ ਦੁਬਈ ’ਚ ਕਿਹਾ ਕਿ ਹੁਣ ਜੰਗ ਹੋਰ ਤਿੱਖੀ ਹੋ ਗਈ ਹੈ। ਇਜ਼ਰਾਈਲ ਅਤੇ ਹਮਾਸ ਨੇ ਇਕ-ਦੂਜੇ ’ਤੇ ਜੰਗਬੰਦੀ ਸਮਝੌਤਾ ਤੋੜਨ ਦੇ ਦੋਸ਼ ਲਾਏ ਹਨ। ਸਿਹਤ ਅਧਿਕਾਰੀਆਂ ਨੇ ਕਿਹਾ ਕਿ ਦੀਰ ਅਲ-ਬਾਲਾਹ ਸ਼ਹਿਰ ’ਚ ਹਵਾਈ ਹਮਲੇ ਦੌਰਾਨ ਬੱਚਿਆਂ ਸਮੇਤ 9 ਫਲਸਤੀਨੀ ਮਾਰੇ ਗਏ। ਉੱਤਰੀ ਗਾਜ਼ਾ ’ਚ ਜੰਗ ਕਾਰਨ ਘਰੋਂ ਉਜੜੇ ਹੋਏ ਵੱਡੀ ਗਿਣਤੀ ਫਲਸਤੀਨੀਆਂ ਨੇ ਖ਼ਾਨ ਯੂਨਿਸ ਅਤੇ ਰਾਫ਼ਾਹ ’ਚ ਡੇਰੇ ਲਾਏ ਹੋਏ ਹਨ। ਹੁਣ ਉਨ੍ਹਾਂ ਨੂੰ ਖ਼ਦਸ਼ਾ ਹੈ ਕਿ ਇਜ਼ਰਾਇਲੀ ਫ਼ੌਜ ਦੱਖਣ ਵਾਲੇ ਪਾਸੇ ਹਮਲੇ ਕਰੇਗੀ। ਇਜ਼ਰਾਇਲੀ ਜੈੱਟਾਂ ਨੇ ਸ਼ਨਿਚਰਵਾਰ ਸਵੇਰੇ ਖ਼ਾਨ ਯੂਨਿਸ ਦੇ ਨਾਸਿਰ ਹਸਪਤਾਲ ਨੇੜਲੇ ਇਲਾਕਿਆਂ ’ਚ ਛੇ ਵਾਰ ਜ਼ੋਰਦਾਰ ਬੰਬਾਰੀ ਕੀਤੀ। ਹਸਪਤਾਲ ’ਚ ਹਜ਼ਾਰਾਂ ਲੋਕਾਂ ਨੇ ਪਨਾਹ ਲਈ ਹੋਈ ਹੈ ਅਤੇ ਸੈਂਕੜੇ ਜ਼ਖ਼ਮੀ ਲੋਕ ਦਾਖ਼ਲ ਹਨ। ਇਜ਼ਰਾਇਲੀ ਫ਼ੌਜ ਨੇ ਕਿਹਾ ਕਿ ਪਿਛਲੇ 24 ਘੰਟਿਆਂ ਦੌਰਾਨ ਜ਼ਮੀਨੀ, ਹਵਾਈ ਅਤੇ ਜਲ ਸੈਨਿਕਾਂ ਵੱਲੋਂ ਕੀਤੇ ਗਏ ਹਮਲਿਆਂ ’ਚ ਦਹਿਸ਼ਤਗਰਦਾਂ ਦੇ 400 ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਕਈ ਹਮਾਸ ਲੜਾਕੇ ਮਾਰੇ ਗਏ ਹਨ। ਇਜ਼ਰਾਈਲ ਵੱਲੋਂ ਖ਼ਾਨ ਯੂਨਿਸ ਦੇ ਪੂਰਬੀ ਇਲਾਕਿਆਂ ’ਚ ਪਰਚੇ ਸੁੱਟ ਕੇ ਲੋਕਾਂ ਨੂੰ ਚਾਰ ਕਸਬੇ ਖਾਲੀ ਕਰਨ ਦੇ ਹੁਕਮ ਦਿੱਤੇ ਹਨ। ਇਸਲਾਮਿਕ ਜਹਾਦ ਦੇ ਹਥਿਆਰਬੰਦ ਧੜੇ ਅਲ-ਕੁਦਸ ਬ੍ਰਿਗੇਡ ਨੇ ਕਿਹਾ ਕਿ ਉਨ੍ਹਾਂ ਦੇ ਲੜਾਕਿਆਂ ਨੇ ਕਿਸੂਫਿਕ ’ਚ ਇਜ਼ਰਾਇਲੀ ਫ਼ੌਜ ’ਤੇ ਮੋਰਟਾਰ ਦਾਗ਼ੇ ਹਨ। -ਰਾਇਟਰਜ਼