ਦੱਖਣੀ ਅਫਰੀਕਾ ਨੇ ਭਾਰਤ ਨੂੰ ਪਾਰੀ ਤੇ 32 ਦੌੜਾਂ ਨਾਲ ਹਰਾ ਕੇ ਪਹਿਲਾ ਟੈਸਟ ਜਿੱਤਿਆ
ਸੈਂਚੁਰੀਅਨ, 28 ਦਸੰਬਰ
ਡੀਨ ਐਲਗਰ ਦੇ ਸੈਂਕੜੇ ਅਤੇ ਮਾਰਕੋ ਜਾਨਸਨ ਨਾਲ ਉਸ ਦੀ ਭਾਈਵਾਲੀ ਤੋਂ ਬਾਅਦ ਨਾਂਦਰੇ ਬਰਗਰ ਦੀ ਅਗਵਾਈ ਹੇਠ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਦੱਖਣੀ ਅਫਰੀਕਾ ਨੇ ਅੱਜ ਇੱਥੇ ਪਹਿਲੇ ਟੈਸਟ ਕ੍ਰਿਕਟ ਮੁਕਾਬਲੇ ਦੇ ਤੀਜੇ ਦਿਨ ਭਾਰਤ ਨੂੰ ਪਾਰੀ ਅਤੇ 32 ਦੌੜਾਂ ਨਾਲ ਹਰਾ ਕੇ ਦੋ ਮੈਚਾਂ ਦੀ ਲੜੀ ਵਿੱਚ 1-0 ਨਾਲ ਲੀਡ ਲੈ ਲਈ ਹੈ। ਪਹਿਲੀ ਪਾਰੀ ’ਚ 163 ਦੌੜਾਂ ਨਾਲ ਪੱਛੜਨ ਤੋਂ ਬਾਅਦ ਭਾਰਤ ਦੂਜੀ ਪਾਰੀ ਵਿੱਚ ਬਰਗਰ (33 ਦੌੜਾਂ ਦੇ ਕੇ ਚਾਰ ਵਿਕਟਾਂ), ਜਾਨਸਨ (36 ਦੌੜਾਂ ਦੇ ਕੇ ਤਿੰਨ ਵਿਕਟਾਂ) ਅਤੇ ਕਾਗਿਸੋ ਰਬਾਡਾ (32 ਦੌੜਾਂ ਦੇ ਕੇ ਦੋ ਵਿਕਟਾਂ) ਦੀ ਗੇਂਦਬਾਜ਼ੀ ਸਾਹਮਣੇ ਸਿਰਫ 34.1 ਓਵਰਾਂ ’ਚ 131 ਦੌੜਾਂ ’ਤੇ ਢੇਰ ਹੋ ਗਿਆ। ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਨੇ ਸਲਾਮੀ ਬੱਲੇਬਾਜ਼ ਐਲਗਰ (287 ਗੇਂਦਾਂ ’ਚ 185 ਦੌੜਾਂ) ਅਤੇ ਜਾਨਸਨ (147 ਗੇਂਦਾਂ ’ਚ ਨਾਬਾਦ 84 ਦੌੜਾਂ) ਵਿਚਾਲੇ ਛੇਵੀਂ ਵਿਕਟ ਲਈ 111 ਦੌੜਾਂ ਦੀ ਭਾਈਵਾਲੀ ਨਾਲ ਪਹਿਲੀ ਪਾਰੀ ਵਿੱਚ 408 ਦੌੜਾਂ ਬਣਾਈਆਂ ਸਨ। ਭਾਰਤ ਨੇ ਪਹਿਲੀ ਪਾਰੀ ਵਿੱਚ 245 ਦੌੜਾਂ ਬਣਾਈਆਂ ਸਨ। ਦੂਜਾ ਟੈਸਟ 3 ਜਨਵਰੀ ਤੋਂ ਕੇਪਟਾਊਨ ’ਚ ਖੇਡਿਆ ਜਾਵੇਗਾ। -ਪੀਟੀਆਈ