ਦੱਖਣੀ ਕੋਰੀਆ: ਜਹਾਜ਼ ਹਾਦਸੇ ਦੀ ਜਾਂਚ ਵਿੱਚ ਜੁਟੇ ਅਧਿਕਾਰੀ
ਸਿਓਲ, 30 ਦਸੰਬਰ
ਦੱਖਣੀ ਕੋਰੀਆ ਦੇ ਅਧਿਕਾਰੀ ਬੀਤੇ ਦਿਨ ਮੁਆਨ ਕੌਮਾਂਤਰੀ ਹਵਾਈ ਅੱਡੇ ’ਤੇ ਵਾਪਰੇ ਜਹਾਜ਼ ਹਾਦਸੇ ਦੀ ਜਾਂਚ ਵਿੱਚ ਵਿੱਚ ਜੁਟ ਗਏ ਹਨ। ਇਸ ਹਾਦਸੇ ਵਿੱਚ 179 ਲੋਕਾਂ ਦੀ ਜਾਨ ਚਲੀ ਗਈ ਹੈ। ਅਧਿਕਾਰੀਆਂ ਨੇ ਕਿਹਾ ਕਿ ਦੇਸ਼ ਦੀਆਂ ਏਅਰਲਾਈਨਾਂ ਵੱਲੋਂ ਚਲਾਏ ਜਾਂਦੇ ਸਾਰੇ ਬੋਇੰਗ 737-800 ਜਹਾਜ਼ਾਂ ਵਿੱਚ ਸੁਰੱਖਿਆ ਦੀ ਜਾਂਚ ਕੀਤੀ ਜਾਵੇਗੀ। ਇਹ ਪਿਛਲੇ ਕਈ ਦਹਾਕਿਆਂ ਦੌਰਾਨ ਵਾਪਰੇ ਜਹਾਜ਼ ਹਾਦਸਿਆਂ ਵਿੱਚ ਸਭ ਤੋਂ ਭਿਆਨਕ ਸੀ ਜਿਸ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਅਤੇ ਲੋਕ ਡੂੰਘੇ ਸਦਮੇ ਵਿੱਚ ਹਨ।
ਇਸ ਦੌਰਾਨ ਏਅਰਲਾਈਨ ‘ਜੇਜੂ ਏਅਰ’ ਦੇ ਇੱਕ ਅਧਿਕਾਰੀ ਨੇ ਬਿਆਨ ਰਾਹੀਂ ਇਸ ਹਾਦਸੇ ਵਿੱਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਤੋਂ ਮੁਆਫ਼ੀ ਮੰਗੀ ਹੈ। ਉਧਰ, ਦੇਸ਼ ਦੀ ਵਿਰੋਧੀ ਧਿਰ ਡੈਮੋਕਰੈਟਿਕ ਪਾਰਟੀ ਦੇ ਆਗੂ ਲੀ ਜੇਈ-ਮਿਯੁੰਗ ਵੀ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲੇ ਅਤੇ ਦੁੱਖ ਸਾਂਝਾ ਕੀਤਾ। ਜਹਾਜ਼ ਹਾਦਸੇ ਦੀ ਇਹ ਘਟਨਾ ਅਜਿਹੇ ਸਮੇਂ ਵਾਪਰੀ ਹੈ ਜਦੋਂ ਦੇਸ਼ ’ਚ ਕਾਨੂੰਨ ਲਾਗੂ ਕਰਵਾਉਣ ਵਾਲੇ ਅਧਿਕਾਰੀਆਂ ਨੇ ਮਹਾ-ਦੋਸ਼ ਦਾ ਸਾਹਮਣਾ ਕਰ ਰਹੇ ਰਾਸ਼ਟਰਪਤੀ ਯੂਨ ਸੁਕ ਯਿਓਲ ਨੂੰ ਹਿਰਾਸਤ ਵਿੱਚ ਲੈਣ ਲਈ ਅੱਜ ਅਦਾਲਤੀ ਵਾਰੰਟ ਜਾਰੀ ਕਰਨ ਦੀ ਗੁਜ਼ਾਰਿਸ਼ ਕੀਤੀ ਹੈ। ਕਈ ਲੋਕਾਂ ਨੂੰ ਚਿੰਤਾ ਹੈ ਕਿ ਸਿਆਸੀ ਸੰਕਟ ਨਾਲ ਜੂਝ ਰਹੇ ਦੇਸ਼ ਵਿੱਚ ਸਰਕਾਰ ਇਸ ਹਾਦਸੇ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕਿਵੇਂ ਨਜਿੱਠੇਗੀ। ਇਸ ਦੌਰਾਨ ਨਵੇਂ ਕਾਰਜਕਾਰੀ ਰਾਸ਼ਟਰਪਤੀ ਚੋਈ ਸਾਂਗ-ਮੌਕ ਨੇ ਅੱਜ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਆਵਾਜਾਈ ਮੰਤਰਾਲੇ ਤੇ ਪੁਲੀਸ ਨੂੰ ਜਹਾਜ਼ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰਨ ਦਾ ਨਿਰਦੇਸ਼ ਦਿੱਤਾ। ਜ਼ਿਕਰਯੋਗ ਹੈ ਕਿ ਕਿਫਾਇਤੀ ਹਵਾਈ ਸਫਰ ਦੀ ਸਹੂਲਤ ਦੇਣ ਵਾਲੀ ਦੱਖਣੀ ਕੋਰਿਆਈ ਜਹਾਜ਼ ਕੰਪਨੀ ‘ਜੇਜੂ ਏਅਰ’ ਦਾ ਬੋਇੰਗ 737-800 ਜਹਾਜ਼ ਮੁਆਨ ਕੌਮਾਂਤਰੀ ਹਵਾਈ ਅੱਡੇ ’ਤੇ ਰਨਵੇਅ ਤੋਂ ਫਿਸਲ ਕੇ ਕੰਧ ਨਾਲ ਟਕਰਾਅ ਗਿਆ ਸੀ। -ਏਪੀ